BJP ਸਰਕਾਰ ਪੂਰੇ ਦੇਸ਼ ਚੋਂ ਆਪਣੀਆਂ ਜੜ੍ਹਾਂ ਹਿਲਾ ਚੁੱਕੀ ਹੈ ਹੁਣ ਦੁਬਾਰਾ ਨਹੀਂ ਆਉਂਦੀ: ਕਿਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਵੱਲੋਂ ਵਿੱਢੇ ਗਏ ਅੰਦੋਲਨ ਦੇ ਅਧੀਨ...

Nagra

ਚੰਡੀਗੜ੍ਹ (ਸੈਸ਼ਵ ਨਾਗਰਾ): ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਵੱਲੋਂ ਵਿੱਢੇ ਗਏ ਅੰਦੋਲਨ ਦੇ ਅਧੀਨ 18 ਫ਼ਰਵਰੀ ਨੂੰ ਕਿਸਾਨਾਂ ਵੱਲੋਂ ਪੂਰੇ ਦੇਸ਼ ਵਿਚ ਰੇਲਾਂ ਰੋਕੀਆਂ ਗਈਆਂ ਸਨ ਅਤੇ ਰੇਲਵੇ ਸਟੇਸ਼ਨਾਂ ਤੇ ਮੁੱਖ ਰੇਲ ਮਾਰਗਾਂ ਉਤੇ ਧਰਨੇ ਦਿੱਤੇ ਗਏ। ਵੀਰਵਾਰ ਨੂੰ ਸੋਨੀਪਤ ਦੇ ਰੇਲਵੇ ਸਟੇਸ਼ਨ ਸਮੇਤ ਵੱਖ-ਵੱਖ ਰੇਲ ਮਾਰਗਾਂ ਉਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਧਰਨਾ ਮੁਜ਼ਾਹਰਾ ਕਰਦਿਆਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਦੌਰਾਨ ਸਪੋਕਸਮੈਨ ਟੀਵੀ ਦੇ ਪੱਤਰਕਾਰ ਸੈਸ਼ਵ ਨਾਗਰਾ ਵੱਲੋਂ ਸੋਨੀਪਤ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕੀਤੀ ਗਈ।

ਕਿਸਾਨਾਂ ਨੇ ਕਿਹਾ ਕਿ ਜਿਵੇਂ ਪਹਿਲਾਂ ਦਿੱਲੀ ਵਿਚ ਟਰੈਕਟਰ ਰੈਲੀ ਕੱਢੀ ਗਈ, ਮਹਾਂ ਪੰਚਾਇਤਾਂ ਹੋ ਰਹੀਆਂ ਹਨ, ਅਤੇ ਹੁਣ ਪੂਰੇ ਦੇਸ਼ ਵਿਚ ਰੇਲਾਂ ਰੋਕੀਆਂ ਜਾ ਰਹੀਆਂ ਹਨ ਇਸਦਾ ਮੋਦੀ ਸਰਕਾਰ ਉਤੇ ਪੂਰਾ ਦਬਾਅ ਪਿਆ ਹੈ ਕਿਉਂਕਿ ਪੰਜਾਬ ਵਿਚ ਹਾਲੇ ਹੀ ਚ ਨਗਰ ਨਿਗਮ ਚੋਣਾਂ ਵਿਚ ਬੀਜੇਪੀ ਸਰਕਾਰ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਖੇਤੀ ਦੇ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਕੇ ਐਮਐਸਪੀ ਉਤੇ ਗਰੰਟੀ ਦੇਵੇ।

ਉਨ੍ਹਾਂ ਕਿਹਾ ਕਿ ਮੋਦੀ ਸੰਸਦ ਵਿਚ ਕਹਿ ਰਹੇ ਸਨ ਕਿ ਗਰੰਟੀ ਹੈ, ਗਰੰਟੀ ਰਹੇਗੀ, ਇਸਦੇ ਨਾਲ ਹੀ ਕਿਸਾਨਾਂ ਨੇ ਮੋਦੀ ਸਰਕਾਰ ਉਤੇ ਤੰਜ਼ ਕਸਿਆ ਕਿ ਮੋਦੀ ਸਰਕਾਰ ਝੁੱਠੀ ਸੀ, ਝੁੱਠੀ ਹੈ, ਅਤੇ ਝੁੱਠੀ ਰਹੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਜੀਐਸਟੀ ਲਿਆਂਦੀ ਗਈ ਸੀ ਜਿਸਨੂੰ ਲੈ ਕੇ ਦੇਸ਼ ਦੇ ਦੁਕਾਨਦਾਰਾਂ ‘ਤੇ ਕਾਫ਼ੀ ਮਾੜਾ ਪ੍ਰਭਾਵ ਪਿਆ ਸੀ।

ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਕਿਸਾਨੀ ਅੰਦੋਲਨ ਤੋਂ ਲੋਕਾਂ ਦਾ ਧਿਆਨ ਭੜਕਾਉਣ ਲਈ ਕਈ ਹੋਰ ਮੁਦਿਆਂ ਨੂੰ ਛੇੜ ਰਹੀ ਹੈ, ਜਿਵੇਂ ਕਿ ਪਟਰੌਲ, ਡੀਜ਼ਲ ਦੀਆਂ ਕੀਮਤਾਂ, ਰਸੋਈ ਗੈਸ ਦੀਆਂ ਕੀਮਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ, ਮੋਦੀ ਸਰਕਾਰ ਦੀ ਨੀਤੀ ਹੈ ਕਿ ਦੇਸ਼ ਵਿਚ ਹਰ ਮੁੱਦੇ ਉਤੇ ਅੰਦੋਲਨ ਚਲਦਾ ਹੀ ਰਹੇ।

ਕਿਸਾਨਾਂ ਨੇ ਕਿਹਾ ਕਿ ਬੀਜੇਪੀ ਸਰਕਾਰ ਦੇਸ਼ ਵਿਚੋਂ ਆਪਣੀ ਜੜ੍ਹਾਂ ਹਿਲਾ ਚੁੱਕੀ ਹੈ ਕਿਉਂਕਿ ਸਰਕਾਰ ਵੱਲੋਂ ਲੋਕ ਹਿੱਤਾਂ ਦਾ ਧਿਆਨ ਨਹੀਂ ਰੱਖਿਆ ਗਿਆ ਤੇ ਆਮ ਵਸਤੂਆਂ ਦੀ ਮਹਿੰਗਾਈ, ਨਵੇਂ-ਨਵੇਂ ਕਾਨੂੰਨ ਬਣਾਉਣਾ ਇਨ੍ਹਾਂ ਦਾ ਪੇਸ਼ਾ ਹੋ ਗਿਆ ਹੈ ਪਰ ਲੋਕ ਜਾਗਰੂਕ ਹੋ ਚੁੱਕੇ ਹਨ, ਇਨ੍ਹਾਂ ਨੂੰ ਦੁਬਾਰਾ ਸੱਤਾ ਵਿਚ ਆਉਣ ਦਾ ਮੌਕਾ ਨਹੀਂ ਦੇਣਗੇ।