ਲੰਗਾਹ ਦੀ ਮੁਆਫ਼ੀ ਦੇ ਵਿਰੋਧ ’ਚ ਅਕਾਲ ਤਖ਼ਤ ਪੁੱਜੀ ਸਿੱਖ ਸੰਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੰਗਾਹ ਦੀ ਮਸੰਦਾਂ ਨਾਲ ਕੀਤੀ ਤੁਲਨਾ

Sucha Singh Langah

ਪੰਜਾਬ- ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਮੁਆਫ਼ੀ ਦਾ ਮਾਮਲਾ ਇਕ ਵਾਰ ਫਿਰ ਤੋਂ ਸੁਰਖੀਆਂ ਵਿਚ ਆ ਗਿਆ ਹੈ, ਦਰਅਸਲ ਕੁਝ ਦਿਨ ਪਹਿਲਾਂ ਸੁੱਚਾ ਸਿੰਘ ਲੰਗਾਹ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਆਪਣੀ ਭੁੱਲ ਦੀ ਮੁਆਫੀ ਲਈ ਇੱਕ ਚਿੱਠੀ ਭੇਜੀ ਗਈ ਸੀ, ਜਿਸ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਬਿਆਨ ਆਇਆ ਸੀ ਕਿ 21 ਤਰੀਕ ਦੀ ਮੀਟਿੰਗ ਵਿਚ ਲੰਗਾਹ ਵਾਲੇ ਮਾਮਲੇ ’ਤੇ ਵਿਚਾਰ ਹੋ ਸਕਦੀ ਹੈ। ਅੱਜ ਗੁਰਦਾਸਪੁਰ ਸਮੇਤ ਲਾਗਲੇ ਪਿੰਡਾਂ ਤੋਂ ਕਾਫੀ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਸ੍ਰੀ ਅਕਾਲ ਤਖਤ ਸਾਹਿਬ ਪੁੱਜੀਆਂ ਅਤੇ ਲੰਗਾਹ ਦੀ ਪ੍ਰਸਤਾਵਿਤ ਮੁਆਫ਼ੀ ਦਾ ਵਿਰੋਧ ਕੀਤਾ।

ਸੰਗਤ ਵੱਲੋਂ ਮੰਗ ਕੀਤੀ ਗਈ ਹੈ ਕਿ ਬਲਾਤਕਾਰੀ ਲੰਗਾਹ ਨੂੰ ਕਿਸੇ ਵੀ ਕੀਮਤ ’ਤੇ ਪੰਥ ਵਿਚ ਮੁੜ ਸ਼ਾਮਲ ਨਾ ਕੀਤਾ ਜਾਵੇ। ਸਿੱਖ ਸੰਗਤ ਨੇ ਇਹ ਵੀ ਆਖਿਆ ਕਿ ਲੰਗਾਹ ਦੀ ਮਦਦ ਕਰਨ ’ਤੇੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਅਤੇ ਰਤਨ ਸਿੰਘ ਜੱਫਰਵਾਲ ਨੂੰ ਵੀ ਪੰਥ ਵਿਚੋਂ ਛੇਕਿਆ ਜਾਣਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਗ਼ੈਰਹਾਜਰੀ ਵਿਚ ਇਹ ਮੰਗ ਪੱਤਰ ਉਨ੍ਹਾਂ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਵੱਲੋਂ ਪ੍ਰਾਪਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇਖਣਗੇ ਕਿ ਮੰਗ ਪੱਤਰ ’ਤੇ ਕੀ ਕਾਰਵਾਈ ਕਰਨੀ ਹੈ। 

ਦੱਸ ਦਈਏ ਕਿ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ 5 ਅਕਤੂਬਰ 2017 ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ, ਉਸ ’ਤੇ ਪਰਾਈ ਇਸਤਰੀ ਨਾਲ ਹਮਬਿਸਤਰ ਹੋਣ ਦਾ ਦੋਸ਼ ਲੱਗਿਆ ਸੀ, ਜਿਸ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ। ਹੁਣ ਦੇਖਣਾ ਹੋਵੇਗਾ ਕਿ ਇਸ ਮੰਗ ਪੱਤਰ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਮਾਮਲੇ ਵਿਚ ਕੀ ਕਾਰਵਾਈ ਕੀਤੀ ਜਾਂਦੀ ਹੈ।