ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸੁਖਦੇਵ ਢੀਂਡਸਾ ਨੇ ਆਪਣੇ ਪੁੱਤ ਨੂੰ ਪਾਈ ਵੋਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਦੇਵ ਢੀਂਡਸਾ ਨੇ ਕਿਹਾ ਪੰਜਾਬ ਚੋਂ ਕਾਂਗਰਸ ਦਾ ਸਫਾਇਆ ਹੋ ਚੁੱਕਾ ਹੈ ਜਿਸ ਕਰਕੇ ਪਰਮਿੰਦਰ ਢੀਂਡਸਾ ਦੀ ਜਿੱਤ ਪੱਕੀ ਹੈ

Sukhdev Dhindsa

ਸੰਗਰੂਰ- ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ਲਈ ਵੋਟਾਂ ਪੈ ਰਹੀਆਂ ਹਨ। ਜਿਸ ਵਿਚ ਅੱਜ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ (ਰਿਜ਼ਰਵ), ਹੁਸ਼ਿਆਰਪੁਰ (ਰਿਜ਼ਰਵ), ਸ੍ਰੀ ਅਨੰਦਪੁਰ ਸਾਹਿਬ, ਲੁਧਿਆਣਾ, ਫ਼ਤਿਹਗੜ ਸਾਹਿਬ (ਰਿਜ਼ਰਵ), ਫ਼ਰੀਦਕੋਟ (ਰਿਜ਼ਰਵ), ਫਿਰੋਜ਼ਪੁਰ, ਬਠਿੰਡਾ, ਸੰਗਰੂਰ, ਪਟਿਆਲਾ ਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ‘ਤੇ ਵੋਟਾਂ ਪੈ ਰਹੀਆਂ ਹਨ।

ਅੱਜ ਸਵੇਰ ਤੋਂ ਹੀ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ ਅਤੇ ਬੂਥ ਕੇਂਦਰਾਂ ਉਤੇ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਇਸ ਦੌਰਾਨ ਜਿਥੇ ਆਮ ਵੋਟਰ ਆਪਣੀ ਵੋਟ ਦਾ ਭੁਗਤਾਨ ਕਰ ਰਹੇ ਹਨ ,ਓਥੇ ਹੀ ਵੋਟਾਂ ਪਾਉਣ ਲਈ ਨੌਜਵਾਨਾਂ ਤੋਂ ਲੈ ਬਜ਼ੁਰਗਾਂ ਵਿਚ ਭਾਰੀ ਉਤਸ਼ਾਹ ਹੈ।ਇਸ ਦੌਰਾਨ ਪੰਜਾਬ ‘ਚ ਕਈ ਥਾਵਾਂ ‘ਤੇ ਸ਼ਾਂਤਮਈ ਢੰਗ ਨਾਲ ਵੋਟਾਂ ਪੈ ਰਹੀਆਂ ਹਨ ਅਤੇ ਕਈ ਥਾਵਾਂ ‘ਤੇ ਹਿੰਸਾ ਦੀਆਂ ਖਬਰਾਂ ਮਿਲੀਆਂ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਜੱਦੀ ਪਿੰਡ ਉਭਾਵਾਲ ਵਿਖੇ ਵੋਟ ਪਾਈ। ਇਸ ਦੌਰਾਨ ਸੁਖਦੇਵ ਢੀਂਡਸਾ ਨੇ ਕਿਹਾ ਕਿ ਦੇਸ਼ ਵਿਚ ਐਨ.ਡੀ.ਏ ਦੀ ਸਰਕਾਰ ਬਣੇਗੀ। ਉਹਨਾਂ ਨੇ ਕਿਹਾ ਕਿ ਪੰਜਾਬ ਚੋਂ ਕਾਂਗਰਸ ਦਾ ਸਫਾਇਆ ਹੋ ਚੁੱਕਿਆ ਹੈ ਜਿਸ ਕਰਕੇ ਪਰਮਿੰਦਰ ਢੀਂਡਸਾ ਦੀ ਜਿੱਤ ਪੱਕੀ ਹੈ।

ਇਸ ਤੋਂ ਪਹਿਲਾਂ ਸੰਗਰੂਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਢੀਂਡਸਾ ਨੇ ਆਪਣੀ ਪਤਨੀ ਗਗਨਦੀਪ ਢੀਂਡਸਾ ਨਾਲ ਆਪਣੇ ਜੱਦੀ ਪਿੰਡ ਉਭਾਵਾਲ ਵਿਖੇ ਵੋਟ ਪਾਈ। ਸੁਖਦੇਵ ਸਿੰਘ ਢੀਂਡਸਾ ਦੀ ਪਤਨੀ ਬੀਬੀ ਹਰਜੀਤ ਕੌਰ ਨੇ ਵੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।