ਹਿੰਸਾ ਮਾਮਲਾ:ਕਿਸਾਨ ਆਗੂ ਰੁਲਦੂ ਸਿੰਘ,ਪੰਨੂ ਤੇ ਗਾਇਕ ਨਿੱਕੂ ਵੀ ਲੋੜੀਂਦੇ ਮੁਲਾਜ਼ਮਾਂ ’ਚ ਕੀਤੇ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ ਪੁਲਿਸ ਨੇ 200 ਲੋੜੀਂਦੇ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ

Farmers Leaders

ਚੰਡੀਗੜ੍ਹ : ਦੀਪ ਸਿੱਧੂ ਤੇ ਲੱਖਾ ਸਿਧਾਣਾ ਨੂੰ ਦਿੱਲੀ ਪੁਲਿਸ ਵਲੋਂ 26 ਜਨਵਰੀ ਨੂੰ ਲਾਲ ਕਿਲ੍ਹੇ ’ਚ ਹੋਏ ਘਟਨਾਕ੍ਰਮ ਤੇ ਹਿੰਸਾ ਦੇ ਮਾਮਲੇ ਵਿਚ ਮੁੁੱਖ ਮੁਲਜ਼ਮ ਨਾਮਜ਼ਦ ਕਰ ਕੇ ਕਾਰਵਾਈ ਕਰਨ ਤੋਂ ਬਾਅਦ ਹੋਰ ਕਈ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 

ਹੁਣ 32 ਕਿਸਾਨ ਜਥੇਬੰਦੀਆਂ ’ਚ ਸ਼ਾਮਲ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੂੰ ਇਸ ਮਾਮਲੇ ’ਚ ਜਾਂਚ ਲਈ ਲੋੜੀਂਦੇ ਮੁਲਜ਼ਮਾਂ ਵਿਚ ਸ਼ਾਮਲ ਕਰ ਲਿਆ ਗਿਆ ਹੈ। 

ਅੱਜ ਦਿੱਲੀ ਪੁਲਿਸ ਨੇ ਜਿਹੜੇ 200 ਲੋੜੀਂਦੇ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਉਨ੍ਹਾਂ ਵਿਚ ਇਹ ਪੰਜਾਬ ਨਾਲ ਜੁੜੇ 3 ਨਾਂ ਵੀ ਸ਼ਾਮਲ ਹਨ। ਰੁਲਦੂ ਸਿੰਘ ਤੇ ਗਾਇਕ ਨਿੱਕੂ ਨੇ ਇਨ੍ਹਾਂ ਤਸਵੀਰਾਂ ਦੇ ਜਾਰੀ ਕੀਤੇ ਜਾਣ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਤਾਂ ਲਾਲ ਕਿਲ੍ਹੇ ਵੱਲ ਗਏ ਹੀ ਨਹੀਂ ਸਨ।

ਰੁਲਦੂ ਸਿੰਘ ਨੇ ਕਿਹਾ ਕਿ ਇਹ ਕੇਂਦਰ ਦੀ ਮੋਰਚੇ ਨੂੰ ਆਗੂ ਰਹਿਤ ਕਰਨ ਦੀ ਹੀ ਇਕ ਚਾਲ ਹੈ ਪਰ ਅਸੀ ਕੇਸਾਂ ਤੇ ਗਿ੍ਰਫ਼ਤਾਰੀਆਂ ਤੋਂ ਨਹੀਂ ਡਰਦੇ।   ਇਸ ਮਾਮਲੇ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਇੰਦਰਜੀਤ ਨਿੱਕੂ ਨੇ ਕਿਹਾ ਕਿ ਘਟਨਾ ਵੇਲੇ ਉਹ ਉਥੇ ਹਾਜ਼ਰ ਨਹੀਂ ਸਨ। ਉਨ੍ਹਾਂ ਕਿਹਾ ਕਿ ਉਹ ਇਸ ਅੰਦੋਲਨ ਵਿਚ ਸ਼ਾਮਲ ਹੋਣ ਲਈ 11:00 ਤੋਂ 11:30 ਵਿਚਾਲੇ ਦਿੱਲੀ ਦੀ ਸਿੰਘੂ ਸਰਹੱਦ ’ਤੇ ਪੁੱਜੇ ਸਨ ਅਤੇ ਉਸ ਤੋਂ ਬਾਅਦ ਟਰੈਕਟਰ ’ਤੇ ਬੈਠ ਕੇ ਉਹ ਦੋ-ਢਾਈ ਘੰਟੇ ਬਾਅਦ ਕਰਨਾਲ ਬਾਈਪਾਸ ਪੁੱਜੇ ਸਨ।

ਇਸ ਤੋਂ ਬਾਅਦ ਉਨ੍ਹਾਂ ਨੇ ਅੱਗੇ ਜਾ ਕੇ ਕਿਸਾਨਾਂ ਦੇ ਸਵਾਗਤ ਲਈ ਖੜੇ ਲੋਕਾਂ ਨਾਲ ਤਸਵੀਰਾਂ ਖਿਚਵਾਈਆਂ ਅਤੇ ਲਾਈਵ ਇੰਟਰਵਿਊ ਵੀ ਕੀਤਾ। ਇਸ ਦੌਰਾਨ ਉਨ੍ਹਾਂ ਦੇ ਕਿਸੇ ਦੋਸਤ ਨੂੰ ਫੋਨ ਆਇਆ ਕਿ ਲਾਲ ਕਿਲ੍ਹੇ ’ਤੇ ਝੰਡਾ ਲਹਿਰਾਇਆ ਗਿਆ ਅਤੇ ਉਥੇ ਕਾਫ਼ੀ ਭੰਨਤੋੜ ਵੀ ਹੋਈ ਹੈ। ਇਹ ਸੱਭ ਸੁਣਨ ਤੋਂ ਬਾਅਦ ਉਹ ਕਰਨਾਲ ਬਾਈਪਾਸ ਦੇ ਏਰੀਆ ਵਿਚ ਇਕ ਪੁਲ ਆਉਂਦਾ ਹੈ ਉਥੋਂ ਉਹ ਯੂ-ਟਰਨ ਲੈ ਕੇ ਵਾਪਸ ਆ ਗਏ। ਇਸ ਤੋਂ ਬਾਅਦ ਉਹ ਵਾਪਸ ਕਿਸਾਨ ਜਥੇਬੰਦੀਆਂ ਕੋਲ ਸਿੰਘੂ ਸਰਹੱਦ ’ਤੇ ਗਏ ਅਤੇ ਉਥੇ 10-15 ਮਿੰਟ ਰੁਕੇ।