ਕੀ ਟੁੱਟ ਜਾਵੇਗਾ 24 ਸਾਲ ਪੁਰਾਣਾ ਅਕਾਲੀ-ਭਾਜਪਾ ਗਠਜੋੜ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਗੂਆਂ ਦੀ ਬਿਆਨਬਾਜ਼ੀ ਨਾਲ ਪੈਦਾ ਹੋਏ ਮਤਭੇਦ

Photo

ਚੰਡੀਗੜ੍ਹ: ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਦੇ ਸੀਟ ਦੀ ਵੰਡ ਵਾਲੇ ਬਿਆਨ ਤੋਂ ਬਾਅਦ ਅਕਾਲੀ ਦਲ ਅਤੇ ਭਾਜਪਾ ਦੇ ਦਹਾਕਿਆਂ ਪੁਰਾਣੇ ਗਠਜੋੜ ਦੇ ਕਿਲੇ ਵਿਚ ਤੇਜ਼ੀ ਨਾਲ ਦਰਾਰ ਆਉਣ ਲੱਗੀ ਹੈ।

ਬੀਤੇ ਦਿਨੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਨਾਗਰਿਕਤਾ ਕਾਨੂੰਨ ‘ਤੇ ਦਿੱਤੇ ਗਏ ਬਿਆਨ ਤੋਂ ਬਾਅਦ ਮੰਗਲਵਾਰ ਨੂੰ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਨਾ ਸਿਰਫ ਕੇਂਦਰ ਸਰਕਾਰ ਵੱਲੋਂ ਫਸਲਾਂ ਦਾ ਐਮਐਸਪੀ ਸਿਸਟਮ ਰੱਦ ਕਰਨ ਦੀ ਤਿਆਰੀ ਦੀ ਤਿੱਖੀ ਅਲੋਚਨਾ ਕੀਤੀ ਬਲਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਗੂ ਕੀਤੀ ਗਈ ਨੋਟਬੰਦੀ ਨੂੰ ਵੀ ਪੰਜਾਬ ਦੇ ਕਿਸਾਨਾਂ ਲਈ ਘਾਤਕ ਕਰਾਰ ਦਿੱਤਾ ਹੈ।

ਉਹਨਾਂ ਨੇ ਕਿਹਾ ਕਿ ਨੋਟਬੰਦੀ ਦਾ ਬੁਰਾ ਅਸਰ ਹਰ ਖੇਤਰ ‘ਤੇ ਹੋਇਆ ਹੈ। ਇਸ ਨੇ ਖ਼ਾਸ ਤੌਰ ‘ਤੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਵੀ ਭਾਜਪਾ ਦੀ ਹਾਰ ਲਈ ਉਸ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾ ਚੁੱਕਾ ਹੈ।

ਵਡਾਲਾ ਨੇ ਕਿਹਾ ਜੇਕਰ ਕਿਸਾਨਾਂ ਦੇ ਹਿੱਤਾਂ ਲਈ ਅਪਣੇ ਗਠਜੋੜ ਦੀ ਪਾਰਟੀ ਖਿਲਾਫ ਵੀ ਪ੍ਰਦਰਸ਼ਨ ਕਰਨਾ ਪਿਆ ਤਾਂ ਪਾਰਟੀ ਨੂੰ ਅਜਿਹਾ ਵਿਰੋਧ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਪੰਜਾਬ ਦੇ ਕਿਸਾਨ ਹੀ ਦੇਸ਼ ਨੂੰ ਸਰਪਲੱਸ ਅਨਾਜ ਦੀ ਸਥਿਤੀ ਵਿਚ ਲਿਆਏ ਹਨ। ਹੁਣ ਜਦੋਂ ਅਨਾਜ ਸਰਪਲੱਸ ਹੋ ਗਿਆ ਹੈ ਤਾਂ ਫਸਲ ਖਰੀਦ ਦਾ ਐਮਐਸਪੀ ਸਿਸਟਮ ਖਤਮ ਕਰਨਾ ਪੂਰੀ ਤਰ੍ਹਾਂ ਗਲਤ ਹੋਵੇਗਾ।

ਦਿੱਲੀ ਚੋਣਾਂ ਤੋਂ ਹੋਈ ਮਤਭੇਦ ਦੀ ਸ਼ੁਰੂਆਤ

ਅਕਾਲੀ ਦਲ ਅਤੇ ਭਾਜਪਾ ਦੇ ਵਿਚਕਾਰ ਹਾਲ ਹੀ ਦੇ ਮਤਭੇਦ ਦੀ ਸ਼ੁਰੂਆਤ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਹੋਈ। ਭਾਜਪਾ ਵੱਲੋਂ ਅਕਾਲੀ ਦਲ ਨੂੰ ਕੋਈ ਸੀਟ ਨਹੀਂ ਦਿੱਤੀ ਗਈ ਹੈ। ਇਸ ‘ਤੇ ਅਕਾਲੀ ਦਲ ਨੇ ਦਿੱਲੀ ਵਿਚ ਹਿੱਸਾ ਨਹੀਂ ਲਿਆ ਅਤੇ ਜਿਵੇਂ ਵੀ ਭਾਜਪਾ ਉੱਥੋਂ ਹਾਰੀ ਅਕਾਲੀ ਦਲ ਨੇ ਹਾਰ ਦਾ ਭਾਂਡਾ ਉਸ ਦੇ ਸਿਰ ਭੰਨਣ ਵਿਚ ਦੇਰ ਨਹੀਂ ਕੀਤੀ।

ਇਸ ਤੋਂ ਇਲਾਵਾ ਅਗਲਾ ਹਮਲਾ ਭਾਜਪਾ ਵੱਲੋਂ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਦਾ ਰਿਹਾ। ਉਹਨਾਂ ਨੇ ਕਿਹਾ ਕਿ ਭਾਜਪਾ 2022 ਵਿਚ ਪੰਜਾਬ ਵਿਧਾਨ ਸਭਾ ਚੋਣਾਂ ‘ਚ 117 ਵਿਚੋਂ 59 ਸੀਟਾਂ ‘ਤੇ ਚੋਣ ਲੜੇਗੀ। ਉਹਨਾਂ ਨੇ ਅਕਾਲੀ ਦਲ ਦੇ ਨਾਲ ਸੀਟਾਂ ਦੀ ਵੰਡ 50-50 ਦੇ ਹਿਸਾਬ ਨਾਲ ਕਰਨ ‘ਤੇ ਜ਼ੋਰ ਦਿੱਤਾ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਪਾਰਟੀ ਦੇ ਨੇਤਾ ਅਤੇ ਕਾਰਜਕਰਤਾ ਪੰਜਾਬ ਵਿਚ ਇਕੱਲਿਆਂ ਚੋਣਾਂ ਲੜਨ ਦੇ ਇੱਛੁਕ ਹਨ।

ਇਸ ‘ਤੇ ਆਖਿਰਕਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਮੈਦਾਨ ਵਿਚ ਉਤਰਨਾ ਪਿਆ ਅਤੇ ਉਹਨਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ‘ਤੇ ਸਵਾਲ ਚੁੱਕੇ। ਖ਼ਾਸ ਗੱਲ ਇਹ ਹੈ ਕਿ ਗਠਜੋੜ ਵਿਚ ਰਹਿੰਦੇ ਹੋਏ ਅਕਾਲੀ ਦਲ ਹੁਣ ਤੱਕ ਭਾਜਪਾ ਦੀਆਂ ਨੀਤੀਆਂ ਦਾ ਪੁਰਜ਼ੋਰ ਸਮਰਥਨ ਕਰਦਾ ਰਿਹਾ ਸੀ।

24 ਸਾਲ ਪੁਰਾਣਾ ਹੈ ਅਕਾਲੀ-ਭਾਜਪਾ ਗਠਜੋੜ

ਪ੍ਰਕਾਸ਼ ਸਿੰਘ ਬਾਦਲ ਅਕਸਰ ਇਹ ਕਹਿੰਦੇ ਰਹਿੰਦੇ ਹਨ ਕਿ ਅਕਾਲੀ ਦਲ- ਭਾਜਪਾ ਦਾ ਨਹੁੰ ਮਾਸ ਦਾ ਰਿਸ਼ਤਾ ਹੈ। ਦੇਸ਼ ਵਿਚ ਗਠਜੋੜ ਅਤੇ ਮਹਾਂ ਗਠਜੋੜ ਦੇ ਕਈ ਸਿਆਸੀ ਦੌਰਾਂ ਵਿਚ ਵੀ ਇਹ ਗਠਜੋੜ ਕਾਇਮ ਰਿਹਾ ਅਤੇ ਦੋਵੇਂ ਧਿਰਾਂ ਨੂੰ ਸਿਆਸੀ ਲਾਭ-ਹਾਨੀਆਂ ਕਦੀ ਵੀ ਪ੍ਰਭਾਵਿਤ ਨਹੀਂ ਕਰ ਸਕੀਆਂ।

ਦੇਸ਼ ਵਿਚ ਬ੍ਰਿਟਿਸ਼ ਰਾਜ ਦੌਰਾਨ ਅਣਵੰਡੇ ਪੰਜਾਬ ਵਿਚ ਸਿੱਖਾਂ ਦੀ ਅਗਵਾਈ ਕਰਨ ਵਾਲੇ ਅਕਾਲੀ ਦਲ ਦੀ ਸਿਆਸੀ ਗਠਜੋੜ ਦੀ ਸ਼ੁਰੂਆਤ ਪਹਿਲੀ ਵਾਰ 1969 ਵਿਚ ਹੋਈ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਚੁਣੇ ਜਾਣ ‘ਤੇ ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਵੱਲੋਂ ਦੋਸਤੀ ਦਾ ਹੱਥ ਵਧਾਇਆ। ਹਾਲਾਂਕਿ ਇਹ ਦੋਸਤੀ 1996 ਵਿਚ ਪ੍ਰਵਾਨ ਚੜ੍ਹੀ ਅਤੇ ਪੰਜਾਬ ਨੂੰ ਸਥਿਰ ਸਰਕਾਰ ਦੇਣ ਦਾ ਦਾਅਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦਾ ਗਠਜੋੜ ਹੋਂਦ ਵਿਚ ਆਇਆ।

1999 ਵਿਚ ਲੋਕ ਸਭਾ ਅਤੇ 2002 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਿਚ ਗਠਜੋੜ ਦਾ ਪ੍ਰਦਰਸ਼ਨ ਖਰਾਬ ਰਿਹਾ। ਇਸ ਤੋਂ ਬਾਅਦ ਦੋਵੇਂ ਧਿਰਾਂ ਵਿਚਕਾਰ ਸਵਾਲ-ਜਵਾਬ ਸ਼ੁਰੂ ਹੋਏ, ਜਿਸ ਤੋਂ ਬਾਅਦ ਲੱਗਿਆ ਕਿ ਇਹ ਗਠਜੋੜ ਟੁੱਟ ਜਾਵੇਗਾ ਪਰ ਦੋਵੇਂ ਹੀ ਧਿਰਾਂ ਖਰਾਬ ਸਥਿਤੀ ਦੇ ਬਾਵਜੂਦ ਵੀ ਗਠਜੋੜ ‘ਤੇ ਕਾਇਮ ਰਹੀਆਂ।

ਇਸ ਤੋਂ ਬਾਅਦ 2014 ਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੀਆਂ 13 ਵਿਚੋਂ 6 ਸੀਟਾਂ ‘ਤੇ ਜਿੱਤ ਕੇ ਗਠਜੋੜ ਨੇ 35 ਫੀਸਦੀ ਵੋਟਾਂ ਹਾਸਲ ਕੀਤੀ ਅਤੇ ਕਾਂਗਰਸ ਤਿੰਨ ਸੀਟਾਂ ‘ਤੇ ਰਹਿ ਗਈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦਾ ਪ੍ਰਦਰਸ਼ਨ ਖ਼ਰਾਬ ਰਿਹਾ ਅਤੇ ਉਸ ਨੂੰ ਪੰਜਾਬ ਦੀ ਸੱਤਾ ਨਹੀਂ ਮਿਲ ਸਕੀ। ਸੂਬੇ ਵਿਚ ਉਸ ਦਾ ਵੋਟ ਪ੍ਰਤੀਸ਼ਤ ਕਰੀਬ 31 ਫੀਸਦੀ ਦਰਜ ਹੋਇਆ।

 

ਇਸ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਬਹੁਮਤ ਮਿਲੀ ਪਰ ਪੰਜਾਬ ਵਿਚ ਅਕਾਲੀ-ਭਾਜਪਾ ਦਾ ਗਠਜੋੜ ਕੁਝ ਖ਼ਾਸ ਕਮਾਲ ਨਹੀਂ ਕਰ ਸਕਿਆ। ਹੁਣ ਆਉਣ ਵਾਲੇ ਸਮੇਂ ਵਿਚ ਦੇਖਣਾ ਇਹ ਹੋਵੇਗਾ ਕਿ ਅਕਾਲੀ-ਭਾਜਪਾ ਦਾ ਗਠਜੋੜ ਸਿਰੇ ਚੜ੍ਹਦਾ ਹੈ ਜਾਂ ਫਿਰ ਇਹਨਾਂ ਦੇ ਰਾਸਤੇ ਵੱਖਰੇ ਹੁੰਦੇ ਹਨ।