ਦਮਦਮੀ ਟਕਸਾਲ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖਿਲਾਫ਼ ਕੀਤਾ ਵੱਡਾ ਦਾਅਵਾ!

ਏਜੰਸੀ

ਖ਼ਬਰਾਂ, ਪੰਜਾਬ

ਭਾਈ ਢੱਡਰੀਆਂ ਵਾਲਿਆਂ ਦੇ ਨਾਮ ਜ਼ਮੀਨ ਹੋਣ ਦੇ ਪੇਸ਼ ਕੀਤੇ ਸਬੂਤ

file photo

ਪਟਿਆਲਾ : ਉਘੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਅਤੇ ਦਮਦਮੀ ਟਕਸਾਲ ਵਿਚਾਲੇ ਚੱਲ ਰਹੀ ਖਿੱਚੋਤਾਣ ਨੇੜ-ਭਵਿੱਖ 'ਚ ਖ਼ਤਮ ਹੁੰਦੀ ਵਿਖਾਈ ਨਹੀਂ ਦੇ ਰਹੀ। ਦੋਵਾਂ ਧੜਿਆਂ ਵਿਚਾਲੇ ਨਿੱਕੀ-ਨਿੱਕੀ ਗੱਲ ਨੂੰ ਲੈ ਕੇ ਖਿਚੋਤਾਣ ਅਪਣੀ ਚਰਮ-ਸੀਮਾ 'ਤੇ ਪਹੁੰਚ ਜਾਂਦਾ ਹੈ। ਹੁਣ ਦਮਦਮੀ ਟਕਸਾਲ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਘੇਰਨ ਲਈ ਨਵਾਂ ਦਾਅਵਾ ਕੀਤਾ ਹੈ। ਦਮਦਮੀ ਟਕਸਾਲ ਦੇ ਬੁਲਾਰੇ ਵਲੋਂ ਭਾਈ ਰਣਜੀਤ ਸਿੰਘ ਢੱਡਰੀਆ ਵਾਲਿਆਂ ਦੇ ਨਾਮ ਜ਼ਮੀਨ ਹੋਣ ਦਾ ਦਾਅਵਾ ਕਰਦਿਆਂ ਜ਼ਮੀਨ ਸਬੰਧੀ ਸਬੂਤ ਮੀਡੀਆ ਸਾਹਮਣੇ ਪੇਸ਼ ਕੀਤੇ ਗਏ ਹਨ।

ਕਾਬਲੇਗੌਰ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਅਪਣੇ ਦੀਵਾਨਾਂ ਦੌਰਾਨ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ਉਨ੍ਹਾਂ ਨੇ ਅਪਣੇ ਨਾਂ 'ਤੇ ਕੋਈ ਜਾਇਦਾਦ ਨਹੀਂ ਬਣਾਈ ਅਤੇ ਸਾਰੀ ਜਾਇਦਾਦ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਵਾਈ ਹੋਈ ਹੈ। ਅਪਣੇ ਨਾਮ ਜ਼ਮੀਨ ਹੋਣ ਦੇ ਸਬੂਤ ਪੇਸ਼ ਕਰਨ ਦੀ ਸੂਰਤ 'ਚ ਉਨ੍ਹਾਂ ਵਲੋਂ ਸਟੇਜ ਛੱਡਣ ਦੇ ਦਾਅਵੇ ਵੀ ਕੀਤੇ ਜਾਂਦੇ ਰਹੇ ਹਨ। ਹੁਣ ਦਮਦਮੀ ਟਕਸਾਲ ਇਸੇ ਮੁੱਦੇ 'ਤੇ ਭਾਈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਘੇਰਨ ਦੇ ਰੌਂਅ ਵਿਚ ਹੈ।

ਦਮਦਮੀ ਟਕਸਾਲ ਦੇ ਬੁਲਾਰੇ ਸਰਚਾਂਦ ਸਿੰਘ ਨੇ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੀ ਆਨ-ਲਾਈਨ ਫਰਦ ਅਤੇ ਜਮ੍ਹਾਬੰਦੀਆਂ ਸਬੂਤ ਵਜੋਂ ਪੇਸ਼ ਕਰਦਿਆਂ ਕਿਹਾ ਕਿ ਜ਼ਿਲ੍ਹਾ ਪਟਿਆਲਾ ਦੇ ਪਿੰਡ ਸ਼ੇਖੂਪੁਰ ਦੀ ਜਮ੍ਹਾਬੰਦੀ 1017-18 ਹੱਦਬਸਤ ਨੰਬਰ 50 'ਤੇ ਖੇਵਟ ਨੰਬਰ 80 ਅਤੇ ਖਤੌਨੀ ਨੰਬਰ 124 ਵਿਚ ਮਾਲਕ ਦਾ ਨਾਂ ਤੇ ਵੇਰਵੇ 'ਚ ਭਾਈ ਢੱਡਰੀਆਂ ਵਾਲੇ ਦੇ ਨਾਂ 'ਤੇ ਦਰਜ ਹਨ।

ਇਸ ਤੋਂ ਇਲਾਵਾ ਖੇਵਟ ਨੰ: 110 ਤੇ ਖਤੌਨੀ ਨੰ: 178 'ਤੇ ਕਾਸ਼ਤਕਾਰ ਵਜੋਂ ਗੁਰੂ ਗ੍ਰੰਥ ਸਾਹਿਬ ਪਰਮੇਸ਼ਰ ਦੁਆਰ ਸਾਹਿਬ 1/2 ਹਿੱਸਾ, ਗੁਰਦੁਆਰ ਪਰਮੇਸ਼ਰ ਦੁਆਰ ਸਾਹਿਬ ਸ਼ੇਖੂਪੁਰ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ 1/2 ਹਿੱਸਾ ਮੁਸ਼ਤਰਿਆਨ ਕਾਸ਼ਤ ਮੁਸ਼ਤਰਿਆਨ ਵਜੋਂ ਦਰਜ ਹਨ। ਇਸੇ ਤਰ੍ਹਾਂ ਖੇਵਟ ਨੰ: 112 ਦੇ ਖਤੌਨੀ 181 'ਤੇ ਪਰਮੇਸ਼ਰ ਦੁਆਰ ਚੈਰੀਟੇਬਲ ਟਰੱਸਟ ਸ਼ੇਖੂਪਰ 125/494 ਹਿੱਸਾ ਅਤੇ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ 369/494 ਹਿੱਸਾ ਵਜੋਂ ਦਰਜ ਹੈ।

ਇਸ ਸਬੰਧੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਸੇਵਾਦਾਰ ਦਾ ਕਹਿਣਾ ਹੈ ਕਿ ਗੁਰਦੁਆਰਾ ਪਰਮੇਸ਼ਰ ਦੁਆਰ ਦੇ ਨਾਂ 32 ਏਕੜ ਜ਼ਮੀਨ ਹੈ। ਵਿਚੋਂ 30 ਏਕੜ ਤਾਂ ਬਾਬਾ ਜੀ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਲਗਵਾਈ ਗਈ ਹੈ, ਜਦਕਿ ਸਿਰਫ਼ ਦੋ ਏਕੜ ਜ਼ਮੀਨ ਬੈਂਕ ਲੋਨ ਹੋਣ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਨਾਮ ਨਹੀਂ ਲਗਵਾਈ ਜਾ ਸਕੀ ਸੀ। ਉਨ੍ਹਾਂ ਕਿਹਾ ਕਿ ਲੋਨ ਖ਼ਤਮ ਹੋਣ ਤੋਂ ਬਾਅਦ ਰਹਿੰਦੀ ਜ਼ਮੀਨ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਵਾ ਦਿਤੀ ਜਾਵੇਗੀ।