ਖਾਧ ਪਦਾਰਥਾਂ ਦੇ ਨਮੂਨਿਆਂ ਦੀ ਜਾਂਚ ਸਬੰਧੀ ਰਿਪੋਰਟਾਂ 'ਚ ਆਇਆ ਨਿਰੰਤਰ ਸੁਧਾਰ: ਪੰਨੂ
ਸੂਬੇ ਵਿਚ ਖਾਧ ਪਦਾਰਥਾਂ ਦੀ ਨਿਰੰਤਰ ਜਾਂਚ ਸਦਕਾ ਖਾਣ ਵਾਲੇ ਪਦਾਰਥਾਂ ਦੇ ਸੈਂਪਲਾਂ ਦੀ ਜਾਂਚ ਸਬੰਧੀ ਰਿਪੋਰਟਾਂ ਵਿਚ...
ਚੰਡੀਗੜ੍ਹ (ਸਸਸ) : ਸੂਬੇ ਵਿਚ ਖਾਧ ਪਦਾਰਥਾਂ ਦੀ ਨਿਰੰਤਰ ਜਾਂਚ ਸਦਕਾ ਖਾਣ ਵਾਲੇ ਪਦਾਰਥਾਂ ਦੇ ਸੈਂਪਲਾਂ ਦੀ ਜਾਂਚ ਸਬੰਧੀ ਰਿਪੋਰਟਾਂ ਵਿਚ ਕਾਫ਼ੀ ਸੁਧਾਰ ਹੋਇਆ ਹੈ। ਇਹ ਜਾਣਕਾਰੀ ਦਿੰਦਿਆਂ ਫੂਡ ਅਤੇ ਡਰੱਗ ਪ੍ਰਬੰਧਨ ਪੰਜਾਬ ਦੇ ਕਮਿਸ਼ਨਰ ਸ੍ਰੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਗੁਣਵੱਤਾ ਤੇ ਖ਼ਰੇ ਨਾ ਉੱਤਰਨ ਵਾਲੇ ਸੈਂਪਲਾਂ ਵਿਚ ਭਾਰੀ ਗਿਰਵਾਟ ਆਈ ਹੈ।
ਪਿਛਲੇ ਤਿੰਨ ਮਹੀਨਿਆਂ ਦੀਆਂ ਜਾਂਚ ਰਿਪੋਰਟਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ੍ਰੀ ਪੰਨੂ ਨੇ ਦੱਸਿਆ ਕਿ ਪਰਖ਼ ਦੀ ਕਸਵੱਟੀ ਦੇ ਖ਼ਰੇ ਨਾ ਉਤਰਨ ਵਾਲੇ ਖਾਧ ਪਦਾਰਥਾਂ ਦੇ ਸੈਂਪਲ ਦੀ ਫੀਸਦ ਅਗਸਤ ਵਿਚ 46.5 ਸੀ ਅਤੇ ਸਤੰਬਰ ਵਿਚ ਇਹ ਘੱਟ ਕੇ 32.9 ਫੀਸਦ ਹੋ ਗਈ। ਜਦਕਿ ਅਕਤੂਬਰ ਮਹੀਨੇ ਵਿਚ ਅਜਿਹੇ ਸੈਂਪਲਾਂ ਦੀ ਗਿਣਤੀ 25.5 ਫੀਸਦ ਹੀ ਦਰਜ ਕੀਤੀ ਗਈ।
ਦੁੱਧ ਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਜਾਂਚ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਦੁੱਧ ਉਤਪਾਦਾਂ ਦੀ ਗੁਣਵੱਤਾ ਨੂੰ ਬਣਾਏ ਰੱਖਣਾ ਫੂਡ ਸੇਫ਼ਟੀ ਦੇ ਮੁੱਢਲੇ ਟੀਚਿਆਂ ਵਿਚ ਸ਼ਾਮਲ ਹੈ। ਉਹਨਾਂ ਦੱਸਿਆ ਕਿ ਅਗਸਤ ਮਹੀਨੇ ਵਿਚ ਦੁੱਧ ਉਤਪਾਦਾਂ ਨਾਲ ਸਬੰਧਤ ਕੁੱਲ 53.39 ਫੀਸਦ ਸੈਂਪਲ ਫੇਲ੍ਹ ਹੋਏ ਸਨ ਅਤੇ ਸਤੰਬਰ ਮਹੀਨੇ ਵਿਚ 42.33 ਫੀਸਦ ਜਦਕਿ ਅਕਤੂਬਰ ਇਹ ਫੀਸਦ ਘੱਟ ਕੇ ਮਹਿਜ਼ 32.81 ਹੀ ਰਹਿ ਗਈ।
ਉਨ੍ਹਾਂ ਕਿਹਾ ਕਿ ਬੇਸ਼ੱਕ ਅਜਿਹੇ ਗ਼ੈਰ ਮਿਆਰੀ ਸੈਂਪਲਾਂ ਦੀ ਗਿਣਤੀ ਵਿਚ ਲਗਾਤਾਰ ਕਮੀ ਦਰਜ ਕੀਤੀ ਜਾ ਰਹੀ ਪਰ ਦੁੱਧ ਤੇ ਦੁੱਧ ਉਤਪਾਦਾਂ ਦੇ 30 ਫੀਸਦ ਅਤੇ ਖਾਧ ਪਦਾਰਥਾਂ ਦੇ ਕੁੱਲ 25 ਫੀਸਦ ਸੈਂਪਲਾਂ ਦਾ ਫੇਲ੍ਹ ਹੋਣਾ ਇਕ ਚਿੰਤਾ ਦਾ ਵਿਸ਼ਾ ਅਤੇ ਚੁਣੌਤੀ ਹਾਲੇ ਵੀ ਬਰਕਰਾਰ ਹੈ। ਜਾਂਚ ਰਿਪੋਰਟਾਂ ਦੇ ਵਿਸਤ੍ਰਿਤ ਜਾਇਜ਼ੇ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਹਨ ਕਿ ਹਰਿਆਣਾ ਅਤੇ ਰਾਜਸਥਾਨ ਦੇ ਨਾਲ ਲਗਦੇ ਜ਼ਿਲ੍ਹਿਆਂ ਵਿਚ ਘਟੀਆ ਦਰਜੇ ‘ਤੇ ਮਿਲਾਵਟੀ ਪਦਾਰਥਾਂ ਦੇ ਸੈਂਪਲਾਂ ਦੀ ਗਿਣਤੀ ਕਾਫ਼ੀ ਵੱਧ ਪਾਈ ਗਈ ਹੈ।
ਫ਼ਰੀਦਕੋਟ ਤੇ ਫਾਜ਼ਿਲਕਾ ਜ਼ਿਲ੍ਹਿਆਂ ਤੋਂ ਲਏ ਗਏ ਸੈਂਪਲਾਂ ਵਿਚੋਂ 42 ਤੋਂ 45 ਫ਼ੀਸਦ ਮਾੜੇ ਦਰਜੇ ਦੇ ਪਾਏ ਗਏ। ਸ੍ਰੀ ਪੰਨੂ ਨੇ ਕਿਹਾ ਇਸ ਲਈ ਫੂਡ ਸੇਫ਼ਟੀ ਦੀ ਟੀਮਾਂ ਵਲੋਂ ਉਕਤ ਜ਼ਿਲ੍ਹਿਆਂ ਵਿਚ ਹੋਰ ਚੁਕੰਨੇ ਹੋਣ ਅਤੇ ਮਿਲਾਵਟਖੋਰਾਂ ‘ਤੇ ਸ਼ਿਕੰਜਾ ਕਸਣ ਦੀ ਸਲਾਹ ਦਿਤੀ ਗਈ ਹੈ ਤਾਂ ਜੋ ਅਜਿਹੇ ਮਿਲਾਵਟੀ ਪਦਾਰਥਾਂ ਦੀ ਉਪਲਬਧਤਾ ਦੀ ਲੜੀ ਨੂੰ ਤੋੜਿਆ ਜਾ ਸਕੇ।