ਦਿੱਲੀ ਤੋਂ ਲਗਜ਼ਰੀ ਗੱਡੀਆਂ ਚੋਰੀ ਕਰਕੇ ਵੇਚਣ ਵਾਲੇ ਗਿਰੋਹ ਦੇ 3 ਮੈਂਬਰ ਹਥਿਆਰਾਂ ਸਣੇ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ ਤੋਂ ਮਹਿੰਗੀਆਂ ਗੱਡੀਆਂ ਚੋਰੀ ਕਰਕੇ ਪੰਜਾਬ ਵਿਚ ਵੇਚਣ ਵਾਲੇ ਗਿਰੋਹ ਦੇ 3 ਮੈਂਬਰ ਹਥਿਆਰਾਂ ਸਮੇਤ ਗ੍ਰਿਫ਼ਤਾਰ

Three youths arrested

ਅਜਨਾਲਾ : ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਨਾਕਾਬੰਦੀ ਦੌਰਾਨ ਤਿੰਨ ਨੌਜਵਾਨਾਂ ਨੂੰ ਲਗਜ਼ਰੀ ਗੱਡੀਆਂ ਅਤੇ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਨੌਜਵਾਨਾਂ ਨੂੰ ਪੁਲਿਸ ਵਲੋਂ ਅੱਜ ਅਜਨਾਲਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 16 ਮਾਰਚ ਤੱਕ ਪੁਲਿਸ ਰਿਮਾਂਡ ਹਾਸਲ ਹੋਇਆ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਸਬ-ਇੰਸਪੈਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਪਿੰਡ ਤੇੜਾ ਕਲਾਂ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਨ੍ਹਾਂ ਨੂੰ ਇਕ ਮੁਖ਼ਬਰੀ ਨੇ ਸੂਚਨਾ ਦਿਤੀ ਕਿ ਪਿੰਡ ਖਤਰਾਏ ਕਲਾਂ ਦਾ ਰਹਿਣ ਵਾਲਾ ਸਰਬਜੀਤ ਸਿੰਘ ਸੱਬਾ, ਅਮਨਪ੍ਰੀਤ ਸਿੰਘ ਅਤੇ ਸਿਮਰਨਜੀਤ ਸਿੰਘ ਵਾਸੀ ਰਿਆੜ ਦਿੱਲੀ ਤੋਂ ਗੱਡੀਆਂ ਚੋਰੀ ਕਰਕੇ ਲਿਆਉਂਦੇ ਹਨ ਅਤੇ ਪੰਜਾਬ ਵਿਚ ਆ ਕੇ ਵੇਚਦੇ ਹਨ ਅਤੇ ਇਨ੍ਹਾਂ ਦੇ ਦਿੱਲੀ ਵਾਸੀ ਜੁਝਾਰ ਸਿੰਘ, ਸੰਨੀ ਅਤੇ ਹਰਚਰਨ ਸਿੰਘ ਨਾਲ ਵੀ ਸਬੰਧ ਹਨ, ਜਿੰਨ੍ਹਾਂ ਨਾਲ ਮਿਲ ਕੇ ਇਹ ਧੰਦਾ ਕਰਦਾ ਹਨ।

ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਤੁਰਤ ਨਾਕਾਬੰਦੀ ਕਰਕੇ ਕਾਲੇ ਰੰਗ ਦੀ ਇਨਡੈਵਰ ਗੱਡੀ ਵਿਚ ਆ ਰਹੇ ਤਿੰਨ ਨੌਜਵਾਨਾਂ ਨੂੰ ਰੋਕ ਕੇ ਉਨ੍ਹਾਂ ਦਾ ਨਾਮ ਪਤਾ ਪੁੱਛਿਆ ਤਾਂ ਉਨ੍ਹਾਂ ਨੇ ਅਪਣੇ ਨਾਮ ਸਰਬਜੀਤ ਸਿੰਘ, ਸਿਮਰਨਜੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਦੱਸਿਆ। ਸਰਬਜੀਤ ਸਿੰਘ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ ਇਕ ਦੇਸੀ ਪਿਸਤੌਲ ਤੇ 12 ਕਾਰਤੂਸ ਅਤੇ ਇਕ ਮੋਬਾਇਲ ਬਰਾਮਦ ਹੋਇਆ ਜਦਕਿ ਸਿਮਰਨਜੀਤ ਸਿੰਘ ਕੋਲੋਂ ਇਕ ਦੇਸੀ ਪਿਸਤੌਲ ਅਤੇ 13 ਕਾਰਤੂਸ ਬਰਾਮਦ ਹੋਏ।

ਉਨ੍ਹਾਂ ਦੱਸਿਆ ਕਿ ਗੱਡੀ ਡਰਾਇਵਰ ਅਮਨਪ੍ਰੀਤ ਸਿੰਘ ਕੋਲੋਂ ਮੋਬਾਇਲ ਤੇ 200 ਰੁਪੈ ਬਰਾਮਦ ਹੋਏ। ਜਦੋਂ ਇਨ੍ਹਾਂ ਕੋਲੋਂ ਗੱਡੀ ਦੇ ਕਾਗਜ਼ਾਤ ਮੰਗੇ ਗਏ ਤਾਂ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਗੱਡੀ ਚੋਰੀ ਦੀ ਹੈ ਅਤੇ ਨੰਬਰ ਪਲੇਟ ਵੀ ਜਾਅਲੀ ਲਗਾਈ ਹੈ। ਉਨ੍ਹਾਂ ਦੱਸਿਆ ਕਿ ਸਰਬਜੀਤ ਸਿੰਘ ਸੱਬਾ ਪੁੱਤਰ ਬਲਜਿੰਦਰ ਸਿੰਘ ਵਾਸੀ ਖਤਰਾਏ ਕਲਾਂ, ਅਮਨਪ੍ਰੀਤ ਸਿੰਘ ਪੁੱਤਰ ਸਲਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਰਿਆੜ ਵਿਰੁਧ ਥਾਣਾ ਝੰਡੇਰ ਵਿਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ

ਅਤੇ ਸਰਬਜੀਤ ਸਿੰਘ ਦੀ ਨਿਸ਼ਾਨਦੇਹੀ ਉਤੇ ਉਸ ਦੇ ਘਰੋਂ ਲੈਂਸਰ ਗੱਡੀ ਅਤੇ 20 ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਸਿਵਲ ਜੱਜ ਸਿੰਕੂ ਕੁਮਾਰ ਦੀ ਅਦਾਲਤ ਵਿਚ ਪੇਸ਼ ਕਰਕੇ 16 ਮਾਰਚ ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

Related Stories