ਨਵਜੋਤ ਸਿੰਘ ਸਿੱਧੂ ਦੀ ਜਾਨ ਨੂੰ ਖ਼ਤਰਾ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਪਾਰਟੀ ਦੇ ਤਿੰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕ ਤੇ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਜਾਨ ਨੂੰ ਖ਼ਤਰੇ ਦਾ ਅੰਦੇਸ਼ਾ ਜ਼ਾਹਰ...

Navjot Singh Sidhu

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਕਾਂਗਰਸ ਪਾਰਟੀ ਦੇ ਤਿੰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕ ਤੇ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਜਾਨ ਨੂੰ ਖ਼ਤਰੇ ਦਾ ਅੰਦੇਸ਼ਾ ਜ਼ਾਹਰ ਕੀਤਾ ਗਿਆ ਹੈ। ਕਾਂਗਰਸ ਪਾਰਟੀ ਨੇ ਇਸ ਸਬੰਧ ਵਿਚ ਬਾਕਾਇਦਾ ਪੱਤਰ ਲਿਖ ਕੇ ਕੇਂਦਰ ਕੋਲੋਂ ਸਿੱਧੂ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਦੋ ਸਫ਼ਿਆਂ ਦਾ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਿੱਧੂ ਨੂੰ ਸੀਆਈਐਸਐਫ (ਕੇਂਦਰੀ ਉਦਯੋਗਿਕ ਸੁਰੱਖਿਆ ਬਲ) ਤੇ ਸੀਆਈਐਸਡੀ ਦੀ ਸੁਰੱਖਿਆ ਦਿਤੀ ਜਾਵੇ।

ਉਨ੍ਹਾਂ ਦਸਿਆ ਕਿ ਸਿੱਧੂ ਇਸ ਸਮੇਂ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਪਾਰਟੀ ਲਈ ਕੰਮ ਕਰ ਰਹੇ ਹਨ ਅਤੇ ਸਿਆਸਤ ਤੇ ਟੈਲੀਵਿਜ਼ਨ ਦੀ ਦੁਨੀਆਂ ਵਿਚ ਵੱਡਾ ਚਿਹਰਾ ਹੋਣ ਕਾਰਨ ਸਿੱਧੂ ਨੂੰ ਖ਼ਤਰੇ ਦੀ ਸੰਭਾਵਨਾ ਹੈ। ਸੁਰਜੇਵਾਲਾ ਨੇ ਰਾਜਨਾਥ ਸਿੰਘ ਨੂੰ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵੀ ਸੀਆਈਐਸਡੀ ਦੀ ਸੁਰੱਖਿਆ ਦਿਤੀ ਹੋਈ ਹੋਣ ਦਾ ਹਵਾਲਾ ਦਿਤਾ ਹੈ ਅਤੇ ਕਿਹਾ ਹੈ 

ਕਿ ਸਿੱਧੂ ਦਾ ਮਜੀਠੀਆ ਨਾਲ ਅਕਸਰ ਟਕਰਾਅ ਪਿਆ ਰਹਿੰਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਸਿੱਧੂ ਨੂੰ ਪੂਰੇ ਦੇਸ਼ ਵਿਚ ਸੀਆਈਐਸਡੀ ਸੁਰੱਖਿਆ ਦਿਤੀ ਜਾਵੇ। ਨਵਜੋਤ ਸਿੰਘ ਸਿੱਧੂ ਦੋ ਦਿਨਾਂ ਤੋਂ ਛੱਤੀਸਗੜ੍ਹ 'ਚ ਤਿੰਨ ਦਿਨਾ ਪ੍ਰਚਾਰ ਮੁਹਿੰਮ 'ਤੇ ਹਨ। ਅਗਲੇ ਛੇ ਦਿਨ ਮੱਧ ਪ੍ਰਦੇਸ਼ 'ਚ ਸਿੱਧੂ ਦੇ ਜਾਦੂਈ ਬੋਲ ਗੂੰਜਣਗੇ। ਇਸ ਤੋਂ ਬਾਅਦ ਰਾਜਸਥਾਨ ਵਿਚ ਵੀ ਛੇ ਦਿਨ ਸਿੱਧੂ ਕਾਂਗਰਸੀ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ। ਕੇਂਦਰੀ ਗ੍ਰਿਹ ਮੰਤਰਾਲੇ ਦਾ ਇਸ ਪੱਤਰ ਜਾਂ ਮੰਗ 'ਤੇ ਖ਼ਬਰ ਲਿਖੇ ਜਾਣ ਤਕ ਕੋਈ ਪ੍ਰਤੀਕਰਮ ਨਹੀਂ ਆਇਆ ਸੀ।