ਪਰਮਿੰਦਰ ਢੀਂਡਸਾ ਨੇ ਫਿਰ ਮਾਰੀ ਸਿਆਸੀ 'ਟੁੰਭੀ'

ਏਜੰਸੀ

ਖ਼ਬਰਾਂ, ਪੰਜਾਬ

ਪਿਤਾ ਦੇ ਸ਼ਕਤੀ ਪ੍ਰਦਰਸ਼ਨ 'ਚੋਂ ਵੀ ਕੀਤਾ ਕਿਨਾਰਾ

file photo

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦੀਆਂ ਬਾਗੀ ਸੁਰਾਂ ਹੋਰ ਵੀ ਪ੍ਰਚੰਡ ਰੂਪ ਅਖਤਿਆਰ ਕਰਦੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਬਾਗੀ ਟਕਸਾਲੀ ਅਕਾਲੀਆਂ ਦੇ ਸਮਾਗਮ 'ਚ ਸ਼ਾਮਲ ਹੋ ਕੇ ਉਨ੍ਹਾਂ ਨੇ ਅਪਣੀ ਮਨਸ਼ਾ ਨੂੰ ਸਾਫ਼ ਜ਼ਾਹਰ ਕਰ ਦਿੱਤਾ ਸੀ। ਇਸੇ ਦੌਰਾਨ ਅੱਜ ਬਾਗੀ ਤੇਵਰਾਂ ਨੂੰ ਜਾਰੀ ਰਖਦਿਆਂ ਉਨ੍ਹਾਂ ਨੇ ਸੰਗਰੂਰ ਵਿਖੇ ਸਥਿਤ ਅਪਣੇ ਗ੍ਰਹਿ ਵਿਖੇ ਸ਼ਕਤੀ ਪ੍ਰਦਰਸ਼ਨ ਕੀਤਾ ਹੈ।

ਪਰਮਿੰਦਰ ਢੀਂਡਸਾ ਦੀ ਗ਼ੈਰਹਾਜ਼ਰੀ ਨੇ ਛੇੜੀ ਨਵੀਂ ਚਰਚਾ : ਸ਼ਕਤੀ ਪ੍ਰਦਰਸ਼ਨ ਦੌਰਾਨ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਦੀ ਗ਼ੈਰ ਮੌਜੂਦਗੀ ਨੇ ਸਿਆਸੀ ਗਲਿਆਰਿਆ ਅੰਦਰ ਨਵੀਂ ਚਰਚਾ ਛੇੜ ਦਿੱਤੀ ਹੈ। ਭਾਵੇਂ ਪਰਮਿੰਦਰ ਸਿੰਘ ਢੀਂਡਸਾ ਜਨਤਕ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹੇ ਹੋਣ ਦਾ ਐਲਾਨ ਕਰ ਚੁੱਕੇ ਹਨ ਪਰ ਉਨ੍ਹਾਂ ਦੀਆਂ ਸਿਆਸੀ ਸਰਗਰਮੀਆਂ ਦੀ ਲੁਕਾ-ਛਿਪੀ ਕਾਰਨ ਉਨ੍ਹਾਂ ਦੇ ਅਗਲੇ ਸਿਆਸੀ ਕਦਮਾਂ ਬਾਰੇ ਭੰਬਲਭੂਸਾ ਕਾਇਮ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਸਮਾਗਮ ਦੌਰਾਨ ਵੀ ਉਹ ਦੋਵਾਂ ਧੜਿਆਂ ਦੇ ਸਮਾਗਮਾਂ ਵਿਚੋਂ ਗਾਇਬ ਰਹੇ ਸਨ।

21 ਦਸੰਬਰ ਨੂੰ ਤਸਵੀਰ ਸਾਫ਼ ਹੋਣ ਦੇ ਅਸਾਰ : ਹੁਣ 21 ਦਸੰਬਰ ਨੂੰ ਅਕਾਲੀ ਦਲ (ਬਾਦਲ) ਵੱਲੋਂ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਸਰਕਾਰ ਵਿਰੁਧ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਦੌਰਾਨ ਬਾਦਲਾਂ ਦੀ ਢੀਂਡਸਾ ਪਰਿਵਾਰ ਨਾਲ ਸਿਆਸੀ ਸਾਂਝ ਦੀ ਅਸਲ ਸਥਿਤੀ ਸਾਹਮਣੇ ਆਉਣ ਦੇ ਅਸਾਰ ਹਨ।

ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਪਟਿਆਲਾ ਜ਼ਿਲ੍ਹੇ ਦਾ ਅਬਜ਼ਰਵਰ ਬਣਾਇਆ ਗਿਆ ਹੈ। ਹੁਣ ਸਭ ਦੀਆਂ ਨਜ਼ਰਾਂ ਪਟਿਆਲਾ ਰੈਲੀ 'ਤੇ ਟਿਕੀਆਂ ਹੋਈਆਂ ਹਨ। ਭਾਵੇਂ ਅਜੇ ਤਕ ਢੀਂਡਸਾ ਪਰਵਾਰ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਭ ਠੀਕ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਹੀ ਤਸਵੀਰ 21 ਦਸੰਬਰ ਤੋਂ ਬਾਅਦ ਹੀ ਸਾਫ਼ ਹੋਣ ਦੇ ਅਸਾਰ ਹਨ।