ਵੀਰਵਾਰ ਨੂੰ ਰਾਜਪਾਲ ਨਾਲ ਮੁਲਾਕਾਤ ਕਰਨਗੇ ਸਿੱਧੂ, ਕਾਨੂੰਨ ਵਿਵਸਥਾ ਅਤੇ ਬਿਜਲੀ ਮੁੱਦੇ 'ਤੇ ਕੀਤੀ ਜਾਵੇਗੀ ਚਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ 21 ਅਪ੍ਰੈਲ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਨਗੇ।

Navjot Sidhu


ਬਠਿੰਡਾ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ 21 ਅਪ੍ਰੈਲ ਨੂੰ ਪੰਜਾਬ  ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਹ ਪੰਜਾਬ ਵਿਚ ਬਿਜਲੀ ਸੰਕਟ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਰਾਜਪਾਲ ਨਾਲ ਗੱਲਬਾਤ ਕਰਨਗੇ। ਇਹ ਜਾਣਕਾਰੀ ਨਵਜੋਤ ਸਿੱਧੂ ਨੇ ਬਠਿੰਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਸਿੱਧੂ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਬਿਜਲੀ ਮੁਆਫੀ ਦਾ ਲਿਆ ਗਿਆ ਫੈਸਲਾ ਪੱਖਪਾਤੀ ਹੈ।

Navjot Sidhu

ਸਿੱਧੂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ‘ਆਪ’ ਨੇ ਹਰ ਵਰਗ ਨੂੰ ਇਹ ਸਹੂਲਤ ਦੇਣ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਸੂਬਾ ਸਰਕਾਰ ਕੋਲ ਇਸ ਸਕੀਮ ਤਹਿਤ 6,000 ਕਰੋੜ ਰੁਪਏ ਦੇ ਬਜਟ ਅਲਾਟਮੈਂਟ ਲਈ ਕੋਈ ਬਲੂਪ੍ਰਿੰਟ ਨਹੀਂ ਹੈ। ਉਹਨਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕਰਕੇ ਵੱਡੇ-ਵੱਡੇ ਇਸ਼ਤਿਹਾਰ ਜਾਰੀ ਕਰ ਰਹੀ ਹੈ, ਇੱਥੋਂ ਤੱਕ ਕਿ ਦੂਜੇ ਸੂਬਿਆਂ ਵਿਚ ਵੀ ਇਸ਼ਤਿਹਾਰ ਦਿੱਤੇ ਜਾ ਰਹੇ ਹਨ, ਜੋ ਕਿ ਗਲਤ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ, ਜਿਸ ਵੱਲ ਪੰਜਾਬ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ।

Raja Warring

ਨਵਜੋਤ ਸਿੱਧੂ ਨੇ ਸਵਾਲ ਕੀਤਾ ਕਿ ਸੂਬੇ ਦੇ ਥਰਮਲ ਪਲਾਂਟਾਂ ਦੀ ਮੌਜੂਦਾ ਸਥਿਤੀ ਅਤੇ ਉਹਨਾਂ ਨੂੰ ਕੋਲੇ ਦੀ ਸਪਲਾਈ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਕਿਹੜੇ ਉਪਰਾਲੇ ਕੀਤੇ ਜਾ ਰਹੇ ਹਨ। ਸਿੱਧੂ ਨੇ ਸੂਬਾ ਸਰਕਾਰ ਨੂੰ ਪੁੱਛਿਆ ਕਿ ਆਉਣ ਵਾਲੇ ਦੋ ਮਹੀਨਿਆਂ ਵਿਚ ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ 16,000 ਕਿਲੋਵਾਟ ਹੋ ਜਾਵੇਗੀ। ਮੰਗ ਵਿਚ ਵਾਧੇ ਨੂੰ ਪੂਰਾ ਕਰਨ ਲਈ ਕੀ ਯੋਜਨਾ ਬਣਾਈ ਗਈ ਹੈ?

Navjot Sidhu

ਰਾਜਾ ਵੜਿੰਗ ਨਾਲ ਕੋਈ ਨਰਾਜ਼ਗੀ ਨਹੀਂ : ਸਿੱਧੂ

ਪ੍ਰੈੱਸ ਕਾਨਫਰੰਸ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ ਪਾਰਟੀ ਦੇ ਨਵੇਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਉਹਨਾਂ ਦੀ ਕੋਈ ਨਰਾਜ਼ਗੀ ਨਹੀਂ ਹੈ। ਉਹਨਾਂ ਕਿਹਾ ਕਿ ਰਾਜਾ ਵੜਿੰਗ ਲਈ ਮੇਰੇ ਘਰ ਦੇ ਦਰਵਾਜੇ ਖੁੱਲ੍ਹੇ ਨੇ, ਜਦੋਂ ਮਰਜ਼ੀ ਮੈਨੂੰ ਘਰੇ ਆ ਕੇ ਮਿਲ ਲੈਣ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕਾਂਗਰਸ ਵਿਧਾਨ ਸਭਾ ਵਿਚ ਸਖ਼ਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਵਿਚ ਕਾਂਗਰਸ ਨੂੰ ਮਜ਼ਬੂਤ ​​ਕਰਨ ਲਈ ਸੂਬੇ ਭਰ ਦੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਜਾਵੇਗੀ।