ਕੇਂਦਰੀ ਫ਼ੋਰਸ ਦੀਆਂ 17 ਕੰਪਨੀਆਂ ਤੈਨਾਤ, 920 ਪੋਲਿੰਗ ਬੂਥਾਂ 'ਚੋਂ 420 ਨਾਜੁਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਾਖਾ-ਜਲਾਲਾਬਾਦ-ਫ਼ਗਵਾੜਾ-ਮੁਕੇਰੀਆਂ ਜ਼ਿਮਨੀ ਚੋਣ

Central Force in Punjab

ਚੰਡੀਗੜ੍ਹ : ਪੰਜਾਬ ਵਿਚ 4 ਵਿਧਾਨ ਸਭਾ ਹਲਕਿਆਂ ਦਾਖਾ, ਜਲਾਲਾਬਾਦ, ਫ਼ਗਵਾੜਾ ਤੇ ਮੁਕੇਰੀਆਂ ਵਿਚ 21 ਅਕਤੂਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਸੱਤਾਧਾਰੀ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਵਿਚ ਸਿੱਧੀ ਟੱਕਰ ਤੋਂ ਪੈਦਾ ਹੋਈ ਸਿਆਸੀ ਗਰਮਾਹਟ ਅਤੇ ਜ਼ੋਰ ਅਜਮਾਇਸ਼ੀ ਨੂੰ ਵੇਖਦਿਆਂ ਕੇਂਦਰੀ ਬਲਾਂ ਦੀਆਂ 17 ਕੰਪਨੀਆਂ ਦੇ ਜੁਆਨ ਅਤੇ ਅਥਿਆਰਾਂ ਨਾਲ ਲੈਸ ਫ਼ੋਰਸ ਨੂੰ ਤੈਨਾਤ ਕੀਤਾ ਗਿਆ ਹੈ। ਪਹਿਲਾਂ ਕੇਵਲ 12 ਕੰਪਨੀਆਂ ਲਗਾਈਆਂ ਸਨ ਪਰ ਬੀਤੇ ਕਲ 5 ਕੇਂਦਰੀ ਆਰਮਡ ਫ਼ੋਰਸ ਦੀਆਂ ਕੰਪਨੀਆਂ ਹੋਰ ਆ ਗਈਆਂ ਹਨ।

ਰੋਜ਼ਾਨਾ ਸਪੋਕਸਮੈਨ ਨਾਲ ਮੁਲਾਕਾਤ ਦੌਰਾਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰਨਾ ਰਾਜੂ ਨੇ ਦਸਿਆ ਕਿ ਇਸ ਵੇਲੇ ਚੋਣ ਪ੍ਰਚਾਰ ਸਿਖਰਾਂ 'ਤੇ ਹੈ। ਹਾਲਾਤ ਕਾਫ਼ੀ ਗੰਭੀਰ ਹਲ, ਸਿਆਸੀ ਤੌਰ 'ਤੇ ਦੋਨੋ ਹਲਕੇ ਦਾਖ਼ਾ ਅਤੇ ਜਲਾਲਾਬਾਦ ਕਾਫੀ ਵੱਕਾਰੀ ਬਣੇ ਹੋਏ ਹਨ ਕੁਲ 920 ਪੋਲਿੰਗ ਬੂਥਾਂ ਵਿਚੋਂ 420 ਨੂੰ ਨਾਜੁਕ ਐਲਾਨਿਆਂ ਗਿਆ ਹੈ। ਜਿਨ੍ਹਾਂ 'ਚ ਜਲਾਲਾਬਾਦ ਦੇ 145 ਅਤੇ ਦਾਖਾ ਦੇ 110 ਬੂਥ ਅਤੀ ਸੰਵੇਦਨਸ਼ੀਲ ਹਨ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਉਂਜ ਤਾਂ ਪੰਜਾਬ ਪੁਲਿਸ ਦੇ ਸਿਪਾਹੀ ਤੇ ਅਧਿਕਾਰੀ ਵੀ ਭਾਰੀ ਗਿਣਤੀ ਵਿਚ ਲਗਾਏ ਹਨ ਪਰ ਜੋਸ਼ ਤੇ ਗਰਮਾਹਟ ਦੇ ਮਾਹੌਲ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਕੇਂਦਰੀ ਫ਼ੋਰਸ ਵਾਧੂ ਤੈਨਾਤ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਦਾਖਾ ਦੇ ਐਸ.ਐਚ.ਓ. ਪ੍ਰੇਮ ਸਿੰਘ ਵਿਰੁਧ ਮਿਲੀ ਸ਼ਿਕਾਇਤ ਅਤੇ ਡੀ.ਸੀ. ਵਲੋਂ ਦਿਤੀ ਰੀਪੋਰਟ ਦੇ ਆਧਾਰ 'ਤੇ ਇਸ ਪੁਲਿਸ ਅਧਿਕਾਰੀ ਨੂੰ ਬਦਲ ਦਿਤਾ ਹੈ, ਉਸ ਦੀ ਥਾਂ ਨਵਾਂ ਥਾਣੇਦਾਰ ਵੀ ਨਿਯੁਕਤ ਕਰ ਦਿਤਾ ਹੈ। ਐਸ.ਡੀ.ਐਮ. ਜਗਰਾਉਂ ਬਲਵਿੰਦਰ ਢਿੱਲੋਂ ਵਿਰੁਧ ਮਿਲੀ ਸ਼ਿਕਾਇਤ ਉਪਰੰਤ ਡਿਪਟੀ ਕਮਿਸ਼ਨਰ ਤੋਂ ਰੀਪੋਰਟ ਮੰਗਵਾਈ ਸੀ ਅਤੇ ਲਾਏ ਦੋਸ਼ਾਂ ਵਿਚ ਕੋਈ ਤੱਥ ਨਹੀਂ ਸੀ ਅਤੇ ਐਸ.ਡੀ.ਐਮ. ਵਿਰੁਧ ਕੋਈ ਐਕਸ਼ਨ ਨਹੀਂ ਬਣਦਾ।

ਡਾ. ਕਰਨਾ ਰਾਜੂ ਨੇ ਕਿਹਾ ਕਿ ਕੁਲ 8 ਸੀਨੀਅਰ ਅਧਿਕਾਰੀ, ਬਾਹਰਲੇ ਰਾਜਾਂ, ਜੰਮੂ-ਕਸ਼ਮੀਰ, ਰਾਜਸਥਾਨ ਤੇ ਮੱਧ ਪ੍ਰਦੇਸ਼ ਤੋਂ ਬਤੌਰ ਜਨਰਲ ਅਤੇ ਖ਼ਰਚਾ ਆਬਜ਼ਰਵਰ ਲਗਾਏ ਗਏ ਹਨ ਜੋ ਰੈਲੀਆਂ, ਸਿਆਸੀ ਮੀਟਿੰਗਾਂ ਅਤੇ ਚੋਣ ਪ੍ਰਚਾਰ ਦੌਰਾਨ ਸਖ਼ਤ ਨਜ਼ਰ ਰੱਖ ਰਹੇ ਹਨ। ਇਨ੍ਹਾਂ ਚੋਣਾਂ ਵਿਚ ਬਾਹਰਲੇ ਸ਼ਰਾਰਤੀ ਅਨਸਰਾਂ ਅਤੇ ਬੂਥਾਂ 'ਤੇ ਕਬਜ਼ਾ ਕਰਨ ਆਦਿ ਕਾਰਵਾਈਆਂ ਨੂੰ ਰੋਕਣ ਲਈ ਬੂਥ ਐਪ ਸਿਸਟਮ, ਫਗਵਾੜਾ ਹਲਕੇ 'ਚ ਲਾਗੂ ਕੀਤਾ ਹੈ ਜਿਸ ਰਾਹੀਂ ਚੋਣ ਕਮਿਸ਼ਨ ਦਾ ਇਕ-ਇਕ ਅਧਿਕਾਰੀ ਯਾਨਿ ਬੂਥ ਲੈਵਲ ਅਫ਼ਸਰ, ਹਰੇਕ ਬੂਥ 'ਤੇ ਵੋਟਰਾਂ ਦੀ ਲਾਈਨ 'ਤੇ ਗੁਪਤ ਤੌਰ 'ਤੇ ਨਜ਼ਰ ਰੱਖੇਗਾ। ਇਸਦੀ ਰਿਪੋਰਟ ਨਾਲ ਦੀ ਨਾਲ ਚੰਡੀਗੜ੍ਹ ਹੈਡਕੁਆਰਟਰ 'ਤੇ ਸਿੱਧੀ ਭੇਜੇਗਾ।

ਉਨ੍ਹਾਂ 4 ਚਲਕਿਆਂ ਦੇ ਕੁਲ 920 ਪੋਲਿੰਗ ਬੂਥਾਂ 'ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਪੈਣ ਵਾਲੀਆਂ ਵੋਟਾਂ ਦੀ ਗਿਣਤੀ ਤਿੰਨ ਦਿਨ ਬਾਅਦ ਯਾਨਿ 24 ਅਕਤੂਬਰ ਨੂੰ ਹੋਵੇਗੀ। ਕੁਲ 33 ਉਮੀਦਵਾਰ ਚੋਣ ਮੈਦਾਨ 'ਚ ਹਨ, ਜਿਨ੍ਹਾਂ ਵਿਚੋਂ 11 ਉਮੀਦਵਾਰ ਦਾਖਾ 'ਚ, 9 ਫ਼ਗਵਾੜਾ 'ਚ, 7 ਜਲਾਲਾਬਾਦ ਤੇ 6 ਮੁਕੇਰੀਆਂ ਲਈ ਹਨ।