ਕੁਰਸੀ ਦੀ ਲੜਾਈ ਵਿਚ ਫਸੇ ਮੰਤਰੀ, ਕੋਵਿਡ ਜ਼ਿੰਮੇਵਾਰੀ ਭੁੱਲੇ : ਮਜੀਠੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਜੀਠੀਆ ਨੇ ਦਸਿਆ ਕਿ ਅੱਜ ਦੇ ਹਾਲਾਤ ਵਿਚ ਮੁੱਖ ਮੰਤਰੀ ਤੇ ਮੰਤਰੀ ਮੰਡਲ ਦੇ ਸਾਥੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕੁਰਸੀ ਦੀ ਲੜਾਈ ਛੱਡ ਮਹਾਂਮਾਰੀ ਵਿਰੁਧ ਜੰਗ ਲੜੀ ਜਾਵੇ

Bikram Singh Majithia

ਚੰਡੀਗੜ੍ਹ (ਜੀ.ਸੀ.ਭਾਰਦਵਾਜ): ਪਿਛਲੇ ਕੁੱਝ ਦਿਨਾਂ ਤੋਂ ਮੁੱਖ ਮੰਤਰੀ ਵਿਰੁਧ ਉਠੇ ਬਵਾਲ ਅਤੇ ਨਵਜੋਤ ਸਿੰਘ ਸਿੱਧੂ ਵਲੋਂ ਜਾਰੀ ਕੀਤੇ ਜਾ ਰਹੇ ਟਵੀਟ ਨਾਲ ਸੱਤਾਧਾਰੀ ਕਾਂਗਰਸ ਵਿਚ ਖੜੇ ਹੋਏ ਪਾਟੋਧਾੜ ਨੇ ਜਿਥੇ ਪਾਰਟੀ ਹਾਈ ਕਮਾਂਡ ਨੂੰ ਗੰਭੀਰ ਸੰਕਟ ਵਿਚ ਪਾ ਦਿਤਾ ਹੈ ਉਥੇ ਸਿੱਧੂ ਦੀ ਸੂਈ ਹੁਣ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ’ਤੇ ਟਿਕਦੀ ਨਜ਼ਰ ਆ ਰਹੀ ਹੈ। 

ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮਾਮਲਿਆਂ ਵਿਚ ਫਿਰ ਦੋਸ਼ ਬਾਦਲਾਂ ’ਤੇ ਮੜ੍ਹਦਿਆਂ ਰਣਜੀਤ ਸਿੰਘ ਕਮਿਸ਼ਨ ਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਰੀਪੋਰਟਾਂ ਵਿਚੋਂ ਸਬੂਤ ਪੇਸ਼ ਕਰਨ ਦੀ ਗੱਲ ਆਖੀ ਹੈ ਜਿਸ ਦੇ ਕਰਾਰੇ ਜਵਾਬ ਵਿਚ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਚ ਕੀਤੀ ਭਰਵੀਂ ਪ੍ਰੈਸ ਕਾਨਫ਼ਰੰਸ ਦੌਰਾਨ ਸੀਨੀਅਰ ਅਕਾਲੀ ਨੇਤਾ ਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਵੇਰਵੇ ਸਹਿਤ ਦਸਿਆ ਕਿ ਅੱਜ ਦੇ ਹਾਲਾਤ ਵਿਚ ਮੁੱਖ ਮੰਤਰੀ, ਉਸ ਦੇ ਮੰਤਰੀ ਮੰਡਲ ਦੇ ਸਾਥੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕੁਰਸੀ ਦੀ ਲੜਾਈ ਛੱਡ ਕੇ ਕੋਰੋਨਾ ਮਹਾਂਮਾਰੀ ਵਿਰੁਧ ਜੰਗ ਲੜੀ ਜਾਵੇ।

ਬਿਕਰਮ ਮਜੀਠੀਆ ਨੇ ਅੰਕੜੇ ਦਿੰਦਿਆਂ ਦਸਿਆ ਕਿ ਪੰਜਾਬ ਦੀ 65 ਫ਼ੀ ਸਦੀ ਅਬਾਦੀ ਪਿੰਡਾਂ ਵਿਚ ਹੈ ਉਥੇ ਇਹ ਮਹਾਂਮਾਰੀ ਬੁਰੀ ਤਰ੍ਹਾਂ ਫੈਲ ਗਈ ਹੈ। ਸਿਹਤ ਵਿਭਾਗ ਦੇ ਮੰਤਰੀ, ਪੰਜਾਬ ਸਰਕਾਰ ਤੇ ਹੋਰ ਸਿਸਟਮ ਫ਼ੇਲ੍ਹ ਹੋ ਚੁੱਕਾ ਹੈ, ਮੌਤ ਦਰ ਪੰਜਾਬ ਵਿਚ 2.4 ਫ਼ੀਸਦੀ ਹੈ ਜਦੋਂ ਕਿ ਨੈਸ਼ਨਲ ਲੈਵਲ 1.1 ਫ਼ੀ ਸਦੀ ਤੇ ਗੁਆਂਢੀ ਸੂਬੇ ਹਰਿਆਣਾ ਵਿਚ 1.1 ਫ਼ੀ ਸਦੀ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਵਿਚ ਕੋਰੋਨਾ ਨਾਲ ਕੁਲ ਮੌਤਾਂ ਹੁਣ ਤਕ 12000 ਹੋ ਚੁੱਕੀਆਂ ਹਨ ਜਦੋਂ ਕਿ ਹਰਆਣਾ ਵਿਚ 6800 ਤੇ ਦੱਲੀ ਵਿਚ 22000 ਤਕ ਪਹੁੰਚ ਗਈਆਂ ਹਨ। ਮਜੀਠੀਆ ਨੇ ਪੇਸ਼ਕਸ਼ ਕੀਤੀ ਕਿ ਸਰਕਾਰ ਆਲ ਪਾਰਟੀ ਮੀਟਿੰਗ ਬੁਲਾ ਕੇ ਸਹਿਯੋਗ ਨਾਲ ਇਕੱਠੇ ਹੋ ਕੇ ਇਸ ਮਹਾਂਮਾਰੀ ਤੇ ਕਾਬੂ ਪਾਵੇ ਅਤੇ ਮੁੱਖ ਮੰਤਰੀ ਖ਼ੁਦ ਸੁਸਤੀ ਛੱਡ ਕੇ ਪੇਂਡੂ ਇਲਾਕਿਆਂ ਵਿਚ ਕੋਰੋਨਾ ਵਿਰੋਧੀ ਟੀਕਾਕਰਨ ਦੀ ਮੁਹਿੰਮ ਛੇੜੇ।

ਅਕਾਲੀ ਦਲ ਨੇਤਾ ਨੇ ਕਿਹਾ ਕਿ ਵੈਕਸੀਨੇਸ਼ਨ ਦਾ ਰਾਸ਼ਟਰੀ ਅੰਕੜਾ 3.5 ਫ਼ੀ ਸਦੀ ਹੈ ਜਦੋਂ ਕਿ ਹਰਿਆਣਾ ਵਿਚ 3.2 ਫ਼ੀ ਸਦੀ ਲੋਕਾਂ ਨੂੰ ਟੀਕਾ ਲੱਗ ਚੁੱਕਾ ਹੈ ਪਰ ਪੰਜਾਬ ਵਿਚ ਕੇਵਲ 2.2 ਫ਼ੀ ਸਦੀ ਲੋਕਾਂ ਨੂੰ ਹੀ ਟੀਕਾ ਲਗਵਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਹਸਪਤਾਲਾਂ ਦੀ ਹਾਲਤ ਨਾਜ਼ੁਕ ਤੇ ਅੱਤ ਦੀ ਖ਼ਰਾਬ ਹੈ ਜਦੋਂ ਕਿ ਪ੍ਰਾਈਵੇਟ ਹਸਪਤਾਲ, ਲੋਕਾਂ ਦੀ ਛਿੱਲ ਲਾਹ ਰਹੇ ਹਨ। ਮਜੀਠੀਆ ਨੇ ਅੰਮ੍ਰਿਤਸਰ ਦੇ ਪ੍ਰਾਈਵੇਟ ‘ਅਮਨਦੀਪ ਹਸਪਤਾਲ’ ਵਲੋਂ ਕੀਤੀ ਲੁੱਟ ਦਾ ਵੇਰਵਾ ਦਿੰਦਿਆਂ ਕਿਹਾ ਕਿ 65 ਸਾਲਾ ਮਰੀਜ਼ ਸੁਰਿੰਦਰ ਸਿੰਘ ਦੇ ਇਲਾਜ ਦਾ ਬਿਲ ਕੁਲ 21 ਲੱਖ ਬਣਾਇਆ ਜਿਸ ਵਿਚ 8,11,500 ਰੁਪਏ ਦਵਾਈਆਂ ਦੇ, 2,40,000 ਪੀ.ਪੀ.ਈ. ਕਿੱਟਾਂ ਦੇ, 4,52,000 ਬੈੱਡ ਦਾ ਖ਼ਰਚਾ ਦਿਖਾਇਆ ਗਿਆ। ਮਰੀਜ਼ ਨੂੰ ਫਿਰ ਵੀ ਨਹੀਂ ਬਚਾ ਸਕੇ ਡਾਕਟਰ।

ਮਜੀਠੀਆ ਨੇ ਅੱਜ ਦੇ ਕੋਰੋਨਾ ਘੋਰ ਸੰਕਟ ਦੌਰਾਨ ਵੀ ਸਿਆਸੀ ਮੁੱਦੇ ਲਗਾਤਾਰ ਛੇੜੇ ਜਾਣ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਜੇ ਨਵਜੋਤ ਸਿੰਘ ਸਿੱਧੂ ਕੋਲ ਕੋਈ ਬੇਅਦਬੀ ਮਾਮਲਿਆਂ ਸਬੰਧੀ ਸਬੂਤ ਹੈ ਤਾਂ ਉਹ ਹਾਈ ਕੋਰਟ ਜਾਂ ਸੁਪ੍ਰੀਮ ਕੋਰਟ ਜਾਵੇ ਪਰ ਗੰਦੀ ਸਿਆਸਤ ਨਾ ਖੇਡੇ। ਪ੍ਰੈਸ ਕਾਨਫ਼ਰੰਸ ਵਿਚ ਮਜੀਠੀਆ ਨੇ ਕਈ ਤਰ੍ਹਾਂ ਦੀਆਂ ਵੀਡੀਉ ਕਲਿਪ ਦਿਖਾਈਆਂ ਜਿਨ੍ਹਾਂ ਵਿਚ ਨਵਜੋਤ ਸਿੱਧੂ ਬੀਜੇਪੀ ਤੇ ਕਾਂਗਰਸ ਵਿਚ ਰਹਿੰਦਿਆਂ, ਮੰਤਰੀ ਤੇ ਗ਼ੈਰ ਮੰਤਰੀ ਹੁੰਦਿਆਂ ਬਾਪੂ ਆਸਾ ਰਾਮ, ਸਿਰਸਾ ਦੇ ਸੌਦਾ ਸਾਧ ਦੇ ਡੇਰੇ, ਸੋਨੀਆ ਗਾਂਧੀ ਦਰਬਾਰ ਅਤੇ ਹੋਰ ਕਈ ਥਾਵਾਂ ’ਤੇ ਆਪਾ ਵਿਰੋਧੀ ਚੁਟਕਲੇ, ਜੁਮਲੇ, ਅਜੀਬੋ ਗ਼ਰੀਬ ਭਾਸ਼ਣ, ਸਿਫ਼ਤਾਂ, ਟਕੋਰਾਂ ਤੇ ਹੋਰ ਟਿਚਰਾਂ ਕਰਦਾ ਦਿਖਾਇਆ ਗਿਆ ਹੈ।