ਤੀਸ ਹਜ਼ਾਰੀ ਅਦਾਲਤ ’ਚ ਸੌਰਵ ਜੈਨ ਖ਼ਿਲਾਫ਼ ਰਾਘਵ ਚੱਢਾ ਨੇ ਕੀਤਾ ਅਪਰਾਧਿਕ ਮਾਣਹਾਨੀ ਦਾ ਮੁਕੱਦਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਘਵ ਚੱਢਾ ਨੇ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿਚ ਪਟਿਆਲਾ ਦੇ ਨਿਵਾਸੀ ਸੌਰਵ ਜੈਨ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਹੈ।

Raghav Chadha

 

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਪ੍ਰਭਾਰੀ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿਚ ਪਟਿਆਲਾ ਦੇ ਨਿਵਾਸੀ ਸੌਰਵ ਜੈਨ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਹੈ। ਅਦਾਲਤ ਨੂੰ ਦਿੱਤੇ ਹਲਫ਼ਨਾਮੇ ਵਿੱਚ ਰਾਘਵ ਚੱਢਾ ਦੇ ਵਕੀਲ ਨੇ ਦੋਸ਼ ਲਾਇਆ ਕਿ ਸੌਰਵ ਜੈਨ ਨੇ ਆਪਣੇ ਰਾਜਨੀਤਿਕ ਉਦੇਸ਼ਾਂ ਦੀ ਪੂਰਤੀ ਲਈ 'ਆਪ' ਆਗੂ ਰਾਘਵ ਚੱਢਾ ਦੀ ਬੇਦਾਗ਼ ਅਕਸ, ਸਨਮਾਨ ਅਤੇ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਲਈ ਇੱਕ ਸਾਜਿਸ਼ ਕੀਤੀ ਹੈ।

Raghav Chadha

ਮਾਣਯੋਗ ਅਦਾਲਤ ਨੇ ਸ਼ਿਕਾਇਤ ਵਿੱਚ ਮਾਮਲੇ ਦਾ ਪਤਾ ਲਾਉਣ ਦੇ ਨਾਲ ਨਾਲ ਸਬੂਤ ਦੇ ਤੌਰ 'ਤੇ ਉਪਲੱਬਧ ਸਮੱਗਰੀ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ ਅਪਰਾਧਿਕ ਮਾਨਹਾਨੀ ਦੇ ਦੋਸ਼ ਦਾ ਨੋਟਿਸ ਲਿਆ ਹੈ। ਅਜਿਹੇ ਮਾਮਲੇ ਵਿੱਚ ਸਜ਼ਾ ਦੇ ਰੂਪ ਵਿੱਚ ਦੋ ਸਾਲ ਕੈਦ ਤੱਕ ਦੀ ਵਿਵਸਥਾ ਹੈ। ਅਦਾਲਤ ਵਿੱਚ ਉਹਨਾਂ ਦੇ ਵਕੀਲ ਨੇ ਦੱਸਿਆ ਕਿ ਸੌਰਵ ਜੈਨ ਨੇ ਰਾਘਵ ਚੱਢਾ ਨੂੰ ਬਦਨਾਮ ਕਰਨ ਲਈ ਨਾਪਾਕ ਰਾਜਨੀਤਿਕ ਇਰਾਦੇ ਨਾਲ ਭ੍ਰਿਸ਼ਟਾਚਾਰ ਦੇ ਬੇਬੁਨਿਆਦ ਦੋਸ਼ ਲਾਏ ਹਨ।

Court

ਰਾਘਵ ਚੱਢਾ ਦਿੱਲੀ ਦੇ ਵਿਧਾਇਕ ਅਤੇ ਦਿੱਲੀ ਜਲ ਬੋਰਡ ਦੇ ਉਪ ਪ੍ਰਧਾਨ ਹਨ। ਉਹ ਦਿੱਲੀ ਵਿਧਾਨ ਸਭਾ ਦੀਆਂ ਕਈ ਸਮਿਤੀਆਂ ਦੇ ਪ੍ਰਧਾਨ ਵੀ ਹਨ ਅਤੇ ਉਹਨਾਂ ਕੋਲ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਦੀ ਜ਼ਿੰਮੇਵਾਰੀ ਵੀ ਹੈ। ਸ਼ਿਕਾਇਤ ਵਿੱਚ ਅੱਗੇ ਕਿਹਾ ਗਿਆ ਹੈ ਕਿ ਪ੍ਰਕਾਸ਼ਿਤ ਅਪਮਾਨਜਨਕ ਸਮੱਗਰੀ ਸਪੱਸ਼ਟ ਰੂਪ ਨਾਲ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਪੂਰੇ ਦੇਸ਼ ਵਿੱਚ ਖਾਸ ਕਰਕੇ ਦਿੱਲੀ ਦੇ ਲੋਕਾਂ ਵਿੱਚ ਰਾਘਵ ਚੱਢਾ ਦੇ ਅਕਸ ਅਤੇ ਸਨਮਾਨ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਅਜਿਹਾ ਕੀਤਾ ਗਿਆ ਹੈ।