ਲਾਂਚ ਹੋਈ ਕੋਰੋਨਾ ਦੀ ਦਵਾਈ 2DG, ਸਿਹਤ ਮੰਤਰੀ ਨੇ ਕਿਹਾ- ਆਕਸੀਜਨ ਸੰਕਟ ਨਾਲ ਨਜਿੱਠਣ ’ਚ ਮਿਲੇਗੀ ਮਦਦ
ਰਾਜਨਾਥ ਸਿੰਘ ਤੇ ਡਾ. ਹਰਸ਼ਵਰਧਨ ਨੇ ਲਾਂਚ ਕੀਤੀ ਕੋਰੋਨਾ ਦੀ ਪਹਿਲੀ ਦਵਾਈ 2ਡੀਜੀ
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀਆਰਡੀਓ ਵੱਲੋਂ ਤਿਆਰ ਕੀਤੀ ਕੋਰੋਨਾ ਵਾਇਰਸ ਦੀ ਦਵਾਈ 2ਡੀਜੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਸੌਂਪੀ। ਇਸ ਤੋਂ ਬਾਅਦ ਸਿਹਤ ਮੰਤਰੀ ਨੇ ਇਹ ਦਵਾਈ ਏਮਜ਼ ਡਾਇਰੈਕਟਰ ਡਾ. ਰਣਦੀਪ ਗੁਲੇਰੀਆਂ ਨੂੰ ਸੌਂਪ ਦਿੱਤੀ।
ਕੋਰੋਨਾ ਮਰੀਜ਼ਾਂ ਦੀ ਰਿਕਵਰੀ ਵਿਚ ਆਵੇਗੀ ਤੇਜ਼ੀ- ਸਿਹਤ ਮੰਤਰੀ
ਦਵਾਈ ਲਾਂਚ ਕਰਨ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਇਸ ਵੈਕਸੀਨ ਜ਼ਰੀਏ ਕੋਰੋਨਾ ਮਰੀਜ਼ਾਂ ਦੀ ਰਿਕਵਰੀ ਵਿਚ ਤੇਜ਼ੀ ਆਵੇਗੀ। ਇਸ ਤੋਂ ਇਲਾਵਾ ਆਕਸੀਜਨ ’ਤੇ ਨਿਰਭਰਤਾ ਘੱਟ ਹੋਵੇਗੀ। ਡਾ. ਹਰਸ਼ਵਰਧਨ ਨੇ ਕਿਹਾ ਕਿ ਇਸ ਦਵਾਈ ਨਾਲ ਭਾਰਤ ਹੀ ਨਹੀਂ ਬਲਕਿ ਦੁਨੀਆਂ ਭਰ ਵਿਚ ਕੋਰੋਨਾ ਨਾਲ ਲੜਨ ਵਿਚ ਮਦਦ ਮਿਲੇਗੀ। ਉਹਨਾਂ ਨੇ ਡੀਆਰਡੀਓ ਦੇ ਵਿਗਿਆਨੀਆਂ ਨੂੰ ਇਸ ਲਈ ਵਧਾਈ ਦਿੱਤੀ ਅਤੇ ਉਹਨਾ ਦਾ ਧੰਨਵਾਦ ਕੀਤਾ। ਇਸ ਦੌਰਾਨ ਐਂਟੀ-ਡਰੱਗ 2-ਡੀ.ਜੀ. ਦੇ 10,000 ਪੈਕੇਟ ਐਮਰਜੈਂਸੀ ਵਰਤੋਂ ਲਈ ਜਾਰੀ ਕੀਤੇ ਜਾਣਗੇ। ਇਹਨਾਂ ਨੂੰ ਮਰੀਜ਼ਾਂ ਲਈ ਦਿੱਤਾ ਜਾਵੇਗਾ।
ਕੀ ਹੈ 2 ਡੀਜੀ ਐਂਟੀ ਕੋਰੋਨਾ ਦਵਾਈ?
2 ਡੀਜੀ ਐਂਟੀ ਕੋਰੋਨਾ ਦਵਾਈ ਭਾਰਤ 'ਚ ਬਣਾਈ ਗਈ ਪਹਿਲੀ ਅਜਿਹੀ ਦਵਾਈ ਹੈ ਜੋ ਕਿ ਕੋਰੋਨਾ ਵਾਇਰਸ ਨੂੰ ਮਾਤ ਦੇ ਸਕਦੀ ਹੈ। ਇਸ ਦਾ ਪੂਰਾ ਨਾਮ 2 ਡੀਆਕਸੀ-ਡੀ-ਗੁਲੂਕੋਜ਼ ਹੈ। ਇਹ ਦਵਾਈ ਇਕ ਪਾਊਡਰ ਦੇ ਰੂਪ ਵਿਚ ਹੈ, ਇਹ ਸਭ ਤੋਂ ਪਹਿਲਾਂ ਦਿੱਲੀ ਦੇ ਡੀਆਰਡੀਓ ਕੋਵਿਡ ਹਸਪਤਾਲ ਵਿਚ ਭਰਤੀ ਮਰੀਜ਼ਾਂ ਨੂੰ ਦਿੱਤੀ ਜਾਵੇਗੀ।
ਦੱਸ ਦਈਏ ਕਿ ਇਸ ਦਵਾਈ ਨੂੰ ਡੀਆਰਡੀਓ ਦੇ ਇੰਸਚੀਟਿਊਟ ਆਫ ਨਿਊਕਲੀਅਰ ਮੈਡੀਸਿਨ ਐਂਡ ਅਲਾਈਡ ਸਾਇੰਸੇਸ (INMAS) ਨੇ ਡਾ. ਰੇਡੀਜ਼ ਲੈਬੋਰੇਟਰੀਜ਼ ਦੇ ਨਾਲ ਮਿਲ ਕੇ ਬਣਾਇਆ ਹੈ। ਕਲੀਨੀਕਲ ਰਿਸਰਚ ਦੌਰਾਨ 2-ਡੀਜੀ ਦਵਾਈ ਦੇ 5.85 ਗ੍ਰਾਮ ਦੇ ਪੈਕੇਟ ਤਿਆਰ ਕੀਤੇ ਗਏ। ਇਹਨਾਂ ਨੂੰ ਸਵੇਰੇ ਸ਼ਾਮ ਪਾਣੀ ਵਿਚ ਘੋਲ ਕੇ ਮਰੀਜ਼ਾਂ ਨੂੰ ਦਿੱਤਾ ਗਿਆ ਤੇ ਨਤੀਜੇ ਸਹੀ ਰਹੇ। ਮਰੀਜ਼ਾਂ ਦੀ ਰਿਕਵਰੀ ਵਿਚ ਤੇਜ਼ੀ ਦੇਖੀ ਗਈ।
ਇਸ ਅਧਾਰ ’ਤੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਇਸ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਹੈ। ਡੀਆਰਡੀਓ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੇ 27 ਹਸਪਤਾਲਾਂ ਵਿਚ ਇਸ ਦਾ ਪਰੀਖਣ ਕੀਤਾ ਗਿਆ ਹੈ। ਫਿਲਹਾਲ ਇਹ ਦਵਾਈ ਡਾਕਟਰ ਦੀ ਸਲਾਹ ’ਤੇ ਹੀ ਦਿੱਤੀ ਜਾਵੇਗੀ।