ਗ਼ੈਰਕਾਨੂੰਨੀ ਨਿਰਮਾਣ ਨੂੰ ਲੈ ਕੇ ਸਿੱਧੂ ਦੇ ਆਦੇਸ਼ਾਂ 'ਤੇ ਮੁੱਖ ਮੰਤਰੀ ਨੇ ਲਾਈ ਰੋਕ
ਸ਼ਹਿਰ ਵਿਚ ਗ਼ੈਰਕਾਨੂੰਨੀ ਉਸਾਰੀ ਦੇ ਮਾਮਲੇ ਵਿਚ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕਾਰਵਾਈ ਤੋਂ ਬਾਅਦ ਬਣੇ ਹਲਾਤ ਦੀ ਗੂੰਜ
ਜਲੰਧਰ, ਸ਼ਹਿਰ ਵਿਚ ਗ਼ੈਰਕਾਨੂੰਨੀ ਉਸਾਰੀ ਦੇ ਮਾਮਲੇ ਵਿਚ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕਾਰਵਾਈ ਤੋਂ ਬਾਅਦ ਬਣੇ ਹਲਾਤ ਦੀ ਗੂੰਜ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚ ਗਈ ਹੈ। ਸੀਐਮਓ ਨੇ ਸ਼ਹਿਰ ਵਿਚ ਗ਼ੈਰ ਕਾਨੂੰਨੀ ਉਸਾਰੀ ਤੋੜਨ ਦੇ ਸਿੱਧੂ ਦੇ ਹੁਕਮਾਂ ਉੱਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਦੂਜੇ ਪਾਸੇ, ਸਿੱਧੂ ਦੀ ਕਾਰਵਾਈ ਦਾ ਵਿਰੋਧ ਕਰ ਰਹੇ ਕਾਂਗਰਸ ਦੇ ਤਿੰਨ ਵਿਧਾਇਕਾਂ ਨੇ ਇਥੇ ਸੰਸਦ ਚੌਧਰੀ ਸੰਤੋਖ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਬੈਠਕ 'ਚ ਆਪਣੀ ਨਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲਾਂ ਲੋਕਾਂ ਲਈ ਸਹੀ ਨੀਤੀ ਲੈ ਕੇ ਆਏ, ਫਿਰ ਕਾਰਵਾਈ ਕਰੇ।
ਪੀਏਪੀ ਵਿੱਚ ਦੋ ਘੰਟੇ ਚੱਲੀ ਬੈਠਕ ਵਿਚ ਪਰਗਟ ਸਿੰਘ ਨੂੰ ਛੱਡ ਹੋਰ ਵਿਧਾਇਕਾਂ ਨੇ ਕਾਰਵਾਈ ਦਾ ਵਿਰੋਧ ਕੀਤਾ। ਪੀਏਪੀ ਕੰਪਲੈਕਸ ਵਿਚ ਹੋਈ ਬੈਠਕ ਵਿਚ ਸ਼ਾਮਲ ਇਕ ਵਿਧਾਇਕ ਨੇ ਦੱਸਿਆ ਕਿ ਅਗਲੇ ਇੱਕ-ਦੋ ਦਿਨ ਵਿਚ ਸਾਰੇ ਵਿਧਾਇਕ ਸਿੱਧੂ ਦੇ ਨਾਲ ਬੈਠਕ ਕਰਕੇ ਇਸ ਮਾਮਲੇ ਉੱਤੇ ਚਰਚਾ ਕਰਨਗੇ। ਬੈਠਕ ਵਿਚ ਪਰਗਟ ਸਿੰਘ ਨੇ ਕਿਹਾ ਕਿ ਉਹ ਦੌਰੇ ਦੇ ਸਮੇਂ ਸਿੱਧੂ ਦੇ ਨਾਲ ਰਹੇ, ਪਰ ਕਿਸੇ ਵੀ ਹਲਕੇ 'ਚ ਕਾਰਵਾਈ ਵਿਚ ਉਨ੍ਹਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਸੀ। ਆਪਣੇ ਆਪ ਉਨ੍ਹਾਂ ਦੇ ਹਲਕੇ ਵਿਚ ਜੋ ਕਾਰਵਾਈ ਹੋਈ ਹੈ ਉਸਨੂੰ ਵੀ ਉਹ ਸਹੀ ਠਹਿਰਾਉਂਦੇ ਹਨ।
ਸੂਤਰਾਂ ਦੇ ਮੁਤਾਬਕ, ਤਿੰਨ ਵਿਧਾਇਕ ਜੋ ਸਿੱਧੂ ਦੇ ਫੈਸਲੇ ਨਾਲ ਸਹਿਮਤ ਨਹੀਂ ਉਹ ਸਿਧੇ ਰੂਪ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਕਰ ਕੇ ਸਿੱਧੂ ਦੀ ਸ਼ਿਕਾਇਤ ਕਰਨਾ ਚਾਹੁੰਦੇ ਸਨ। ਇਨ੍ਹਾਂ ਨਰਾਜ਼ ਵਿਧਾਇਕਾਂ ਨੇ ਮੁੱਖ ਮੰਤਰੀ ਦਫ਼ਤਰ ਨਾਲ ਸੰਪਰਕ ਵੀ ਕੀਤਾ ਸੀ, ਪਰ ਸੀਐਮ ਦਫ਼ਤਰ ਨੇ ਵਿਧਾਇਕਾਂ ਨੂੰ ਸਪਸ਼ਟ ਕਿਹਾ ਕਿ ਮੁੱਖ ਮੰਤਰੀ ਨੂੰ ਮਿਲਣ ਤੋਂ ਪਹਿਲਾਂ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਹੀ ਮਿਲਣਾ ਹੋਵੇਗਾ। ਮੰਤਰੀ ਨਾਲ ਮਿਲਕੇ ਉਹ ਆਪਣਾ ਪੱਖ ਰੱਖਣ। ਇਸ ਦੇ ਬਾਵਜੂਦ ਵੀ ਜੇ ਕੋਈ ਹੱਲ ਨਹੀਂ ਨਿਕਲਦਾ ਹੈ ਤਾਂ ਵਿਧਾਇਕ ਮੁੱਖ ਮੰਤਰੀ ਨੂੰ ਵੀ ਮਿਲ ਸਕਦੇ ਹਨ।