ਨਿਊਜ਼ੀਲੈਂਡ ਸੰਸਦੀ ਚੋਣਾਂ 'ਚ 33 ਸਾਲਾ ਗੌਰਵ ਭਾਰਤੀ ਨੌਜਵਾਨ ਬਣਿਆ ਸੰਸਦ ਮੈਂਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਦੇਸ਼ ਵਿਚ ਰਹਿੰਦੇ ਭਾਰਤੀ ਭਾਈਚਾਰੇ ਵਿਚ ਖ਼ਸ਼ੀ ਦੀ ਲਹਿਰ

Gorve miranal sharma

ਆਕਲੈਂਡ- ਬੀਤੇ ਦਿਨ ਨਿਊਜ਼ੀਲੈਂਡ ਵਿਚ ਸੰਸਦੀ ਚੋਣਾਂ ਹੋਈਆਂ ਤੇ ਜੈਸਿੰਡਾ ਅਰਡਨ ਇਕ ਵਾਰ ਫਿਰ ਪ੍ਰਧਾਨ ਮੰਤਰੀ ਬਣ ਗਏ ਹਨ । ਉਨ੍ਹਾਂ ਦੀ ਅਗਵਾਈ ਵਿਚ ਲੇਬਰ ਪਾਰਟੀ ਨੇ ਸ਼ਾਨਦਾਰ ਇਤਿਹਾਸ ਰਚਿਆ ਤੇ ਇਸ ਵਿਚ ਇਕ ਭਾਰਤੀ ਨੌਜਵਾਨ ਡਾ. ਗੌਰਵ ਮਿਰਾਨਲ ਸ਼ਰਮਾ ਨੇ ਵੀ ਪਹਿਲੀ ਵਾਰ ਸੰਸਦ ਮੈਂਬਰ ਬਣਨ ਦਾ ਮਾਣ  ਹਾਸਲ ਕੀਤਾ ਹੈ ।

33 ਸਾਲਾ ਗੌਰਵ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ । ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰ ਨੈਸ਼ਨਲ ਪਾਰਟੀ ਦੇ ਟਿਮ ਮੈਸਿਨਡੋ ਨੂੰ 4,386 ਵੋਟਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਉਹ 2017 ਵਿਚ ਵੀ ਚੋਣ ਲੜੇ ਸਨ ਪਰ ਇਸ ਵਾਰ ਉਨ੍ਹਾਂ ਜਿੱਤ ਦਰਜ ਕੀਤੀ ਹੈ । ਗੌਰਵ ਨੂੰ 16,950 ਵੋਟਾਂ ਹਾਸਲ ਹੋਈਆਂ ਜਦਕਿ ਟਿਮ ਨੂੰ 12,525 ਵੋਟਾਂ ਪਈਆਂ।

ਗੌਰਵ 12 ਕੁ ਸਾਲ ਦੀ ਉਮਰ ਵਿਚ ਨਿਊਜ਼ੀਲੈਂਡ ਆ ਗਏ ਸਨ ਤੇ ਹੁਣ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਤੋਂ ਡਾਕਟਰੀ ਦੀ ਅਗਲੀ ਪੜ੍ਹਾਈ ਕਰਕੇ ਆਏ ਹਨ ਤੇ ਡਾਕਟਰ ਵਜੋਂ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਗਿਰਧਰ ਸ਼ਰਮਾ ਨੇ ਜਲੰਧਰ ਵਿਚ ਪੜ੍ਹਾਈ ਕੀਤੀ ਸੀ । ਉਨ੍ਹਾਂ ਦੇ ਮਾਂ-ਬਾਪ ਉਨ੍ਹਾਂ ਦੇ ਨਾਲ ਹੀ ਨਿਊਜ਼ੀਲੈਂਡ ਰਹਿੰਦੇ ਹਨ ਤੇ ਗੌਰਵ ਦੀ ਜਿੱਤ 'ਤੇ ਮਾਣ ਮਹਿਸੂਸ ਕਰ ਰਹੇ ਹਨ। ਭਾਰਤ ਤੇ ਵਿਦੇਸ਼ ਵਿਚ ਰਹਿੰਦੇ ਭਾਰਤੀ ਭਾਈਚਾਰੇ ਵਿਚ ਗੌਰਵ ਦੀ ਜਿੱਤ ਨੂੰ ਲੈ ਕੇ ਬਹੁਤ ਉਤਸ਼ਾਹ ਹੈ ।