ਪਹਾੜਾਂ ਵਿਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਪੰਜਾਬ 'ਤੇ ਹੜ੍ਹਾਂ ਦਾ ਖ਼ਤਰਾ ਮੰਡਰਾਉਣ ਲੱਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਖੜਾ ਡੈਮ ਤੋਂ ਦੂਜੇ ਦਿਨ ਵੀ ਛੱਡਿਆ ਜਾ ਰਿਹੈ ਲਗਾਤਾਰ ਪਾਣੀ

Heavy Rain

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਪਿਛਲੇ ਕਈ ਦਿਨਾਂ ਤੋਂ ਪਹਾੜੀ ਖੇਤਰਾਂ ਵਿਚ ਪੈ ਰਹੀ ਲਗਾਤਾਰ ਬਾਰਸ਼ ਨੇ ਜਿਥੇ ਸਥਾਨਕ ਵਾਸੀਆਂ ਨੂੰ ਬਿਪਤਾ ਖੜ੍ਹੀ ਕਰ ਰੱਖੀ ਹੈ ਉਥੇ ਹੀ ਪੰਜਾਬ ਨੂੰ ਵੀ ਸਮੱਸਿਆ ਖੜੀ ਕਰ ਦਿਤੀ ਹੈ ਕਿਉਂਕਿ ਭਾਖੜਾ ਡੈਮ ਤੋਂ ਲਗਾਤਾਰ ਪਾਣੀ ਛੱਡੇ ਜਾਣ ਕਾਰਨ ਸਤਲੁਜ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਭਾਖੜਾ ਬੰਨ੍ਹ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਜਲੰਧਰ ਅਤੇ ਲੁਧਿਆਣਾ ਜ਼ਿਲ੍ਹੇ 'ਚ ਸਤਲੁਜ ਦਰਿਆ ਦੇ ਆਸਪਾਸ ਅਤੇ ਹੇਠਲੇ ਇਲਾਕਿਆਂ 'ਚ ਰਹਿਣ ਵਾਲਿਆਂ ਨੂੰ ਚਿਤਾਵਨੀ ਜਾਰੀ ਕਰ ਦਿਤੀ ਹੈ।

ਉਧਰ ਬੀਤੀ ਰਾਤ ਭਾਖੜਾ ਡੈਮ ਤੋਂ 6000 ਕਿਊਸਿਕ ਪਾਣੀ ਛੱਡੇ ਜਾਣ ਕਾਰਨ ਲੁਧਿਆਣਾ ਜ਼ਿਲ੍ਹੇ ਦੇ ਹਾਲਾਤ ਵੀ ਵਿਗੜਨੇ ਸ਼ੁਰੂ ਹੋ ਗਏ ਹਨ। ਦੂਜੇ ਪਾਸੇ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਦੌਰਾਨ ਪੰਜਾਬ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਤਰਨਤਾਰਨ ਦੇ ਡੀ.ਸੀ. ਵਲੋਂ ਪਿੰਡਾਂ ਵਿਚ ਠੀਕਰੀ ਪਹਿਰੇ ਲਾਉਣ ਦੇ ਹੁਕਮ। ਇਥੇ ਹੀ ਬਸ ਨਹੀਂ, ਨੰਗਲ ਡੈਮ 'ਚ ਪਾਣੀ ਦਾ ਪੱਧਰ 1674 ਫ਼ੁਟ ਤਕ ਪਹੁੰਚ ਗਿਆ ਹੈ ਜਿਸ ਕਾਰਨ ਲਗਾਤਾਰ ਪਾਣੀ ਅੱਗੇ ਛਡਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਡੈਮ 'ਚ ਕੇਵਲ 1680 ਫ਼ੁਟ ਤਕ ਹੀ ਪਾਣੀ ਰਖਿਆ ਜਾ ਸਕਦਾ ਹੈ ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਇਥੋਂ ਵੱਧ ਪਾਣੀ ਛੱਡੇ ਜਾਣ ਦੀ ਸੰਭਾਵਨਾ ਹੈ। ਉਧਰ ਹੜ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਮੁੱਖ ਮੰਤਰੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਤਿਆਰ ਬਰ ਤਿਆਰ ਰਹਿਣ ਲਈ ਕਹਿ ਦਿਤਾ ਹੈ ਤੇ ਡਿਪਟੀ ਕਮਿਸ਼ਨਰਾਂ ਨੇ ਅੱਗੇ ਹਦਾਇਤਾਂ ਜਾਰੀ ਕਰ ਦਿਤੀਆਂ ਹਨ।