ਪੰਜਾਬ 'ਚ ਗਠਜੋੜ ਦੀਆਂ ਸੰਭਾਵਨਾਵਾਂ ਖ਼ਤਮ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਣ ਆਪ, ਟਕਸਾਲੀ ਅਤੇ ਡੈਮੋਕਰੇਟਿਕ ਗਠਜੋੜ ਆਪਸ 'ਚ ਹੀ ਭਿੜਣਗੇ

AAP and Taksali

ਚੰਡੀਗੜ੍ਹ : ਤਾਜ਼ਾ ਸਥਿਤੀ ਅਨੁਸਾਰ ਪੰਜਾਬ ਡੈਮੋਕਰੇਟਿਕ ਗਠਜੋੜ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਟਕਸਾਲੀ ਵਿਚ ਹੁਣ ਇਕ ਗਠਜੋੜ ਬਣਨ ਦੀਆਂ ਸੰਭਾਵਨਾਵਾਂ ਲਗਭਗ ਖ਼ਤਮ ਹੋ ਗਈਆਂ ਹਨ। ਨਾ ਤਾਂ 'ਆਪ' ਅਤੇ ਖਹਿਰਾ ਦੇ ਗਠਜੋੜ ਵਿਚ ਕੋਈ ਸਮਝੋਤਾ ਹੋਣ ਦੀ ਆਸ ਬਚੀ ਹੈ ਅਤੇ ਨਾ ਅਕਾਲੀ ਦਲ ਟਕਸਾਲੀ ਦੀ 'ਆਪ' ਅਤੇ ਪੰਜਾਬ ਡੈਮੋਕਰੇਟਿਕ ਗਠਜੋੜ ਨਾਲ ਕੋਈ ਗਲਬਾਤ ਸਿਰੇ ਲੱਗੀ ਹੈ। ਤਿੰਨੇ ਹੀ ਪਾਰਟੀਆਂ ਆਪੋ-ਅਪਣੇ ਸਟੈਂਡ 'ਤੇ ਖੜੀਆਂ ਹਨ ਅਤੇ ਕੋਈ ਵੀ ਪਿਛੇ ਹਟਣ ਲਈ ਤਿਆਰ ਨਹੀਂ।

ਅਕਾਲੀ ਦਲ ਟਕਸਾਲੀ ਦੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਗਲਬਾਤ ਕਰਦਿਆਂ ਸਪਸ਼ੱਟ ਕਰ ਦਿਤਾ ਹੈ ਕਿ ਉਹ ਨਾ ਤਾਂ ਅਨੰਦਪੁਰ ਸਹਿਬ ਹਲਕੇ ਤੋਂ ਅਤੇ ਨਾ ਹੀ ਖਡੂਰ ਸਾਹਿਬ ਹਲਕੇ ਤੋਂ ਅਪਣੇ ਉਮੀਦਵਾਰ ਵਾਪਸ ਲੈਣਗੇ। ਸ. ਬ੍ਰਹਮਪੁਰਾ ਦਾ ਕਹਿਣਾ ਹੈ ਕਿ ਬੀਰ ਦਵਿੰਦਰ ਸਿੰਘ ਨੂੰ ਉਨ੍ਹਾਂ ਦੀ ਪਾਰਟੀ ਨੇ ਪਹਿਲਾਂ ਹੀ ਉਮੀਦਵਾਰ ਐਲਾਨ ਦਿਤਾ ਸੀ। ਜਦ ਕਿ ਲੋਕ ਇਨਸਾਫ਼ ਪਾਰਟੀ, ਬਸਪਾ ਅਤੇ ਪੰਜਾਬ ਏਕਤਾ ਪਾਰਟੀ ਨਾਲ ਗਠਜੋੜ ਸਬੰਧੀ ਮੀਟਿੰਗ ਹੋਈ ਤਾਂ ਉਨ੍ਹਾਂ ਨੇ ਬਸਪਾ ਨੂੰ ਅਨੰਦਪੁਰ ਸਾਹਿਬ ਹਲਕਾ ਦੇ ਦਿਤਾ। ਜਦਕਿ ਅਕਾਲੀ ਦਲ ਟਕਸਾਲੀ ਦਾ ਉਮੀਦਵਾਰ ਕਿਤਨਾ ਸਮਾਂ ਪਹਿਲਾਂ ਹੀ ਹਲਕੇ ਵਿਚ ਸਰਗਰਮ ਹੋ ਚੁਕਾ ਸੀ ਗਠਜੋੜ ਨੂੰ ਕਮਜੋਰ ਕਰਨ ਲਈ ਹੀ ਉਨ੍ਹਾਂ ਨੇ ਇਹ ਬਸਪਾ ਨੂੰ ਦਿਤੀ ਹੈ।

ਸ. ਬ੍ਰਹਮਪੁਰਾ ਦਾ ਕਹਿਣਾ ਹੈ ਕਿ ਜਦ ਡੈਮੋਕਰੇਟਿਕ ਗਠਜੋੜ ਨਾਲ ਗਲਬਾਤ ਟੁਟ ਗਈ ਤਾਂ ਉਨ੍ਹਾਂ ਦੀ ਪਾਰਟੀ ਨੇ ਜਨਰਲ ਜੇ.ਜੇ. ਸਿੰਘ ਨੂੰ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਐਲਾਨ ਦਿਤਾ ਹੁਣ ਜਦ ਜੇ.ਜੇ. ਸਿੰਘ ਨੇ ਉਥੇ ਸਰਗਰਮੀਆਂ ਅਰੰਭ ਦਿਤੀਆਂ ਤਾਂ ਡੈਮੋਕਰੇਟਿਕ ਗਠਜੋੜ ਦੇ ਮੋਹਰੀ ਸੁਖਪਾਲ ਸਿੰਘ ਖਹਿਰਾ ਨੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨ ਦਿਤਾ। ਸ. ਬ੍ਰਹਮਪੁਰਾ ਦਾ ਕਹਿਣਾ ਹੈ ਕਿ ਸੁਖਪਾਲ ਸਿੰਘ ਖਹਿਰਾ ਬਿਨਾਂ ਕੋਈ ਗਲ ਕੀਤੇ ਅਪਣੇ ਆਪ ਹੀ ਐਲਾਨ ਕਰੀ ਜਾਂਦਾ ਹੈ।    ਉਨ੍ਹਾਂ ਸਪਸ਼ਟ ਕੀਤਾ ਕਿ ਕੋਈ ਵੀ ਉਮੀਦਵਾਰ ਵਾਪਸ ਨਹੀਂ ਲਿਆ ਜਾਵੇਗਾ। 

ਇਸ ਸਬੰਧੀ ਖਹਿਰਾ ਨਾਲ ਗਲ ਹੋਈ ਤਾਂ ਉਨ੍ਹਾਂ ਕਿਹਾ ਕਿ ਜਦ ਅਜੇ ਗਲਬਾਤ ਚਲ ਰਹੀ ਸੀ ਕਿ ਕਿਸ ਪਾਰਟੀ ਨੂੰ ਕਿਹੜੀਆਂ ਸੀਟਾਂ ਦੇਣੀਆਂ ਹਨ, ਦਾ ਫ਼ੈਸਲਾ ਅਜੇ ਹੋਇਆ ਹੀ ਨਹੀਂ ਸੀ ਤਾਂ ਅਕਾਲੀ ਦਲ ਟਕਸਾਲੀ ਨੇ ਅਨੰਦਪੁਰ ਸਾਹਿਬ ਤੋਂ ਅਪਣਾ ਉਮੀਦਵਾਰ ਐਲਾਨ ਦਿਤਾ। ਉਨ੍ਹਾਂ ਕਿਹਾ ਕਿ ਗਠਜੋੜ ਬਣਾਉਣ ਲਈ ਸਾਰਿਆਂ ਦੀ ਸਹਿਮਤੀ ਬਣਨ ਉਪਰੰਤ ਹੀ ਉਮੀਦਵਾਰ ਐਲਾਨਣੇ ਚਾਹੀਦੇ ਹਨ। ਸ. ਖਹਿਰਾ ਦਾ ਇਹ ਵੀ ਕਹਿਣਾ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਪਰਵਾਰ ਦੀ ਬੜੀ ਵੱਡੀ ਕੁਰਬਾਨੀ ਹੈ। ਉਨ੍ਹਾਂ ਦੇ ਪਰਵਾਰ ਉਪਰ ਸਮੇਂ ਦੀਆਂ ਹਕੂਮਤਾਂ ਨੇ ਇੰਤਾਹ ਜ਼ੁਲਮ ਕੀਤੇ ਹਨ। ਇਸ ਦੇ ਬਾਵਜੂਦ ਇਹ ਪਰਵਾਰ ਮਨੁੱਖੀ ਅਧਿਕਾਰਾਂ ਲਈ ਲੜਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅੱਜ ਵੀ ਸਾਰਿਆਂ ਨੂੰ ਅਪੀਲ ਹੈ ਕਿ ਉਹ ਨਿਜੀ ਮਤਭੇਦ ਭੁਲਾ ਕੇ ਬੀਬੀ ਖਾਲੜਾ ਦੀ ਹਮਾਇਤ ਕਰਨ ਅਤੇ ਸ. ਬ੍ਰਹਮਪੁਰਾ ਅਪਣਾ ਉਮੀਦਵਾਰ ਵਾਪਸ ਲੈ ਲੈਣ। 

ਸ. ਬ੍ਰਹਮਪੁਰਾ ਨੇ ਇਹ ਵੀ ਸਪੱਸ਼ਟ ਕਰ ਦਿਤਾ ਹੈ ਕਿ ਅਜੇ ਤਕ ਉਨ੍ਹਾਂ ਦੀ ਪਾਰਟੀ ਨੇ ਸਿਰਫ਼ ਦੋ ਹਲਕਿਆਂ ਤੋਂ ਉਮੀਦਵਾਰ ਉਤਾਰੇ ਹਨ। ਹੁਣ ਉਹ ਬਾਕੀ ਹਲਕਿਆਂ ਬਾਰੇ ਪਾਰਟੀ 'ਚ ਚਰਚਾ ਕਰ ਕੇ ਉਮੀਦਵਾਰ ਖੜੇ ਕਰਨ ਬਾਰੇ ਵੀ ਸੋਚਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਰਵਾਇਤੀ ਪਾਰਟੀਆਂ (ਕਾਂਗਰਸ ਅਤੇ ਅਕਾਲੀ-ਭਾਜਪਾ) ਕੋਲ ਤਾਂ ਕੋਈ ਢੁਕਵੇਂ ਉਮੀਦਵਾਰ ਵੀ ਉਪਲਬਧ ਨਹੀਂ। ਇਹ ਤਾਂ ਉਮੀਦਵਾਰ ਤਲਾਸ਼ ਰਹੀਆਂ ਹਨ। ਇਸ ਸਥਿਤੀ 'ਚ ਜੇ ਵਿਰੋਧੀਆਂ ਦਾ ਇਕ ਗਠਜੋੜ ਹੁੰਦਾ ਤਾਂ ਹਾਲਾਤ ਕੁਝ ਹੋਰ ਹੀ ਹੋਣੇ ਸਨ।