ਮਹਿੰਗੀ ਬਿਜਲੀ ਤੋਂ ਲੋਕਾਂ ਨੂੰ ਮਿਲੀ ਰਾਹਤ, ਜ਼ਮੀਨੀ ਪੱਧਰ 'ਤੇ ਲਾਗੂ ਹੋਏ ਸੀਐਮ ਚੰਨੀ ਦੇ ਵਾਅਦੇ
ਪਿੰਡ ਕਾਲੇ ਘਣੂੰਪੁਰ 'ਚ ਹੋਇਆ 100% ਵਿਕਾਸ, ਪੂਰਾ ਪਿੰਡ ਮੁੱਖ ਮੰਤਰੀ ਨੂੰ ਕਹਿੰਦਾ 'ਚੰਨੀ ਵੀਰ'
ਅੰਮ੍ਰਿਤਸਰ (ਸਰਵਣ ਸਿੰਘ ਰੰਧਾਵਾ): ਮੌਜੂਦਾ ਪੰਜਾਬ ਸਰਕਾਰ ਵਲੋਂ ਲੋਕ ਭਲਾਈ ਲਈ ਲਏ ਗਏ ਵੱਖ-ਵੱਖ ਫੈਸਲਿਆਂ ਤੋਂ ਬਾਅਦ ਪੰਜਾਬ ਦੇ ਲੋਕਾਂ ਵਿਚ ਨਵੀਂ ਉਮੀਦ ਦੀ ਕਿਰਨ ਜਗੀ ਹੈ। ਪੰਜਾਬ ਦੇ ਹਰ ਘਰ ਵਿਚ ਪੰਜਾਬ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਸਸਤੀ ਬਿਜਲੀ, ਪਾਣੀ ਅਤੇ ਸੀਵਰੇਜ ਦੇ ਬਿੱਲ ਮਾਫ ਹੋਣ ਤੋਂ ਬਾਅਦ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ। ਅੰਮ੍ਰਿਤਸਰ ਦੇ ਪਿੰਡ ਘਣੂੰਪੁਰ ਦੇ ਲੋਕ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਹਨ ਕਿ ਪੂਰਾ ਪਿੰਡ ਮੁੱਖ ਮੰਤਰੀ ਨੂੰ ‘ਚੰਨੀ ਵੀਰ’ ਕਹਿੰਦਾ ਹੈ।
ਪਿੰਡ ਦੀ ਰਹਿਣ ਵਾਲੀ ਮਹਿਲਾ ਪਰਮਜੀਤ ਕੌਰ ਨੇ ਦੱਸਿਆ ਕਿ ਪਹਿਲਾਂ ਸਰਕਾਰ ਵਲੋਂ ਉਹਨਾਂ ਦਾ 20 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਮਾਫ ਕੀਤਾ ਗਿਆ ਅਤੇ ਹੁਣ ਕੱਚੇ ਮਕਾਨ ਨੂੰ ਪੱਕਾ ਕਰਨ ਲਈ ਸਰਕਾਰ ਵਲੋਂ ਆਰਥਕ ਮਦਦ ਲਈ ਚੈੱਕ ਦਿੱਤੇ ਗਏ। ਉਹਨਾਂ ਦਾ ਕਹਿਣਾ ਹੈ ਕਿ ਮੀਂਹ ਦੇ ਮੌਸਮ ਵਿਚ ਘਰ ਦੀ ਛੱਤ ਡਿੱਗਣ ਵਾਲੀ ਹੋ ਜਾਂਦੀ ਸੀ ਪਰ ਸਰਕਾਰ ਦੀ ਮਦਦ ਨਾਲ ਹੁਣ ਉਹਨਾਂ ਨੂੰ ਰਾਹਤ ਮਿਲੀ ਹੈ। ਉਹਨਾਂ ਨੇ ਇਹਨਾਂ ਸਹੂਲਤਾਂ ਲਈ ਮੁੱਖ ਮੰਤਰੀ ਚੰਨੀ ਦਾ ਧੰਨਵਾਦ ਕੀਤਾ ਹੈ।
ਪਿੰਡ ਦੀ ਇਕ ਹੋਰ ਮਹਿਲਾ ਸਵਰਨ ਕੌਰ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੌਰਾਨ ਪਿੰਡ ਦਾ ਬਹੁਤ ਵਿਕਾਸ ਹੋਇਆ ਹੈ ਅਤੇ ਪਿੰਡ ਦੀਆਂ ਸੜਕਾਂ ਵਿਚ ਸਟ੍ਰੀਟ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਅਸੀਂ ਚੰਨੀ ਸਾਬ੍ਹ ਨੂੰ ਹੀ ਮੁੱਖ ਮੰਤਰੀ ਬਣਾਵਾਂਗੇ। ਮਨਜੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਦਾ 13 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਬਕਾਇਆ ਸੀ ਜੋ ਕਿ ਮੌਜੂਦਾ ਸਰਕਾਰ ਵਲੋਂ ਮਾਫ ਕਰ ਦਿੱਤਾ ਗਿਆ ਹੈ।