ਦੇਵੀਗੜ੍ਹ- ਦੇਵੀਗੜ੍ਹ ਦੇ ਪਿੰਡ ਹਾਜੀਪੁਰ ਤੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪੂਰੇ ਪਿੰਡ ਵਿਚ ਮਾਯੂਸੀ ਦਾ ਮਹੌਲ ਹੈ। ਮਿਲੀ ਜਾਣਕਾਰੀ ਮੁਤਾਬਿਕ ਹਾਜੀਪੁਰ ਪਿੰਡ ਵਿਚ ਸਥਾਪਿਤ ਗੁਰਦੁਆਰਾ ਸਾਹਿਬ ਵਿਖੇ ਬਿਜਲੀ ਦੇ ਪੱਖੇ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਇਹ ਅੱਗ ਗੁਰਦੁਆਰਾ ਸਾਹਿਬ ਅੰਦਰ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਲੱਗ ਗਈ। ਦੱਸ ਦੇਈਏ ਕਿ ਗਰਮੀ ਕਰਕੇ ਪੱਖੇ ਨੂੰ ਅੱਗ ਲੱਗ ਗਈ ਸੀ, ਜਿਸ ਤੋਂ ਬਾਅਦ ਇਹ ਅੱਗ ਪਾਵਨ ਸਰੂਪਾਂ ਨੂੰ ਵੀ ਪੈ ਗਈ ਤੇ ਇਸਦੇ ਨਤੀਜੇ ਵੱਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦਾ ਕਾਫੀ ਨੁਕਸਾਨ ਹੋਇਆ ਹੈ |
ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਆਏ ਸਿੰਘ ਅਗਨ ਭੇਂਟ ਹੋਏ ਪਾਵਨ ਸਰੂਪਾਂ ਨੂੰ ਆਪਣੇ ਨਾਲ ਲੈ ਗਏ। ਉਧਰ ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਲਾਸਟਿਕ ਦੇ ਪੱਖੇ ਨੂੰ ਲੱਗੀ ਅੱਗ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਂਟ ਹੋ ਗਏ। ਦੱਸ ਦੇਈਏ ਕਿ ਪਟਿਆਲਾ ਤੋਂ ਆਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪੂਰੀ ਗੁਰ ਮਰਿਆਦਾ ਨਾਲ ਪਾਵਨ ਸਰੂਪਾਂ ਨੂੰ ਆਪਣੇ ਨਾਲ ਲੈ ਗਏ ਅਤੇ ਇਸ ਘਟਨਾ ਦੇ ਨਾਲ ਪੂਰੇ ਹਾਜੀਪੁਰ ਪਿੰਡ ਵਿਚ ਮਾਯੂਸੀ ਦਾ ਮਹੌਲ ਬਣਿਆ ਹੋਇਆ ਹੈ।