ਡਾਕਟਰਾਂ ਦੀ ਵੱਡੀ ਲਾਪਰਵਾਹੀ!, ਮ੍ਰਿਤਕ ਔਰਤ ਦੀਆਂ ਅਸਥੀਆਂ 'ਚੋਂ ਮਿਲਿਆ ਕੱਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਔਰਤ ਦਾ ਨਿੱਜੀ ਹਸਪਤਾਲ ਵਿਚ ਹੋਇਆ ਰਸੌਲੀ ਦਾ ਆਪ੍ਰੇਸ਼ਨ

Negligence of doctor in Moga

ਮੋਗਾ (ਦਲੀਪ ਕੁਮਾਰ): ਜ਼ਿਲ੍ਹਾ ਮੋਗਾ ਦੇ ਅਧੀਨ ਪੈਂਦੇ ਪਿੰਡ ਚੜਿੱਕ ਵਿਖੇ ਡਾਕਟਰਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦਰਅਸਲ ਪਿੰਡ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਜਦੋਂ ਇੱਕ ਮ੍ਰਿਤਕ ਔਰਤ ਦੀਆਂ ਅਸਥੀਆਂ ਚੁਗਣ ਗਏ ਲੋਕਾਂ ਨੂੰ ਔਰਤ ਦੀਆ ਅਸਤੀਆਂ ਵਿਚੋਂ ਇੱਕ ਸੀਸੀ ਨੁਮਾ ਚੀਜ਼ ਮਿਲੀ। ਇਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਸੀਸੀ ਨੁਮਾ ਚੀਜ਼ ਪੁਲਿਸ ਦੇ ਹਵਾਲੇ ਕਰ ਦਿੱਤੀ।

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਨੇ 5 ਮਈ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਰਸੌਲੀ ਦਾ ਆਪ੍ਰੇਸ਼ਨ ਕਰਵਾਇਆ ਗਿਆ ਸੀ।  ਪਰਿਵਾਰ ਦਾ ਦੋਸ਼ ਹੈ ਕਿ ਡਾਕਟਰ ਕੋਲੋ ਅਪ੍ਰੇਸ਼ਨ ਕਰਦੇ ਸਮੇਂ ਮ੍ਰਿਤਕ ਮਹਿਲਾ ਦੇ ਪੇਟ ਵਿਚ ਸੀਸੀ ਰਹੇ ਗਈ ਸੀ ਜਿਸ ਕਰਕੇ ਉਸ ਦੀ ਮੌਤ ਹੋ ਗਈ।  ਹਾਲਾਂਕਿ ਡਾਕਟਰ ਗੌਰਵ ਮਿੱਤਲ ਨੇ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਸਰਜਰੀ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਮੇਰੇ ’ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ ।

ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਮ੍ਰਿਤਕ ਦੇ ਪਤੀ ਮਲਕੀਤ ਸਿੰਘ ਅਤੇ ਮ੍ਰਿਤਕ ਦੀ ਮਾਂ ਮਨਜੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਦੀ ਬੱਚੇਦਾਨੀ ਵਿਚ ਰਸੌਲੀ ਸੀ ਜਿਸ ਦੇ ਚਲਦਿਆਂ ਉਹਨਾਂ ਨੇ 5 ਮਈ ਨੂੰ ਇਕ ਨਿਜੀ ਹਸਪਤਾਲ ਵਿਚ ਅਪ੍ਰੇਸ਼ਨ ਕਰਵਾਇਆ ਸੀ।

ਉਹਨਾਂ ਕਿਹਾ ਕਿ ਅਪਰੇਸ਼ਨ ਕਰਦੇ ਸਮੇਂ ਡਾਕਟਰ ਦੀ ਲਾਪਰਵਾਹੀ ਕਾਰਨ ਮਹਿਲਾ ਦੇ ਪੇਟ ਵਿਚ ਇਕ ਸੀਸੀ ਰਹਿ ਗਈ ਸੀ ਜਿਸ ਦੇ ਚਲਦੇ ਉਸ ਦੀ ਮੌਤ ਹੋ ਗਈ। ਉਧਰ ਪੁਲਿਸ ਚੌਕੀ ਚੜਿੱਕ ਦੇ ਐਸਐਚਓ ਵਕੀਲ ਸਿੰਘ ਨੇ ਕਿਹਾ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪਰਿਵਾਰ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।