ਨਵਜੋਤ ਸਿੱਧੂ ਦਾ ਫੂਲਕਾ ਨੂੰ ਜਵਾਬ, ਸਪੈਸ਼ਲ ਸੈਸ਼ਨ ਦੀ ਮੰਗ ਕਰਕੇ ਲੋਕਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ
ਕੇਸ ਵਿਚ ਐਫਆਈਆਰ ਦਰਜ ਕਰਨਾ, ਜਾਂਚ ਕਰਨਾ, ਗ੍ਰਿਫ਼ਤਾਰੀ ਪਾਉਣੀ ਆਦਿ ਵਿਧਾਨ ਸਭਾ ਦੇ ਦਸ ਸੈਸ਼ਨ ਬੁਲਾ ਕੇ ਵੀ ਨਹੀਂ ਕੀਤਾ ਜਾ ਸਕਦਾ
ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ਼ ਸੰਬੰਧੀ ਮਾਮਲੇ ਵਿਚ ਅੰਮ੍ਰਿਤਸਰ ਤੋਂ ਵਿਧਾਇਕ ਅਤੇ ਕਾਂਗਰਸ ਆਗੂ ਨਵਜੋਤ ਸਿੱਧੂ ਨੇ ਵਕੀਲ ਐਚ.ਐਸ. ਫੂਲਕਾ ਦੀ ਚਿੱਠੀ ਦਾ ਜਵਾਬ ਦਿੱਤਾ ਹੈ। ਕਾਂਗਰਸ ਆਗੂ ਨੇ ਇਸ ਚਿੱਠੀ ਨੂੰ ਅਪਣੇ ਫੇਸਬੁੱਕ ਪੇਜ ’ਤੇ ਸਾਂਝਾ ਕੀਤਾ ਹੈ। ਦਰਅਸਲ ਪ੍ਰਸਿੱਧ ਵਕੀਲ ਐਚ.ਐਸ. ਫੂਲਕਾ ਨੇ ਨਵਜੋਤ ਸਿੰਘ ਸਿੱਧੂ ਨੂੰ ਚਿੱਠੀ ਲਿਖ ਕੇ ਸਲਾਹ ਦਿੰਦੇ ਹੋਏ ਕਿਹਾ ਸੀ ਕਿ ਹੁਣ ਗਰਜਣ ਦਾ ਨਹੀਂ ਬਲਕਿ ਵਰ੍ਹਣ ਦਾ ਸਮਾਂ ਹੈ। ਫੂਲਕਾ ਨੇ ਕਿਹਾ ਸੀ ਕਿ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੀ ਮੰਗ ਕੀਤੀ ਜਾਵੇ। ਸਪੈਸ਼ਲ ਸੈਸ਼ਨ ਵਿਚ ਸਰਕਾਰ ਕੋਲੋਂ ਬੇਅਦਬੀ ਕੇਸ ਸਬੰਧੀ ਜਵਾਬਦੇਹੀ ਮੰਗੀ ਜਾਵੇ।
ਨਵਜੋਤ ਸਿੱਧੂ ਨੇ ਜਵਾਬ ਦਿੰਦਿਆਂ ਕਿਹਾ ਕਿ ਸਪੈਸ਼ਲ ਸੈਸ਼ਨ ਦੀ ਮੰਗ ਕਰਕੇ ਲੋਕਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ। ਉਹਨਾਂ ਚਿੱਠੀ ਵਿਚ ਲਿਖਿਆ ਕਿ ਪੰਜਾਬ ਵਿਧਾਨ ਸਭਾ, ਪੰਜਾਬ ਦੀ ਕਾਨੂੰਨ ਬਨਾਉਣ ਵਾਲੀ ਸਰਬਉੱਚ ਅਥਾਰਟੀ ਹੈ। ਕਾਨੂੰਨ ਬਨਾਉਣ ਤੋਂ ਇਲਾਵਾ ਇਹ ਸਰਕਾਰ ਨੂੰ ਸੁਆਲ ਪੁੱਛ ਉਸ ਨੂੰ ਲੋਕਾਂ ਪ੍ਰਤੀ ਜੁਆਬਦੇਹ ਬਨਾਉਣ ਦਾ ਕੰਮ ਵੀ ਕਰਦੀ ਹੈ। ਤੁਸੀਂ ਵੀ ਇਸ ਨੁਕਤੇ ਤੋਂ ਜਾਣੂ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਕੇਸ ਵਿਚ ਸੰਵਿਧਾਨ ਅਨੁਸਾਰ ਪੰਜਾਬ ਵਿਧਾਨ ਸਭਾ ਕੋਲ ਸਿਰਫ਼ ਇਹ ਦੱਸਣ ਦੀ ਤਾਕਤ ਹੈ ਕਿ ਕਿਸ ਰਾਹ ਉੱਪਰ ਚੱਲਣਾ ਹੈ। ਇਸ ਕੋਲ ਮਿੱਥੇ ਰਾਹ ਉੱਪਰ ਚੱਲਣ ਲਈ ਜ਼ੋਰ ਪਾਉਣ, ਸਹਿਮਤੀ ਬਨਾਉਣ ਤੇ ਸਰਕਾਰ ਦਾ ਮਾਰਗਦਰਸ਼ਨ ਕਰਨ ਦਾ ਅਧਿਕਾਰ ਹੈ।
ਸਿੱਧੂ ਨੇ ਕਿਹਾ ਉਸ ਵਿਧਾਨ ਸਭਾ ਦਾ ਮੈਂਬਰ ਹੁੰਦੇ ਹੋਏ ਮੈਂ ਤੇ ਤੁਸੀਂ ਆਪਣੀ ਆਵਾਜ਼ ਚੁੱਕੀ । ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਕੇਸ ਵਿਚ ਮੈਂ ਵਿਧਾਨ ਸਭਾ ‘ਚ ਸੱਚ ਉਜਾਗਰ ਕੀਤਾ, ਰਿਪੋਰਟ ਆਧਾਰਿਤ ਸਬੂਤ ਪੇਸ਼ ਕਰਦਿਆਂ ਰਾਜਨੀਤਿਕ ਦੋਸ਼ੀਆਂ ਦੇ ਨਾਂ ਖੁੱਲ੍ਹ ਕੇ ਬੋਲੇ। ਇਨਸਾਫ਼ ਲਈ ਲੜਦਿਆਂ ਸੱਚ ਪ੍ਰਗਟ ਕਰਨ ਲਈ ਤੇ ਸਰਕਾਰ ਉੱਪਰ ਦਬਾਅ ਬਨਾਉਣ ਲਈ ਤਾਂ ਕਿ ਜਾਂਚ ਤੇਜੀ ਨਾਲ ਹੋਵੇ ਤੇ ਗੁਨਹਗਾਰਾਂ ਨੂੰ ਜਲਦ ਤੋਂ ਜਲਦ ਮਿਸਾਲੀ ਸਜ਼ਾ ਮਿਲੇ, ਉਸ ਵਿਧਾਨ ਸਭਾ ਸ਼ੈਸਨ ਤੋਂ ਬਾਅਦ ਮੈਂ ਪ੍ਰੈਸ ਕਾਨਫਰੰਸ ਕਰਕੇ ਕੋਟਕਪੂਰਾ ਚੌਕ ਦੀ 14-15 ਅਕਤੂਬਰ 2015 ਦੀ ਸੀਸੀਟੀਵੀ ਫੁਟੇਜ ਪੂਰੇ ਪੰਜਾਬ ਦੇ ਮੀਡੀਆ ‘ਚ ਜਨਤਕ ਕੀਤੀ।
ਇਸ ਫੁਟੇਜ ਨੂੰ ਪਿਛਲੀ ਸਰਕਾਰ ਛੁਪਾਈ ਬੈਠੀ ਸੀ ਤੇ ਉਸਨੇ ਜ਼ੋਰਾ ਸਿੰਘ ਕਮਿਸ਼ਨ ਨੂੰ ਇਹ ਕਹਿ ਦਿੱਤਾ ਸੀ ਕਿ ਅਜਿਹਾ ਕੁੱਝ ਵੀ ਮੌਜੂਦ ਹੀ ਨਹੀਂ ਹੈ। ਉਸ ਸੀਸੀਟੀਵੀ ਫੁਟੇਜ ਵਿਚ ਇਸ ਗੱਲ ਦੇ ਸਬੂਤ ਮਿਲਦੇ ਹਨ ਕਿ ਪੁਲਿਸ ਨੇ ਕਿਸ ਤਰ੍ਹਾਂ ਨਿਹੱਥੇ ਸ਼ਾਂਤ ਬੈਠੇ ਲੋਕਾਂ ‘ਤੇ ਗੋਲੀਆਂ ਚਲਾਈਆਂ ਤੇ ਤਸ਼ੱਦਦ ਕੀਤਾ। ਇਹੀ ਫੁਟੇਜ ਅੱਗੇ ਚੱਲ ਕੇ ਸਿਟ (SIT) ਲਈ ਇਹ ਸਾਬਤ ਕਰਨ ‘ਚ ਕਿ ਦੋਸ਼ੀ ਕੌਣ ਸਨ? ਉਹ ਤਰ੍ਹਾਂ ਲੋਕਾਂ ਉੱਪਰ ਤਸ਼ੱਦਦ ਕਰ ਰਹੇ ਸਨ ? ਕਿਸ ਤਰ੍ਹਾਂ ਫ਼ੋਨ ‘ਤੇ ਹੁਕਮ ਲੈ ਰਹੇ ਸਨ ? ਕਿਸ ਤਰ੍ਹਾਂ ਉਨ੍ਹਾਂ ਨੂੰ ਮੌਕੇ ਦੇ ਹੁਕਮਰਾਨਾਂ ਵੱਲੋਂ ਫ਼ੋਨ ਕੀਤੇ ਜਾ ਰਹੇ ਸਨ ? ਕਿਸ ਤਰ੍ਹਾਂ ਫ਼ੋਨ ਉੱਪਰ ਆਏ ਹੁਕਮਾਂ ਕਰਕੇ ਹੀ ਇਹ ਸਭ ਕੁੱਝ ਵਾਪਰਿਆ ? ਆਦਿ ਸਵਾਲਾਂ ਦੇ ਉੱਤਰ ਲੱਭਣ ਲਈ ਬੇਹੱਦ ਸਹਾਈ ਹੋਏ।
ਨਵਜੋਤ ਸਿੱਧੂ ਨੇ ਕਿਹਾ ਮੈਂ ਇਸੇ ਕਾਨਫ਼ਰੰਸ ਵਿਚ ਦੋਸ਼ੀਆਂ ਉੱਪਰ ਐਫ.ਆਈ ਆਰ ਕਰਨ ਦੀ ਵੀ ਮੰਗ ਕੀਤੀ ਸੀ ਜੋ ਬਾਅਦ ‘ਚ ਕੀਤੀ ਗਈ। ਇਸੇ ਆਧਾਰ ਉੱਪਰ ਸਿਟ ਨੇ ਜਾਂਚ ਕੀਤੀ। ਪਰ ਬਣਦੀ ਕਾਰਵਾਈ, ਐਫ.ਆਰ.ਆਈ, ਸਿਟ (SIT) ਬਨਾਉਣੀ, ਜਾਂਚ, ਕਾਨੂੰਨੀ ਕੇਸ ਤੇ ਗ੍ਰਿਫ਼ਤਾਰੀ ਆਦਿ ਸਭ ਲਈ ਸਿੱਧੇ ਰੂਪ ਵਿਚ ਰਾਜ ਦਾ ਗ੍ਰਹਿ ਮੰਤਰੀ ਜ਼ੁੰਮੇਵਾਰ ਹੈ। ਪੰਜਾਬ ਸਰਕਾਰ ਵਿਚ 27 ਮਹੀਨੇ ਮੰਤਰੀ ਰਹਿੰਦਿਆਂ ਮੈਂ ਕੈਬਨਿਟ ਵਿਚ ਬਾਰ-ਬਾਰ ਗੁਰੂ ਸਾਹਿਬ ਦੀ ਬੇਅਦਬੀ ਦੇ ਇਨਸਾਫ਼ ਅਤੇ ਨਸ਼ਿਆਂ ਵਿਰੁੱਧ ਅਵਾਜ਼ ਉਠਾਈ ਕਿਉਂਕਿ ਇਹ ਮੇਰੇ ਲਈ ਸਭ ਤੋਂ ਅਹਿਮ ਮੁੱਦਾ ਸੀ।f
2019 ‘ਚ ਕਾਂਗਰਸ ਪਾਰਟੀ ਵਾਸਤੇ ਪ੍ਰਚਾਰ ਕਰਦਿਆਂ ਬਠਿੰਡੇ ਵਰਗੀ ਅਹਿਮ ਲੋਕ ਸਭਾ ਚੋਣ ਦੀ ਵੋਟਿੰਗ ਤੋਂ ਦੋ ਦਿਨ ਪਹਿਲਾਂ ਮੈਂ ਭਰੀ ਸਭਾ ਵਿਚ ਆਪਣੀ ਗੱਲ ਰੱਖੀ ਤੇ ਇਹੀ ਮੰਗ ਕੀਤੀ ਕਿ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਹਰ ਹਾਲਤ ਵਿਚ ਹੋਣਾ ਚਾਹੀਦਾ ਹੈ ਤੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਭ ਕੁੱਝ ਤਿਆਗ ਕੇ ਲੋਕਾਂ ਵਿਚ ਖੜ੍ਹ ਕੇ ਡਾਂਗਾਂ ਖਾ ਲਵੇਗਾ ਪਰ ਗੁਰੂ ਦਾ ਦੋਖੀ ਨਹੀਂ ਬਣੇਗਾ। ਮੈਂ ਵਾਰ-ਵਾਰ ਇਹ ਦੁਹਰਾਇਆ ਕਿ ਉਹ ਲੋਕ ਜਿਨ੍ਹਾਂ ਨੇ ਲੋਕਾਂ ਉੱਪਰ ਤਸ਼ੱਦਦ ਕਰਨ ਅਤੇ ਗੋਲੀਆਂ ਵਰ੍ਹਾਉਣ ਦੇ ਹੁਕਮ ਦਿੱਤੇ, ਜਿਨ੍ਹਾਂ ਲੋਕਾਂ ਨੇ ਇਸ ਪੂਰੇ ਗੁਨਾਹ ਨੂੰ ਅੰਜ਼ਾਮ ਦੇਣ ਲਈ ਸਿਆਸੀ ਫ਼ੈਸਲੇ ਲਏ ਉਨ੍ਹਾਂ ਲੋਕਾਂ ਨੂੰ ਮਿਸਾਲੀ ਸਜ਼ਾ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਪਿਆਦੇ ਨੂੰ। ਉਸ ਕਾਰਨ ਕੈਬਨਿਟ ਵਿਚੋਂ ਮੇਰਾ ਮੰਤਰਾਲਾ ਬਦਲਿਆ ਗਿਆ ਤੇ ਮੈਂ ਅਸਤੀਫ਼ਾ ਦਿੱਤਾ ਕਿਉਂਕਿ ਮੈਂ ਮੰਨਦਾ ਹਾਂ ਕਿ ਗੁਰੂ ਸਾਹਿਬ ਦੇ ਸਤਿਕਾਰ ਤੋਂ ਉੱਪਰ ਕੋਈ ਅਹੁਦਾ ਨਹੀਂ।
ਪਿਛਲੇ ਚਾਰ ਸਾਲ ਤੋਂ ਲਗਾਤਾਰ ਕੈਬਨਿਟ ਮੰਤਰੀ ਉਸ ਤੋਂ ਬਾਅਦ ਵਿਧਾਇਕ ਵਜੋਂ ਵੀ ਮੈਂ, ਜਿਨ੍ਹਾਂ ‘ਤੇ ਕੋਟਕਪੂਰਾ, ਬਹਿਬਲ ਕਲਾਂ, ਬਰਗਾੜੀ ‘ਚ ਜ਼ੁਲਮ ਤਸ਼ੱਦਦ ਹੋਇਆ ਉਨ੍ਹਾਂ ਨਾਲ ਮੁਲਾਕਾਤ ਕਰ ਚੁੱਕਿਆ ਹਾਂ, ਉਨ੍ਹਾਂ ਦੇ ਦੁੱਖ ਸੁਣ ਚੁੱਕਿਆਂ, ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਚੁੱਕਿਆਂ ਹਾਂ। ਉਹ ਲੋਕ ਅੰਮ੍ਰਿਤਸਰ ਵਿਖੇ ਮੇਰੇ ਘਰ, ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ 'ਤੇ ਮੇਰਾ ਧੰਨਵਾਦ ਕਰਨ ਵੀ ਆਏ, ਇਹ ਮੁਲਾਕਾਤ ਮੀਡੀਆ ਵਿਚ ਜਨਤਕ ਵੀ ਹੋ ਚੁੱਕੀ ਹੈ। ਉਨ੍ਹਾਂ ਨੇ ਮੁਲਾਕਾਤ ਸਮੇਂ ਜਦ ਇਨਸਾਫ਼ ਦੀ ਗੁਹਾਰ ਲਗਾਈ ਤਾਂ ਮੈਂ ਉਨ੍ਹਾਂ ਨੂੰ ਦੱਸਿਆਂ ਕਿ ਜੋ ਵੀ ਮੇਰੇ ਹੱਥ-ਵਸ ਹੈ ਮੈਂ ਕਰ ਰਿਹਾ ਹਾਂ। ਉਸ ਤੋਂ ਬਾਅਦ ਜਦ ਹਾਈ ਕੋਰਟ ਨੇ ਚਲਾਨ ਰੱਦ ਕਰਨ ਦਾ ਹੁਕਮ ਸੁਣਾਇਆ ਤਾਂ ਪਿਛਲੇ ਹਫ਼ਤੇ ਵਿਸਾਖੀ ਦੇ ਸ਼ੁਭ ਦਿਨ ਮੇਰੀ ਆਤਮਾ ਵਿਚ ਐਨਾ ਦੁੱਖ ਤੇ ਰੋਸ ਸੀ ਕਿ ਮੈਂ ਗੁਰੂ ਤੋਂ ਰਾਹ ਪੁੱਛਣ, ਗੁਰੂ ਦਾ ਮਾਰਗ ਦਰਸ਼ਨ ਲੈਣ ਬੁਰਜ ਜ਼ਵਾਹਰ ਸਿੰਘ ਵਾਲਾ ਗੁਰਦੁਆਰਾ ਸਾਹਿਬ ਗਿਆ, ਜਿੱਥੋਂ ਇਹ ਸਾਰਾ ਅਧਿਆਇ ਜੂਨ 2015 ਵਿਚ ਸ਼ੁਰੂ ਹੁੰਦਾ ਹੈ।
ਕਾਂਗਰਸ ਆਗੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਚੁਣਿਆ ਨੁਮਾਇੰਦਾ ਹੋਣ ਦੇ ਨਾਤੇ ਅੱਜ ਮੈਂ ਸੱਚ ਨੂੰ ਸੱਚ ਕਹਿ ਰਿਹਾ ਹਾਂ ਤੇ ਗ਼ਲਤ ਨੂੰ ਗ਼ਲਤ ਕਹਿ ਰਿਹਾ ਹਾਂ ਤੇ ਮੈਨੂੰ ਕੋਈ ਪ੍ਰਵਾਹ ਨਹੀਂ ਕਿ ਤਾਕਤ ਕਿਸ ਦੇ ਹੱਥਾਂ ‘ਚ ਹੈ, ਪਰ ਤਾਕਤ ਦੀ ਜੁਆਬਦੇਹੀ ਮੰਗ ਰਿਹਾ ਹਾਂ ਤੇ ਕਹਿ ਰਿਹਾ ਹਾਂ ਕਿ ਠੋਸ ਕਾਰਵਾਈ ਕਰੋ ਤੇ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੋ ਪਰ ਕੇਸ ਵਿਚ ਐਫਆਈਆਰ ਦਰਜ ਕਰਨਾ, ਜਾਂਚ ਕਰਨਾ, ਗ੍ਰਿਫ਼ਤਾਰੀ ਪਾਉਣੀ ਆਦਿ ਵਿਧਾਨ ਸਭਾ ਦੇ ਦਸ ਸੈਸ਼ਨ ਬੁਲਾ ਕੇ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਤਾਂ ਸਿਰਫ਼ ਸੂਬੇ ਦੇ ਗ੍ਰਹਿ ਮੰਤਰੀ ਦੇ ਹੱਥ ਹੈ।
ਉਹਨਾਂ ਕਿਹਾ ਮੈਂ ਤੁਹਾਨੂੰ ਇਹੀ ਸੁਝਾਅ ਦਿਆਂਗਾ ਕਿ ਸਪੈਸ਼ਲ ਸੈਸ਼ਨ ਦੀ ਮੰਗ ਕਰਕੇ ਲੋਕਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ ਪਿਛਲੀ ਵਾਰ ਵੀ ਅਸੀਂ ਇਸੇ ਤਰ੍ਹਾਂ ਗੁਮਰਾਹ ਹੋ ਗਏ ਸਾਂ। ਸਿਰਫ਼ ਤੇ ਸਿਰਫ਼ ਸੰਵਿਧਾਨ ਅਨੁਸਾਰ ਸੂਬੇ ਦੀ ਕਾਰਜਕਾਰੀ ਸ਼ਕਤੀ ਅਰਥਾਤ ਗ੍ਰਹਿ ਮੰਤਰੀ ਹੀ ਇਹ ਤਾਕਤ ਰੱਖਦਾ ਹੈ ਕਿ ਉਹ ਐਫਆਈਆਰ ਅਤੇ ਗ੍ਰਿਫ਼ਤਾਰੀ ਸੰਬੰਧੀ ਰਾਜਨਿਤਿਕ ਹੁਕਮ ਦੇ ਸਕੇ। ਲੋਕਾਂ ਨੇ ਇਸ ਨਿਮਾਣੇ ਸਿੱਖ ਨੂੰ ਜਿੰਨੀ ਤਾਕਤ ਬਖ਼ਸੀ ਸੀ ਮੈਂ ਉਸ ਤੋਂ ਵੱਧ ਉਸਦੀ ਜ਼ਿੰਮੇਵਾਰੀ ਨਿਭਾ ਰਿਹਾ ਹਾਂ। ਮੈ ਇਹ ਭਲੀਭਾਂਤ ਸਮਝਦਾ ਹਾਂ ਕਿ ਤਾਕਤ ਵਿਚ ਰਹਿਣ ਦਾ ਮਤਲਬ ਹੈ ਲੋਕਾਂ ਪ੍ਰਤੀ ਜੁਆਬਦੇਹ ਹੋਣਾ ਤੇ ਮੈਂ ਆਪਣਾ ਕਿਰਦਾਰ ਲੋਕਾਂ ਸਾਹਮਣੇ ਖੁੱਲ੍ਹੀ ਕਿਤਾਬ ਵਾਂਗ ਰੱਖ ਕੇ ਚੱਲਦਾ ਹਾਂ।
ਲੋਕ ਜਾਣਦੇ ਹਨ ਕਿ ਹੁਣ ਤੱਕ ਮੈਂ ਕੀ ਕੀਤਾ ਹੈ ਤੇ ਕੀ ਕਰ ਸਕਦਾ ਹਾਂ ਤੇ ਕੀ ਕਰ ਰਿਹਾ ਹਾਂ। ਗੁਰੂ ਸਾਹਿਬ ਦੇ ਹੁਕਮ ਸਦਕਾ ਜਿਸ ਦਿਨ ਲੋਕਾਂ ਨੇ ਮੈਨੂੰ ਹੁਣ ਤੋਂ ਜਿਆਦਾ ਤਾਕਤ ਬਖ਼ਸੀ ਤਾਂ ਉਹ ਵੀ ਕਰਾਂਗਾ ਜੋ ਉਸ ਸਮੇਂ ਮੇਰੇ ਹੱਥ ਵਿਚ ਹੋਵੇਗਾ। ਮੈਂ ਲੋਕਾਂ ਦੇ ਦਿੱਤੇ ਪਿਆਰ, ਸਤਿਕਾਰ ਅਤੇ ਤਾਕਤ ਨੂੰ ਹਮੇਸ਼ਾਂ ਉਨ੍ਹਾਂ ਤੱਕ ਵਾਪਸ ਲੈ ਕੇ ਜਾਂਦਾ ਰਹਾਂਗਾ ਤੇ ਉਨ੍ਹਾਂ ਦੀ ਆਵਾਜ਼ ਚੁੱਕਦਾ ਰਹਾਂਗਾ।
ਇਹ ਤੁਹਾਡਾ ਵਿਚਾਰ ਹੈ ਕਿ ਅਸਤੀਫ਼ਾ ਦੇ ਕੇ ਕੋਈ ਹੱਲ ਨਿੱਕਲ ਸਕਦਾ ਹੈ ਤੇ ਮੈਂ ਮੰਨਦਾ ਹਾਂ ਕਿ ਸਿਸਟਮ ‘ਚ ਵੜ ਕੇ ਹੀ ਸਿਸਟਮ ਨੂੰ ਬਦਲਿਆ ਜਾ ਸਕਦਾ ਹੈ ਨਾ ਕਿ ਸਿਸਟਮ ਚੋਂ ਬਾਹਰ ਹੋ ਕੇ। ਸਗੋਂ ਸੂਬੇ ਦੀ ਕਾਰਜਕਾਰੀ ਸਕਤੀ (ਖਾਸ ਤੌਰ ‘ਤੇ ਮੁੱਖ ਮੰਤਰੀ/ਗ੍ਰਹਿ ਮੰਤਰੀ) ਜਿਸ ਕੋਲ ਹੈ ਉਸ ਨੂੰ ਹਲੂਣੀਏ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਏ। ਦੱਸ ਦਈਏ ਕਿ ਐਚਐਸ ਫੂਲਕਾ ਨੇ ਨਵਜੋਤ ਸਿੱਧੂ ਨੂੰ ਕਿਹਾ ਸੀ ਸਪੈਸ਼ਲ ਸੈਸ਼ਨ ਵਿਚ ਸਰਕਾਰ ਕੋਲੋਂ ਇਹ ਜਵਾਬਦੇਹੀ ਮੰਗੀ ਜਾਵੇ ਕਿ ਇਸ ਕੇਸ ਲਈ ਤਿੰਨ ਮਹੀਨੇ ਦਾ ਸਮਾਂ ਸੀ ਪਰ ਢਾਈ ਸਾਲ ਬੀਤ ਜਾਣ ਦੇ ਬਾਅਦ ਵੀ ਹਲੇ ਤਕ ਕੁੱਝ ਕਿਉਂ ਨਹੀਂ ਹੋਇਆ?