ਪੂਰੀਆਂ ਫ਼ੀਸਾਂ ਵਸੂਲਣ 'ਤੇ ਅੜੇ ਸਕੂਲ, ਹਾਈਕੋਰਟ ਦੇ ਹੁਕਮਾਂ ਨੂੰ ਅਣਗੌਲਿਆ ਕਰਨ ਦੇ ਲੱਗਣ ਲੱਗੇ ਦੋਸ਼!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਖਿਲਾਫ਼ ਮਾਪਿਆਂ ਵਲੋਂ ਪ੍ਰਦਰਸ਼ਨ

Private School fees

ਲੁਧਿਆਣਾ:  ਲੌਕਡਾਊਨ ਸਮੇਂ ਦੌਰਾਨ ਦੀਆਂ ਫ਼ੀਸਾਂ ਨੂੰ ਲੈ ਕੇ ਪ੍ਰਾਈਵੇਟ ਸਕੂਲ ਅਤੇ ਮਾਪੇ ਆਹਮੋ-ਸਾਹਮਣੇ ਹਨ।  ਸਕੂਲਾਂ ਵਲੋਂ ਮਾਪਿਆਂ ਨੂੰ ਪੂਰੀਆਂ ਫ਼ੀਸਾਂ ਅਦਾ ਕਰਨ ਲਈ ਕਿਹਾ ਜਾ ਰਿਹਾ ਹੈ, ਜਦਕਿ ਮਾਪੇ ਫ਼ੀਸਾਂ 'ਚ ਰਿਆਇਤ ਦੀ ਮੰਗ 'ਤੇ ਅੜੇ ਹੋਏ ਹਨ। ਇਸ ਮਾਮਲੇ 'ਚ ਹਾਈ ਕੋਰਟ ਵਲੋਂ ਵੀ ਸਕੂਲਾਂ ਨੂੰ ਮਾਪਿਆਂ ਤੋਂ ਅਪਣੇ ਖ਼ਰਚਿਆਂ ਮੁਤਾਬਕ ਫ਼ੀਸ ਵਸੂਲਣ ਦੇ ਆਦੇਸ਼ ਜਾਰੀ ਕੀਤੇ ਸਨ। ਪਰ ਦੋਵੇਂ ਧਿਰਾਂ ਵਲੋਂ ਆਪੋ-ਅਪਣੇ ਸਟੈਂਡ 'ਤੇ ਬਜਿੱਦ ਰਹਿਣ ਬਾਅਦ ਇਹ ਮਾਮਲਾ ਇਕ ਵਾਰ ਮੁੜ ਗਰਮਾ ਗਿਆ ਹੈ। ਮਾਪਿਆਂ ਨੇ ਮੁੜ ਧਰਨੇ ਪ੍ਰਦਰਸ਼ਨਾਂ ਦਾ ਰਾਹ ਫੜ ਲਿਆ ਹੈ।

ਇਸੇ ਤਹਿਤ ਅੱਜ ਐਸੋਸੀਏਸ਼ਨ ਤੇ ਮਾਪਿਆਂ ਵਲੋਂ ਸਕੂਲਾਂ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਮਾਪਿਆਂ ਮੁਤਾਬਕ ਹਾਈਕੋਰਟ ਨੇ ਸਾਫ਼ ਤੌਰ 'ਤੇ ਕਿਹਾ ਹੈ ਕਿ ਸਕੂਲ ਆਪਣੇ ਖਰਚਿਆਂ ਮੁਤਾਬਕ ਵਿਦਿਆਰਥੀਆਂ ਤੋਂ ਫੀਸ ਵਸੂਲਣ ਪਰ ਸਕੂਲਾਂ ਵਲੋਂ ਮਾਪਿਆਂ 'ਤੇ ਪੂਰੀ ਫ਼ੀਸ ਜਮ੍ਹਾ ਕਰਵਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ।

ਮਾਪਿਆਂ ਨੇ ਦੋਸ਼ ਲਾਇਆ ਕਿ ਸਕੂਲਾਂ ਨੇ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿਤਾ ਹੈ। ਮਾਪਿਆਂ ਦਾ ਤਰਕ ਹੈ ਕਿ ਕਰੋਨਾ ਮਹਾਮਾਰੀ ਸਭ ਕੁਝ ਪਹਿਲਾਂ ਵਰਗਾ ਨਹੀਂ ਰਿਹਾ। ਇਸ ਦਾ ਅਸਰ ਉਨ੍ਹਾਂ ਦੇ ਕਮਾਈ ਦੇ ਸਾਧਨਾਂ 'ਤੇ ਵੀ ਪਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਪੂਰੀਆਂ ਫ਼ੀਸਾਂ ਭਰਨ 'ਚ ਦਿੱਕਤ ਪੇਸ਼ ਆ ਰਹੀ ਹੈ। ਮਾਪਿਆਂ ਨੇ ਕਿਹਾ ਕਿ ਉਹ ਸਕੂਲਾਂ ਨਾਲ ਕਾਫ਼ੀ ਅਰਸੇ ਤੋਂ ਜੁੜੇ ਹੋਏ ਹਨ, ਪਰ ਹੁਣ ਜਦੋਂ ਮਹਾਮਾਰੀ ਕਾਰਨ ਸਭ ਦੇ ਵਿੱਤੀ ਹਾਲਾਤ ਵਿਗੜ ਚੁੱਕੇ ਹਨ ਤਾਂ ਸਕੂਲ ਉਨ੍ਹਾਂ ਦਾ ਸਾਥ ਦੇਣ ਦੀ ਥਾਂ ਪੂਰੀ ਵਸੂਲੀ ਲਈ ਬਜਿੱਦ ਹਨ।

ਮਾਪਿਆਂ ਦਾ ਕਹਿਣਾ ਹੈ ਕਿ ਜਿਵੇਂ ਸਾਡੀ ਆਮਦਨ 'ਤੇ ਫ਼ਰਕ ਪਿਆ ਹੈ, ਉਸੇ ਤਰ੍ਹਾਂ ਸਕੂਲਾਂ ਦੇ ਖ਼ਰਚੇ ਵੀ ਘਟੇ ਹਨ। ਕਲਾਸਾਂ ਬੰਦ ਹੋਣ ਕਾਰਨ ਬਿਜਲੀ ਦੇ ਬਿੱਲਾਂ ਸਮੇਤ ਹੋਰ ਕਈ ਖ਼ਰਚੇ ਹਨ, ਜੋ ਹੁਣ ਨਹੀਂ ਹੋ ਰਹੇ। ਇਸ ਲਈ ਮਾਪਿਆਂ ਦੀ ਹਾਲਤ ਨੂੰ ਸਮਝਦਿਆਂ ਸਕੂਲਾਂ ਨੂੰ ਮਾਪਿਆਂ ਨੂੰ ਕੁੱਝ ਰਿਆਇਤ ਦੇਣ ਬਾਰੇ ਸੋਚਣਾ ਚਾਹੀਦਾ ਹੈ।

ਮਾਪਿਆਂ ਨੇ ਕਿਹਾ ਹਾਈਕੋਰਟ ਨੇ ਵੀ ਸਕੂਲਾਂ ਨੂੰ ਵਾਧੂ ਫ਼ੀਸਾ ਨਾ ਲੈਣ ਦੀ ਹਦਾਇਤ ਜਾਰੀ ਕਰਦਿਆਂ ਅਪਣੇ ਖ਼ਰਚਿਆਂ ਮੁਤਾਬਕ ਫ਼ੀਸਾਂ ਵਸੂਲਣ ਲਈ ਕਿਹਾ ਹੈ ਪਰ ਸਕੂਲ ਉਨ੍ਹਾਂ ਨੂੰ ਪੂਰੀਆਂ ਫ਼ੀਸਾਂ ਅਦਾ ਕਰਨ ਲਈ ਜ਼ੋਰ ਪਾ ਰਹੇ ਹਨ। ਮਾਪਿਆਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਤਕ ਵੀ ਕਈ ਵਾਰ ਪਹੁੰਚ ਕਰ ਚੁੱਕੇ ਹਾਂ ਪਰ ਅਜੇ ਤਕ ਕੋਈ ਹੱਲ ਨਹੀਂ ਨਿਕਲ ਸਕਿਆ। ਹੁਣ ਉਨ੍ਹਾਂ ਨੂੰ ਮਜ਼ਬੂਰਨ ਧਰਨੇ ਪ੍ਰਦਰਸ਼ਨਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।