ਕੈਪਟਨ ਦੀ ਐਂਤਕੀਂ ਪਟਿਆਲਾ 'ਚ ਜ਼ਮਾਨਤ ਜ਼ਬਤ ਹੋਵੇਗੀ: ਰਾਜਾ ਵੜਿੰਗ
'ਅਸੀਂ ਪਿਛਲੀ ਵਾਰ ਨਾਲੋਂ ਵੱਧ ਸੀਟਾਂ ਜਿੱਤ ਕੇ ਦੁਬਾਰਾ ਸਰਕਾਰ ਬਣਾਵਾਂਗੇ'
ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਕਾਂਗਰਸ ਪਿਛਲੀ ਵਾਰ ਨਾਲੋਂ ਵੱਧ ਸੀਟਾਂ ਜਿੱਤ ਕੇ ਦੁਬਾਰਾ ਸੱਤਾ ਵਿਚ ਆਏਗੀ। ਉਹਨਾਂ ਕਿਹਾ ਕਿ ਅਸੀਂ ਲੋਕਾਂ ਵਿਚ ਵਿਚਰ ਰਹੇ ਹਾਂ ਤੇ ਜਿਸ ਤਰ੍ਹਾਂ ਦਾ ਉਤਸ਼ਾਹ ਲੋਕਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ, ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਲੋਕ ਮਹਿਸੂਸ ਕਰ ਹਨ ਕਿ ਸਾਡੀ ਸਰਕਾਰ ਵਿਚ ਹੀ ਉਹਨਾਂ ਦੇ ਮਸਲੇ ਹੱਲ਼ ਹੋਣਗੇ। ਉਹਨਾਂ ਕਿਹਾ ਕਿ ਇਸ ਵਾਰ ਪਟਿਆਲਾ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਜ਼ਮਾਨਤ ਜ਼ਬਤ ਹੋਵੇਗੀ।
ਰਾਜਾ ਵੜਿੰਗ ਨੇ ਕਿਹਾ ਕਿ ਸਾਨੂੰ ਕਾਂਗਰਸ ਸਰਕਾਰ ਬਣਨ ਤੋਂ ਦੋ ਸਾਲ ਬਾਅਦ ਹੀ ਸ਼ੱਕ ਹੋ ਗਿਆ ਸੀ ਕਿ ਕੈਪਟਨ ਅਖੀਰ ਵਿਚ ਭਾਜਪਾ ਨਾਲ ਰਲ਼ ਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨਗੇ, ਇਹੀ ਕਾਰਨ ਸੀ ਕਿ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਾਰਿਆ ਗਿਆ, ਹਾਲਾਂਕਿ ਸਾਡਾ ਫੈਸਲਾ ਥੋੜਾ ਦੇਰੀ ਨਾਲ ਆਇਆ ਪਰ ਉਹ ਸ਼ੁਰੂ ਤੋਂ ਭਾਜਪਾ ਨਾਲ ਰਲੇ ਹੋਏ ਸਨ। ਉਹਨਾਂ ਕਿਹਾ ਕਿ ਕੈਪਟਨ ਨੇ ਪਹਿਲਾਂ ਵੀ ਅਪਣੀ ਪਾਰਟੀ ਬਣਾਈ ਸੀ ਅਤੇ ਇਸ ਵਾਰ ਉਹਨਾਂ ਦੀ ਪਾਰਟੀ ਦਾ ਹਾਲ ਪਹਿਲਾਂ ਨਾਲੋਂ ਵੀ ਬੱਦਤਰ ਹੋਣ ਵਾਲਾ ਹੈ। ਇਸ ਵਾਰ ਕੈਪਟਨ ਦੀ ਪਟਿਆਲਾ 'ਚ ਜ਼ਮਾਨਤ ਜ਼ਬਤ ਹੋਵੇਗੀ।
ਕੈਪਟਨ ਵਲੋਂ ਸੀਐਮ ਚੰਨੀ ਨੂੰ ਦਿੱਤੀ ਗਈ ਨਸੀਹਤ ’ਤੇ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਨੂੰ ਡਰੋਨਾਂ ਤੋਂ ਕੋਈ ਖਤਰਾ ਨਹੀਂ ਹੈ। ਉਹਨਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਮੁੱਖ ਮੰਤਰੀ ਲੋਕਾਂ ਵਿਚ ਜਾ ਕੇ ਭੰਗੜਾ ਪਾ ਰਹੇ ਹਨ, ਕੈਪਟਨ ਤਾਂ ਬਾਹਰ ਹੀ ਨਹੀਂ ਨਿਕਲੇ, ਨਾ ਉਹਨਾਂ ਨੇ ਭੰਗੜਾ ਪਾਇਆ ਅਤੇ ਨਾ ਹੀ ਕਿਸੇ ਗਰੀਬ ਅਤੇ ਆਮ ਵਿਅਕਤੀ ਦੀ ਆਵਾਜ਼ ਸੁਣੀ। ਸੀਐਮ ਚੰਨੀ ਲੋਕਾਂ ਵਿਚ ਜਾ ਕੇ ਉਹਨਾਂ ਦੀ ਗੱਲ ਸੁਣ ਰਹੇ ਹਨ। ਗੁਰਨਾਮ ਸਿੰਘ ਚੜੂਨੀ ਦੀ ਸਿਆਸੀ ਪਾਰਟੀ ਬਾਰੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕਈ ਲੋਕ ਸੇਵਾ ਦੇ ਬਹਾਨੇ ਰਾਜਨੀਤੀ ਵਿਚ ਆਉਣਾ ਚਾਹੁੰਦੇ ਹਨ। ਸਾਰਿਆਂ ਨੂੰ ਅਪਣਾ ਮਕਸਦ ਸਪੱਸ਼ਟ ਕਰਨਾ ਚਾਹੀਦਾ ਹੈ।