ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਜੁੜਿਆ ਨਵਾਂ ਵਿਵਾਦ

ਏਜੰਸੀ

ਖ਼ਬਰਾਂ, ਪੰਜਾਬ

ਵਿਦਵਾਨਾਂ ਦੀ ਪੰਚ ਮੈਂਬਰੀ ਕਮੇਟੀ ਮੂਹਰੇ ਨਹੀਂ ਹੋਏ ਪੇਸ਼

file photo

ਚੰਡੀਗੜ੍ਹ :ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਰਿਹਾ ਹੈ। ਅਪਣੀਆਂ ਬੇਬਾਕ ਟਿੱਪਣੀਆਂ ਕਾਰਨ ਉਹ ਆਮ ਹੀ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਜਾਂਦੇ ਹਨ। ਜਿੱਥੇ ਉਨ੍ਹਾਂ ਦੇ ਪ੍ਰਸੰਸਕਾਂ ਦੀ ਵੱਡੀ ਗਿਣਤੀ ਮੌਜੂਦ ਹੈ, ਉਥੇ ਵਿਰੋਧੀਆਂ ਦੀ ਵੀ ਕਮੀ ਨਹੀਂ ਹੈ। ਉਨ੍ਹਾਂ ਦੇ ਦੀਵਾਨਾਂ ਵਿਚ ਸੰਗਤ ਦੀ ਜੁੜਦੀ ਵੱਡੀ ਗਿਣਤੀ ਤੋਂ ਵਿਰੋਧੀ ਵੀ ਹੈਰਾਨ-ਪ੍ਰੇਸ਼ਾਨ ਰਹਿੰਦੇ ਹਨ। ਪਰ ਭਾਈ ਢੱਡਰੀਆਂ ਵਾਲਿਆਂ ਦੇ ਪ੍ਰਚਾਰ ਦੇ ਤਰੀਕੇ ਤੇ ਅਪਣੀ ਗੱਲ ਸਪੱਸ਼ਟਤਾ ਨਾਲ ਕਹਿਣ ਦੀ ਸ਼ੈਲੀ ਵਿਚ ਕੋਈ ਫ਼ਰਕ ਨਹੀਂ ਪਿਆ।

ਹੁਣ ਉਨ੍ਹਾਂ ਨਾਲ ਇਕ ਨਵਾਂ ਵਿਵਾਦ ਜੁੜਦਾ ਜਾਪ ਰਿਹਾ ਹੈ। ਇਸ ਵਾਰ ਉਨ੍ਹਾਂ ਦਾ ਸਿੱਧਾ ਟਾਕਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਹੈ। ਕਿਉਂਕਿ ਢੱਡਰੀਆ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਗਠਿਤ ਕੀਤੀ ਗਈ ਪੰਜ ਮੈਂਬਰ ਕਮੇਟੀ ਸਾਹਮਣੇ ਪੇਸ਼ ਨਹੀਂ ਹੋਏ। ਵਿਦਵਾਨ ਬੀਤੇ ਐਤਵਾਰ ਸ਼ਾਮ ਤਕ ਉਨ੍ਹਾਂ ਨੂੰ ਉਡੀਕਦੇ ਰਹੇ ਪਰ ਢੱਡਰੀਆਂ ਵਾਲੇ ਇਸ ਸਮੇਂ ਤਕ ਅਮਰੀਕਾ ਪਹੁੰਚ ਚੁੱਕੇ ਸਨ।

ਦੱਸ ਦਈਏ ਕਿ ਭਾਈ ਢੱਡਰੀਆਂ ਵਾਲੇ 'ਤੇ ਸਿੱਖ ਇਤਿਹਾਸ ਤੇ ਸਿੱਖ ਸ਼ਖ਼ਸੀਅਤਾਂ ਬਾਰੇ ਵਿਵਾਦਤ ਪ੍ਰਚਾਰ ਕਰਨ ਦੇ ਇਲਜ਼ਾਮ ਲੱਗੇ ਹਨ। ਸੰਗਤਾਂ ਦੀਆਂ ਸ਼ਿਕਾਇਤਾਂ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਢੱਡਰੀਆਂ ਵਾਲਿਆਂ ਦਾ ਪੱਖ ਜਾਨਣ ਲਈ ਵਿਦਵਾਨਾਂ ਦੀ ਪੰਜ ਮੈਂਬਰੀ ਸਬ ਕਮੇਟੀ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਨੂੰ 22 ਦਸੰਬਰ ਨੂੰ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਕਮੇਟੀ ਸਾਹਮਣੇ ਪੇਸ਼ ਹੋਣ ਲਈ ਬਕਾਇਦਾ ਹੱਥਦਸਤੀ ਦਿਤੇ ਪੱਤਰ ਤਹਿਤ ਸੱਦਿਆ ਗਿਆ ਸੀ।

ਐਤਵਾਰ ਨੂੰ ਢੱਡਰੀਆਂ ਵਾਲੇ ਜਾਂ ਉਨ੍ਹਾਂ ਦੇ ਕਿਸੇ ਨੁਮਾਇੰਦੇ ਵਲੋਂ ਪਹੁੰਚ ਨਹੀਂ ਕੀਤੀ ਗਈ। ਅਜਿਹੇ 'ਚ ਸਬ ਕਮੇਟੀ ਵਲੋਂ ਹੁਣ ਭਾਈ ਢੱਡਰੀਆਂ ਵਾਲੇ ਨੂੰ ਲਿਖੇ ਪੱਤਰ ਵਿਚ ਪੁਛਿਆ ਗਿਆ ਹੈ ਕਿ ਉਹ 5 ਜਨਵਰੀ 2020 ਤਕ ਅਪਣੀ ਉਪਲੱਬਤਾ ਬਾਰੇ ਦੱਸਣ ਲਈ ਕੋਆਰਡੀਨੇਟਰ ਸਬ ਕਮੇਟੀ ਨਾਲ ਸੰਪਰਕ ਕਰਨ ਤਾਂ ਜੋ ਅਗਲੀ ਇਕੱਤਰਤਾ ਦੀ ਤਰੀਕ ਤੈਅ ਕੀਤੀ ਜਾ ਸਕੇ।

ਇਸੇ ਦੌਰਾਨ ਢੱਡਰੀਆਂ ਵਾਲੇ ਦੇ ਸ਼ਿਕਾਂਗੋ ਪੁੱਜੇ ਹੋਣ ਦਾ ਪਤਾ ਚੱਲਿਆ ਹੈ। ਉਨ੍ਹਾਂ ਸ਼ਿਕਾਂਗੋ ਜਾਣ ਤੋਂ ਪਹਿਲਾਂ ਇਕ ਵੀਡੀਓ ਕਲਿਪ 'ਚ ਇਹ ਵੀ ਕਿਹਾ ਸੀ ਉਹ ਪੰਜ ਮੈਂਬਰੀ ਕਮੇਟੀ ਅੱਗੇ ਪੇਸ਼ ਨਹੀਂ ਹੋਣਗੇ। ਵਾਇਰਲ ਵੀਡੀਓ 'ਚ ਭਾਈ ਢੱਡਰੀਆਂ ਵਾਲੇ ਦਾ ਕਹਿਣਾ ਹੈ ਕਿ ਉਹ ਪੰਜਾਰੀ ਪਰੰਪਰਾ ਦੇ ਪੈਰਾਂ ਵਿਚ ਨਹੀਂ ਬੈਠਣਗੇ।  ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਉਹ ਇਤਿਹਾਸ ਪ੍ਰਤੀ ਦੁਹਰਾਏ ਅਪਣੇ ਕਥਨਾਂ 'ਤੇ ਅੱਜ ਵੀ ਪਹਿਲਾਂ ਵਾਂਗ ਹੀ ਕਾਇਮ ਹਨ ਤੇ ਉਨ੍ਹਾਂ ਕੁੱਝ ਵੀ ਗ਼ਲਤ ਨਹੀਂ ਕੀਤਾ ਤੇ ਬਿਨਾਂ ਕਿਸੇ ਗ਼ਲਤੀ ਦੇ ਮੁਆਫ਼ੀ ਨਹੀਂ ਮੰਗਣਗੇ।