ਬਾਰਸ਼ਾਂ ਕਾਰਨ ਡੈਮਾਂ ਵਿਚ ਪਾਣੀ ਦਾ ਪੱਧਰ ਵਧਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਖੜਾ 101 ਫ਼ੁੱਟ, ਪੌਂਗ 40 ਫ਼ੁੱਟ ਪਿਛਲੇ ਸਾਲ ਨਾਲੋਂ ਵੱਧ

Due to rains, the water level in the dams increased

ਚੰਡੀਗੜ੍ਹ  (ਜੀ.ਸੀ.ਭਾਰਦਵਾਜ): ਮੁਲਕ ਦੇ ਉਤਰੀ ਖ਼ਿੱਤੇ 'ਚ ਪੈਂਦੇ 3 ਦਰਿਆਵਾਂ ਰਾਵੀ, ਬਿਆਸ, ਸਤਲੁਜ ਦੇ ਜੰਗਲੀ ਤੇ ਪਹਾੜੀ ਇਲਾਕਿਆਂ ਵਿਚ ਮਾਨਸੂਨ ਦੀ ਬਾਰਸ਼ ਠੀਕ-ਠਾਕ ਪੈਣ ਨਾਲ ਇਸ ਸਾਲ ਭਾਖੜਾ, ਪੌਂਗ ਤੇ ਰਣਜੀਤ ਸਾਗਰ ਡੈਮਾਂ ਵਿਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ 20 ਤੋਂ 101 ਫੁੱਟ ਤਕ ਵੱਧ ਗਿਆ ਹੈ।

ਇਨ੍ਹਾਂ ਡੈਮਾਂ ਵਿਚ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਹੈ ਕਿ ਰੋਜ਼ਾਨਾ ਇਕ ਫੁੱਟ ਪੱਧਰ ਉਚਾ ਹੋ ਰਿਹਾ ਹੈ। ਭਾਖੜਾ-ਬਿਆਸ ਪ੍ਰਬੰਧਕੀ ਬੋਰਡ ਦੇ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਸਤਲੁਜ ਦਰਿਆ ਦੇ ਪਾਣੀ ਨੂੰ ਰੋਕ ਕੇ ਬਣਾਈ ਝੀਲ ਯਾਨੀ ਗੋਬਿੰਦ ਸਾਗਰ ਵਿਚ ਪਾਣੀ ਦਾ ਪੱਧਰ ਅੱਜ ਸ਼ਾਮੀ 1633 ਫੁੱਟ ਦੇ ਕਰੀਬ ਸੀ ਜਦੋਂ ਕਿ ਇਹ ਲੈਵਲ, ਅੱਜ ਦੇ ਦਿਨ ਪਿਛਲੇ ਸਾਲ, 1532 ਫੁੱਟ ਸੀ।

ਐਤਕੀਂ ਇਹ ਪੱਧਰ 101 ਫੁੱਟ ਵੱਧ ਹੈ। ਇਸੇ ਤਰ੍ਹਾਂ ਬਿਆਸ ਦਰਿਆ ਦੇ ਪਾਣੀ ਨੂੰ ਰੋਕਣ ਲਈ ਬਣਾਇਆ ਗਿਆ ਤਲਵਾੜਾ ਦਾ ਪੌਂਗ ਡੈਮ ਐਤਕੀਂ 1332 ਫੁੱਟ ਦੇ ਪੱਧਰ 'ਤੇ ਹੈ ਜੋ ਪਿਛਲੇ ਸਾਲ 1292 ਫੁੱਟ ਸੀ, ਯਾਨੀ ਇਸ ਵਾਰ 40 ਫੁੱਟ ਵੱਧ ਹੈ। ਭਾਖੜਾ ਦਾ ਗੋਬਿੰਦ ਸਾਗਰ, ਉਂਜ ਤਾਂ ਪਾਣੀ ਭਰਨ ਦੀ ਸਮਰੱਥਾ 1690 ਫੁੱਟ ਤਕ ਹੋ ਸਕਦੀ ਹੈ ਪਰ ਕਿਸੇ ਵੀ ਸੰਭਾਵੀ ਖ਼ਤਰੇ ਨੂੰ ਦੇਖਦੇ ਹੋਏ ਇੰਜੀਨੀਅਰਾਂ ਤੇ ਮਾਹਰਾਂ ਨੇ ਇਸ ਨੂੰ ਕੇਵਲ 1680 ਫੁੱਟ ਤਕ ਹੀ ਭਰਨ ਦੀ ਸਲਾਹ ਦਿਤੀ ਹੋਈ ਹੈ। ਸਤੰਬਰ 21 ਤੋਂ ਮਗਰੋਂ ਬੇਮੌਸਮੀ ਬਾਰਸ਼ਾਂ ਦੇ ਖ਼ਤਰੇ ਨੂੰ ਰੋਕਣ ਲਈ ਇਹ 10 ਫੁੱਟ ਦੀ ਗੁੰਜਾਇਸ਼ ਰੱਖੀ ਹੋਈ ਹੈ।

ਸੂਤਰਾਂ ਨੇ ਇਹ ਵੀ ਦਸਿਆ ਕਿ ਰਾਵੀ ਦਰਿਆ 'ਤੇ ਬਣਾਏ ਥੀਨ ਡੈਮ ਦੇ ਰਣਜੀਤ ਸਾਗਰ ਵਿਚ ਪਾਣੀ ਦਾ ਪੱਧਰ ਅੱਜ 512 ਮੀਟਰ ਹੈ ਜੋ ਪਿਛਲੇ ਸਾਲ ਦੇ 506 ਮੀਟਰ ਦੇ ਪੱਧਰ ਨਾਲੋਂ 6 ਮੀਟਰ ਵੱਧ ਯਾਨੀ 20 ਫੁੱਟ ਜ਼ਿਆਦਾ ਹੈ। ਬੀ.ਬੀ.ਐਮ.ਬੀ. ਇੰਜੀਨੀਅਰਾਂ ਨੇ ਦਸਿਆ ਕਿ ਭਾਖੜਾ ਤੋਂ ਰੋਜ਼ਾਨਾ 20500 ਕਿਉਸਕ ਪਾਣੀ, ਪੰਜਾਬ-ਹਰਿਆਣਾ ਦੀ ਜ਼ਰੂਰਤ ਵਾਸਤੇ ਅਤੇ ਪੌਂਗ ਡੈਮ 11000 ਕਿਉਸਕ ਪਾਣੀ, ਰਾਜਸਥਾਨ ਦੀ ਲੋੜ ਵਾਸਤੇ ਰੋਜ਼ਾਨਾ ਛੱਡਿਆ ਜਾ ਰਿਹਾ ਹੈ ਜਿਸ ਤੋਂ ਲੱਖਾਂ ਯੂਨਿਟ ਬਿਜਲੀ ਬਣਾ ਕੇ ਨੈਸ਼ਨਲ ਪਾਵਰ ਗਰਿੱਡ ਵਿਚ ਭੇਜੀ ਜਾਂਦੀ ਹੈ

ਜਿਥੋਂ ਲੋੜ ਪੈਣ 'ਤੇ ਹਿੱਸੇ ਅਨੁਸਾਰ ਪੰਜਾਬ, ਹਰਿਆਣਾ, ਹਿਮਾਚਲ ਤੇ ਯੂ.ਟੀ.ਚੰਡੀਗੜ੍ਹ ਵਰਤ ਰਿਹਾ ਹੈ। ਮਾਨਸੂਨ ਬਾਰਸ਼ਾਂ ਦਾ ਇਹ ਦੌਰ ਉਂਜ ਤਾਂ 31 ਅਗੱਸਤ ਤਕ ਚਲਦਾ ਹੈ ਪਰ ਬੀ.ਬੀ.ਐਮ.ਬੀ. ਦੇ ਅੰਕੜਿਆਂ ਮੁਤਾਬਕ, ਝੀਲਾਂ ਦੇ ਪਾਣੀ ਦੀ ਭਰਪਾਈ 21 ਸਤੰਬਰ ਤਕ ਹੁੰਦੀ ਰਹਿੰਦੀ ਹੈ ਅਤੇ ਅਗਲੇ 6 ਮਹੀਨੇ ਯਾਨੀ 21 ਮਾਰਚ ਤਕ ਇਨ੍ਹਾਂ ਡੈਮਾਂ ਦਾ ਪਾਣੀ, ਬਿਜਲੀ ਬਣਾਉਣ ਅਤੇ ਸਿੰਜਾਈ ਲਈ ਵਰਤਿਆ ਜਾਂਦਾ ਹੈ। ਮਾਰਚ 21 ਉਪਰੰਤ ਪਹਾੜਾਂ 'ਤੇ ਪਈ ਬਰਫ਼, ਗਰਮੀ ਨਾਲ ਪਿਘਲਣ ਕਰ ਕੇ ਫਿਰ ਪਾਣੀ ਭਰਪਾਈ ਸ਼ੁਰੂ ਹੋ ਜਾਂਦੀ ਹੈ।