ਢੀਂਡਸਾ ਨੇ ਕੀਤਾ ਮਾਝੇ ਵਲ ਦਾ ਰੁਖ, ਕਈ ਆਗੂਆਂ ਨੂੰ ਕੀਤਾ ਪਾਰਟੀ ਵਿਚ ਸ਼ਾਮਲ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਇਨਸਾਫ਼ ਪਾਰਟੀ ਦੇ ਚਾਲੀ ਤੋਂ ਵਧ ਅਹੁਦੇਦਾਰਾਂ ਨੇ ਪਿਛਲੇ ਦਿਨੀਂ ਦਿਤੇ ਸੀ ਅਸਤੀਫ਼ੇ

Sukhdev Singh Dhindsa

ਸ੍ਰੀ ਗੋਇੰਦਵਾਲ ਸਾਹਿਬ : ਸ਼੍ਰੋਮਣੀ ਅਕਾਲੀ ਦਲ ਤੋਂ ਅਲਹਿਦਾ ਹੋ ਕੇ ਵੱਖਰੀ ਪਾਰਟੀ ਬਣਾਉਣ ਵਾਲੇ ਸਾਬਕਾ ਕੇਂਦਰੀ ਮੰਤਰੀ ਤੇ ਰਾਜ ਸਭਾ ਮੈਂਬਰ ਸੁਦਖੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਵਿਸਥਾਰ ਲਈ ਮਾਝੇ ਅੰਦਰ ਵੀ ਸਰਗਰਮੀਆਂ ਵਧਾ ਦਿਤੀਆਂ ਹਨ। ਇਸੇ ਤਹਿਤ ਅੱਜ ਉਨ੍ਹਾਂ ਨੇ ਲੋਕ ਇਨਸਾਫ਼ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਸਾਬਕਾ ਸੂਬਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ ਨੂੰ ਉਨ੍ਹਾਂ ਦੇ 40 ਦੇ ਕਰੀਬ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਵਿਚ ਸ਼ਾਮਲ ਕੀਤਾ।

ਇਸ ਮੌਕੇ ਅਮਰਪਾਲ ਸਿੰਘ ਖਹਿਰਾ ਜੋ ਕਿ ਸਮਾਜ ਸੇਵੀ ਸੰਸਥਾਵਾਂ ਪੰਜਾਬੀ ਲੋਕ ਮੋਰਚਾ ਅਤੇ ਕੁਦਰਤ ਫਾਊਂਡੇਸ਼ਨ ਦੇ ਪ੍ਰਧਾਨ ਵੀ ਹਨ, ਦੇ ਗ੍ਰਹਿ ਗੋਇੰਦਵਾਲ ਸਾਹਿਬ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ ਮੈਂਬਰ ਰਾਜ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਨੇ ਸ਼ਾਮਲ ਹੋਏ ਵਿਅਕਤੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕਰਦਿਆਂ ਪਾਰਟੀ ਵਿਚ ਪੂਰਾ ਮਾਣ-ਸਨਮਾਨ ਦੇਣ ਦਾ ਵਿਸ਼ਵਾਸ ਦਿਵਾਇਆ। ਇਸ ਦੌਰਾਨ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰ ਕੇ ਸੰਖੇਪ ਇਕੱਠ ਕੀਤਾ ਗਿਆ ਸੀ।

ਜ਼ਿਲ੍ਹਾ ਤਰਨ ਤਾਰਨ ਵਿਚ ਅਪਣੇ ਪਲੇਠੇ ਸਿਆਸੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਢੀਂਡਸਾ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਪੰਜਾਬ ਦੀ ਹਾਲਤ ਬਦਤਰ ਹੋ ਚੁੱਕੀ ਹੈ ਅਤੇ ਲੋਕ ਮਹਿੰਗੇ ਬਿਜਲੀ ਬਿੱਲਾਂ, ਟੋਲ ਪਲਾਜ਼ਿਆਂ, ਮਹਿੰਗਾਈ ਅਤੇ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ। ਹਰ ਪਾਸੇ ਰਿਸ਼ਵਤਖੋਰੀ, ਬਦਅਮਨੀ ਦਾ ਮਾਹੌਲ ਹੈ। ਇਸੇ ਤਰ੍ਹਾਂ ਬਾਦਲ ਦਲ ਵੀ ਪੰਜਾਬ ਅਤੇ ਪੰਥ ਦੇ ਮੁੱਦਿਆਂ ਤੋਂ ਮੂੰਹ ਫੇਰ ਚੁੱਕਾ ਹੈ ਅਤੇ ਕੁਰਬਾਨੀਆਂ ਵਾਲੇ ਸਾਰੇ ਅਕਾਲੀ ਆਗੂ ਜਾਂ ਤਾਂ ਘਰੀਂ ਬੈਠ ਗਏ ਹਨ ਜਾਂ ਨਿਰਾਸ਼ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਆਪ ਮੁਹਾਰਾ ਅਤੇ ਬੇਮਿਸਾਲ ਸਮਰਥਨ ਅਕਾਲੀ ਦਲ ਡੈਮੋਕ੍ਰੇਟਿਕ ਨੂੰ ਮਿਲ ਰਿਹਾ ਹੈ ਜੋ ਇਸ ਵਾਰ ਸਫ਼ਲ ਤੀਜਾ ਬਦਲ ਬਣ ਕੇ ਉਭਰ ਚੁੱਕਾ ਹੈ। ਇਸ ਮੌਕੇ ਸ਼ਾਮਲ ਹੋਏ ਸ. ਖਹਿਰਾ ਨੇ ਸੁਖਦੇਵ ਸਿੰਘ ਢੀਂਡਸਾ ਅਤੇ ਹੋਰਨਾਂ ਆਗੂਆਂ ਨੂੰ ਸਨਮਾਨਤ ਵੀ ਕੀਤਾ ਅਤੇ ਦਿਨ ਰਾਤ ਪਾਰਟੀ ਲਈ ਬਿਨਾਂ ਕਿਸੇ ਲੋਭ ਲਾਲਚ ਦੇ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ।

ਇਸ ਮੌਕੇ ਸ੍ਰ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਅਤੇ ਓ.ਐਸ.ਡੀ ਜਸਵਿੰਦਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਭਾਈ ਮੋਹਕਮ ਸਿੰਘ, ਦਲਜੀਤ ਸਿੰਘ ਲਾਲਪੁਰਾ, ਸਤਨਾਮ ਸਿੰਘ ਮਨਾਵਾਂ, ਜਸਵਿੰਦਰ ਸਿੰਘ ਓ.ਐਸ.ਡੀ. ਆਦਿ ਵੀ ਪ੍ਰਮੁੱਖ ਰੂਪ ਵਿੱਚ ਮੌਜੂਦ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।