ਸੰਗਰੂਰ ਸੀਟ ’ਤੇ ਲੜਨ ਲਈ ਸੀਨੀਅਰ ਅਕਾਲੀ ਆਗੂ ਪਰਮਿੰਦਰ ਢੀਂਡਸਾ ਨੇ ਖਿੱਚੇ ਪੈਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਵੱਲੋਂ ਕੇਵਲ ਢਿੱਲੋਂ ਤੇ ਬੀਬੀ ਭੱਠਲ ਵੱਲੋਂ ਦਾਅਵੇਦਾਰੀ...

Parminder Dhinsa

ਸੰਗਰੂਰ : ਲੋਕ ਸਭਾ ਚੋਣਾਂ ਲਈ ਪੰਜਾਬ ਦੀਆਂ ਕੁਝ ਸੀਟਾਂ ’ਤੇ ਇਸ ਵਕਤ ਕਾਫ਼ੀ ਸਰਗਰਮੀ ਦੇਖਣ ਨੂੰ ਮਿਲ ਰਹੀ ਹੈ। ਸੰਗਰੂਰ ਦੀ ਸੀਟ ਨੂੰ ਕਾਫੀ ਚਣੌਤੀਪੂਰਨ ਮੰਨਿਆ ਜਾ ਰਿਹਾ ਹੈ। ਇਸ ਸੀਟ ਤੋਂ ਆਮ ਆਦਮੀ ਪਾਰਟੀ ਪਹਿਲਾਂ ਹੀ ਆਪਣੇ ਮੌਜੂਦਾ ਐੱਮ.ਪੀ ਭਗਵੰਤ ਮਾਨ ਦਾ ਨਾਂ ਉਮੀਦਵਾਰ ਵਜੋਂ ਐਲਾਨ ਚੁੱਕੀ ਹੈ ਪਰ ਦੂਜੀਆਂ ਪਾਰਟੀਆਂ ਨੂੰ ਭਗਵੰਤ ਮਾਨ ਦੇ ਮੁਕਾਬਲੇ ਉਮੀਦਵਾਰ ਨਹੀਂ ਲੱਭ ਰਿਹਾ। ਅਕਾਲੀ ਦਲ ਵੱਲੋਂ ਇਸ ਸੀਟ ’ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਪਰਮਿੰਦਰ ਢੀਂਡਸਾ ਨੇ ਇਸ ਸੀਟ ’ਤੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ।

ਇਸ ਸਬੰਧੀ ਅਕਾਲੀ ਦਲ ਤੋਂ ਕਿਨਾਰਾ ਕਰ ਚੁੱਕੇ ਪਰਮਿੰਦਰ ਢੀਂਡਸਾ ਦੇ ਪਿਤਾ ਤੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਵੀ ਇਸ ਸੀਟ ਤੋਂ ਨਾ ਲੜਨ ਦਾ ਸੁਝਾਅ ਦਿੱਤਾ ਸੀ ਜਿਸਨੂੰ ਲੱਗਦਾ ਹੈ ਕਿ ਉਹਨਾਂ ਦੇ ਬੇਟੇ ਵੱਲੋਂ ਮੰਨ ਲਿਆ ਗਿਆ ਹੈ। ਪਰਮਿੰਦਰ ਢੀਂਡਸਾ ਦਾ ਪਾਰਟੀ ਨੂੰ ਤਰਕ ਹੈ ਕਿ ਉਹ ਮੌਜੂਦਾ ਵਿਧਾਇਕ ਨੇ ਇਸ ਲਈ ਕਿਸੇ ਹੋਰ ਉਮੀਦਵਾਰ ਦੀ ਚੋਣ ਕੀਤੀ ਜਾਵੇ। ਸੁਖਬੀਰ ਬਾਦਲ ਵੱਲੋਂ ਆਉਣ ਵਾਲੇ ਦਿਨਾਂ ’ਚ ਸੰਗਰੂਰ ਦਾ ਦੌਰਾ ਕੀਤਾ ਜਾਣਾ ਹੈ ਜਿਸ ਦੌਰਾਨ ਉਮੀਦਵਾਰ ਦਾ ਐਲਾਨ ਕੀਤਾ ਜਾ ਸਕਦਾ ਹੈ।

ਉਧਰ ਕਾਂਗਰਸ ਵੱਲੋਂ ਵੀ ਇਸ ਸੀਟ ’ਤੇ ਕੇਵਲ ਸਿੰਘ ਢਿੱਲੋਂ ਤੇ ਬੀਬੀ ਰਜਿੰਦਰ ਕੌਰ ਭੱਠਲ ਵਰਗੇ ਆਗੂ ਉਮੀਦਵਾਰੀ ਲਈ ਜ਼ੋਰ ਲਗਾ ਰਹੇ ਹਨ। ਇਲਾਕੇ ’ਚ ਇਸ ਸਮੇਂ ਭਗਵੰਤ ਮਾਨ ਸਰਗਰਮ ਨੇ ਤੇ ਲੋਕਾਂ ’ਚ ਵਿਚਰ ਕੇ ਪ੍ਰਚਾਰ ਕਰ ਰਹੇ ਹਨ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਸੰਗਰੂਰ ਲੋਕ ਸਭਾ ਸੀਟ ਦੀ ਜੰਗ ਰੋਮਾਂਚਕ ਹੋਣ ਵਾਲੀ ਹੈ ਅਤੇ ਇਸ ਸੀਟ ’ਤੇ ਅਕਾਲੀ ਅਤੇ ਕਾਂਗਰਸ ਕਿਸ ਆਗੂ ’ਤੇ ਦਾਅ ਖੇਡਦੇ ਨੇ ਦੇਖਣ ਵਾਲਾ ਹੋਵੇਗਾ।