ਛੋਟੇ ਭਰਾ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਵੱਡੇ ਭਰਾ ਦਾ ਕਤਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਜੀਤ ਸਿੰਘ ਨਸ਼ਾ ਕਰ ਕੇ ਮਾਂ ਦੀ ਕਰਦਾ ਸੀ ਕੁੱਟਮਾਰ 

Punjab News

ਪੁਲਿਸ ਨੇ ਜਸਵੰਤ ਸਿੰਘ ਨੂੰ ਕੀਤਾ ਗ੍ਰਿਫ਼ਤਾਰ 

ਮੋਗਾ  : ਕਸਬਾ ਧਰਮਕੋਟ ਦੇ ਪਿੰਡ ਲੋਹਗੜ੍ਹ 'ਚ ਛੋਟੇ ਭਰਾ ਨੇ ਅਪਣੇ ਵੱਡੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤੋ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਸਿਆ ਜਾ ਰਿਹਾ ਹੈ ਕਿ ਸੁਖਜੀਤ ਸਿੰਘ ਨਸ਼ੇ ਦਾ ਆਦੀ ਸੀ ਅਤੇ ਨਸ਼ਾ ਕਰ ਕੇ ਪ੍ਰਵਾਰਕ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ।

ਹਾਲ ਹੀ ਵਿਚ ਸੁਖਜੀਤ ਸਿੰਘ ਨੇ ਨਸ਼ਾ ਕਰ ਕੇ ਅਪਣੀ ਮਾਂ ਦੀ ਕੁੱਟਮਾਰ ਕੀਤੀ ਸੀ। ਜਿਸ ਤੋਂ ਗੁੱਸੇ ਵਿਚ ਆਏ ਉਸ ਦੇ ਛੋਟੇ ਭਰਾ ਨੇ ਤਲਵਾਰ ਨਾਲ ਹਮਲਾ ਕੀਤਾ ਅਤੇ ਸੁਖਜੀਤ ਸਿੰਘ ਦਾ ਕਤਲ ਕਰ ਦਿਤਾ। ਇਸ ਮੌਕੇ ਗਲਬਾਤ ਕਰਦਿਆਂ ਮ੍ਰਿਤਕ ਦੀ ਮਾਂ ਨੇ ਦਸਿਆ ਕਿ ਸੁਖਜੀਤ ਸਿੰਘ ਕਰੀਬ 20 ਸਾਲ ਤੋਂ ਨਸ਼ਾ ਕਰ ਰਿਹਾ ਸੀ।

ਇਹ ਵੀ ਪੜ੍ਹੋ: ਮੈਕਸੀਕੋ : ਅਗ਼ਵਾ ਕੀਤੇ ਪ੍ਰਵਾਸੀਆਂ 'ਚੋਂ 49 ਨੂੰ ਲੱਭਿਆ, ਬਾਕੀਆਂ ਦੀ ਭਾਲ ਜਾਰੀ 

ਉਨ੍ਹਾਂ ਦਸਿਆ ਕਿ ਸੁਖਜੀਤ ਨੂੰ ਕਈ ਵਾਰ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਵੀ ਕਰਵਾਇਆ ਗਿਆ। ਪ੍ਰਵਾਰ ਮੁਤਾਬਕ ਸੁਖਜੀਤ ਨੂੰ ਦੌਰੇ ਪੈਂਦੇ ਸਨ ਅਤੇ ਨਸ਼ੇ ਦੀ ਪੂਰਤੀ ਲਈ ਉਹ ਪੈਸੇ ਦੀ ਮੰਗ ਕਰਦਾ ਅਤੇ ਪ੍ਰਵਾਰ ਨੂੰ ਤੰਗ ਕਰਦਾ ਸੀ। ਮ੍ਰਿਤਕ ਦੀ ਮਾਂ ਹਰਜਿੰਦਰ ਕੌਰ ਨੇ ਦਸਿਆ ਕਿ ਅਪਣੇ ਨਸ਼ੇੜੀ ਪੁੱਤ ਤੋਂ ਤੰਗ ਆ ਕੇ ਉਹ ਕੀਤੇ ਹੋਰ ਰਹਿਣ ਲਈ ਜਗ੍ਹਾ ਭਾਲ ਰਹੇ ਸਨ। 

ਬੀਤੀ ਰਾਤ ਕਰੀਬ 8 ਵਜੇ ਉਸ ਦਾ ਫਿਰ ਪ੍ਰਵਾਰ ਨਾਲ ਝਗੜਾ ਹੋਇਆ। ਸੁਖਜੀਤ ਸਿੰਘ ਨੇ ਅਪਣੀ ਮਾਂ ਨਾਲ ਕੁੱਟਮਾਰ ਕੀਤੀ ।  ਛੋਟੇ ਭਰਾ ਜਸਵੰਤ ਸਿੰਘ ਨਾਲ ਵੀ ਉਸ ਦੀ ਹੱਥੋਪਾਈ ਹੋਈ। ਇਸ ਦੌਰਾਨ ਹੀ ਜਸਵੰਤ ਸਿੰਘ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਸੁਖਜੀਤ ਸਿੰਘ ਦੀ ਮੌਤ ਹੋ ਗਈ।

ਥਾਣਾ ਧਰਮਕੋਟ ਦੀ ਪੁਲਿਸ ਨੇ ਜਸਵੰਤ ਸਿੰਘ ਵਿਰੁਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਲਾਸ਼ ਅਪਣੇ ਕਬਜ਼ੇ ਵਿਚ ਲੈ ਲਈ ਹੈ। ਜਾਂਚ ਅਧਿਕਾਰੀ ਨੇ ਦਸਿਆ ਕਿ ਮਾਮਲੇ ਵਿਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।