ਮੋਹਾਲੀ ਪੁਲਿਸ ਵਲੋਂ ਆਨਲਾਈਨ ਠੱਗੀਆਂ ਮਾਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਓਐਲਐਕਸ. ਤੇ ਪੇਅਟੀਐਮ ਰਾਹੀਂ ਲੋਕਾਂ ਤੋਂ ਪੈਸੇ ਪਵਾ ਕੇ ਮਾਰਦੇ ਸੀ ਠੱਗੀ

Mohali police arrest three gang members

ਐਸ.ਏ.ਐਸ. ਨਗਰ : ਮੁਹਾਲੀ ਪੁਲਿਸ ਨੇ ਓਐਲਐਕਸ ਅਤੇ ਪੇਅਟੀਐਮ ਰਾਹੀਂ ਲੋਕਾਂ ਤੋਂ ਪੈਸੇ ਪਵਾ ਕੇ ਠੱਗੀ ਮਾਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਐਸ.ਏ.ਐਸ. ਨਗਰ ਦੇ ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਨੇ ਅੱਜ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਦਸਿਆ ਕਿ ਪਿਛਲੇ ਸਮੇਂ ਤੋਂ ਲੋਕਾਂ ਨਾਲ ਓਐਲਐਕਸ ਤੇ ਪੇਅਟੀਐਮ ਰਾਹੀਂ ਠੱਗੀ ਵੱਜਣ ਦੇ ਦੋਸ਼ਾਂ ਬਾਬਤ ਵੱਖ-ਵੱਖ ਵਿਅਕਤੀਆਂ ਵਲੋਂ ਇਸ ਦਫ਼ਤਰ ਵਿਖੇ ਲਗਾਤਾਰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ। 

ਇਸ ਮਾਮਲੇ ਨੂੰ ਗੰਭੀਰਤਾ ਨੂੰ ਦੇਖਦੇ ਹੋਏ ਸ਼ਿਕਾਇਤ ਦੀ ਪੜਤਾਲ ਸ੍ਰੀਮਤੀ ਰੁਪਿੰਦਰਦੀਪ ਕੌਰ ਸੋਹੀ ਡੀ.ਐਸ.ਪੀ. ਸਾਈਬਰ ਕਰਾਈਮ ਮੁਹਾਲੀ ਦੀ ਅਗਵਾਈ ਹੇਠ ਸਾਈਬਰ ਕ੍ਰਾਈਮ ਮੁਹਾਲੀ ਨੂੰ ਸਂੌਪੀ ਗਈ ਸੀ ਤੇ ਇਸ ਸਬੰਧੀ ਬਾਅਦ ਵਿਚ ਨਾ ਮਾਲੂਮ ਦੋਸ਼ੀਆਂ ਵਿਰੁਧ ਆਈ ਪੀ ਸੀ ਦੀ ਧਾਰਾ 419, 465, 467, 468, 471, 420, 120 ਬੀ, 66 ਡੀ ਆਈ ਟੀ ਐਕਟ ਥਾਣਾ ਢਕੌਲੀ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ।  

ਉਨ੍ਹਾਂ ਦਸਿਆ ਕਿ ਡੀ.ਐਸ.ਪੀ. ਸਾਈਬਰ ਕ੍ਰਾਈਮ ਸ੍ਰੀਮਤੀ ਰੁਪਿੰਦਰਦੀਪ ਕੌਰ ਸੋਹੀ ਦੀ ਅਗਵਾਈ ਵਿਚ ਸਾਈਬਰ ਕ੍ਰਾਈਮ ਦੀ ਟੀਮ ਨੇ ਆਧੁਨਿਕ ਤੇ ਟੈਕਨੀਕਲ ਤਰੀਕੇ ਨਾਲ ਜਾਂਚ ਕੀਤੀ ਤੇ ਇਹ ਟੀਮ ਅਸਲ ਮੁਜਰਮਾਂ ਦੀ ਸ਼ਨਾਖ਼ਤ ਕਰਨ ਵਿਚ ਕਾਮਯਾਬ ਹੋ ਗਈ।  ਇਸ ਉਪਰੰਤ ਪੁਲਿਸ ਵਲੋਂ 3 ਦੋਸ਼ੀਆਂ ਇਸਲਾਮ, ਤਾਲੀਮ, ਰਿਆਜ ਅਹਿਮਦ ਖਾਨ ਸਾਰੇ ਵਸਨੀਕ ਪਿੰਡ ਝੀਲ ਪੱਟੀ ਜ਼ਿਲ੍ਹਾ ਭਰਤਪੁਰ ਰਾਜਸਥਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।