ਕਾਂਗੜ ਨੇ ਮੁਫ਼ਤ ਬੂਟੇ ਵੰਡਣ ਦੀ ਸ਼ੁਰੂਆਤ ਮਹਿਰਾਜ ਤੋਂ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਤੰਦਰੁਸਤ ਪੰਜਾਬ ਤਹਿਤ ਮੁਫ਼ਤ ਬੂਟੇ ਵੰਡਣ ਦੀ ਮੁਹਿੰਮ ਦਾ ਆਗ਼ਾਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...

Gurpreet Singh Kangar with Others

ਬਠਿੰਡਾ (ਦਿਹਾਤੀ), ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਤੰਦਰੁਸਤ ਪੰਜਾਬ ਤਹਿਤ ਮੁਫ਼ਤ ਬੂਟੇ ਵੰਡਣ ਦੀ ਮੁਹਿੰਮ ਦਾ ਆਗ਼ਾਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਾਂ ਦੇ ਪਿੰਡ ਮਹਿਰਾਜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਬੂਟਾ ਲਗਾ ਕੇ ਕੀਤਾ।  ਕੈਬਨਿਟ ਮੰਤਰੀ ਕਾਂਗੜ ਨੇ ਬੋਲਦਿਆਂ ਕਿਹਾ ਕਿ ਜੇਕਰ ਅੱਜ ਅਸੀਂ ਵਾਤਾਵਰਣ ਨਾ ਸਾਂਭਿਆ ਤਾਂ ਪਾਣੀ ਦੀਆਂ ਬੋਤਲਾਂ ਵਾਂਗ ਆਕਸੀਜਨ ਦੇ ਸਿਲੰਡਰ ਲੈ ਕੇ ਤੁਰਨਾ ਪਵੇਗਾ

ਜਦਕਿ ਸਾਡੀ ਭੂਮਿਕਾ ਸਿਰਫ਼ ਪੌਦਾ ਲਗਾਉਣ ਤਕ ਨਹੀਂ ਬਲਕਿ ਅਪਣੇ ਬੱਚਿਆਂ ਵਾਂਗ ਉਸ ਦਾ ਪਾਲਣ ਪੋਸ਼ਣ ਕਰਨ ਦੀ ਵੀ ਹੋਣੀ ਚਾਹੀਦੀ ਹੈ। ਸਮਾਗਮ 'ਚ ਮੌਜੂਦ ਲੋਕਾਂ ਨੂੰ ਹਰ ਘਰ 'ਚ ਇਕ ਪੌਦਾ ਲਗਾ ਕੇ ਉਸ ਨੂੰ ਪਾਲਣ ਦਾ ਸੱਦਾ ਦਿੰਦਿਆਂ ਕਾਂਗੜ ਨੇ ਕਿਹਾ ਕਿ ਇਸ ਧਰਤੀ 'ਤੇ ਸਾਡਾ ਜੀਵਨ ਪੌਦਿਆਂ ਨਾਲ ਹੀ ਸੰਭਵ ਹੈ। ਉਨ੍ਹਾਂ ਕਿਸਾਨਾਂ ਨੂੰ ਪਾਣੀ ਦੀ ਵਰਤੋਂ ਵੀ ਸੰਕੋਚ ਨਾਲ ਕਰਨ ਦਾ ਸੰਦੇਸ਼ ਦਿੰਦਿਆਂ ਧਰਤੀ ਹੇਠਲੇ ਡਿਗਦੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਪ੍ਰੇਰਿਤ ਕੀਤਾ।

ਕਾਂਗੜ ਨੇ ਮਹਿਰਾਜ ਵਾਸੀਆਂ ਨੂੰ ਦਸਿਆ ਕਿ ਉਨ੍ਹਾਂ ਦੇ ਪਾਣੀ ਦੀ ਨਿਕਾਸੀ ਸਬੰਧੀ ਕੰਮ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਪਿੰਡ ਦੀਆਂ ਵੱਖ ਵੱਖ ਜ਼ਰੂਰਤਾਂ ਨੂੰ ਵੀ ਜਲਦ ਹੀ ਪੂਰਾ ਕੀਤਾ ਜਾਵੇਗਾ। ਵਣ ਮੰਡਲ ਅਫ਼ਸਰ ਅਮ੍ਰਿਤਪਾਲ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਘਰ ਘਰ ਹਰਿਆਲੀ ਸਕੀਮ ਤਹਿਤ ਕਿਸਾਨਾਂ ਨੂੰ ਪ੍ਰਤੀ ਪੌਦਾ ਸਬਸਿਡੀ ਦਿੱਤੀ ਜਾਂਦੀ ਹੈ, ਜਦਕਿ ਸਬਸਿਡੀ ਲੈਣ ਲਈ ਕਿਸਾਨ ਕਿਤੋਂ ਵੀ ਪੌਦਾ ਲਿਆ ਕੇ ਲਗਾ ਸਕਦਾ ਹੈ ਲਗਾਏ ਹੋਏ ਪੌਦੇ ਦੀ ਫੋਟੋ, ਜ਼ਮੀਨ ਦੀ ਜਮਾਂਬੰਦੀ ਦੀ ਕਾਪੀ ਅਤੇ ਅਪਣੇ ਬੈਂਕ ਖਾਤੇ ਦੀ ਕਾਪੀ ਜੰਗਲਾਤ ਮਹਿਕਮੇ 'ਚ ਜਮ੍ਹਾਂ ਕਰਵਾ ਸਕਦਾ ਹੈ।

ਇਸ ਤਹਿਤ ਪ੍ਰਤੀ ਕਿਸਾਨ ਨੂੰ ਪਹਿਲੇ ਸਾਲ 14 ਰੁਪਏ ਅਤੇ ਦੂਜੇ, ਤੀਜੇ ਅਤੇ ਚੌਥੇ ਸਾਲ 7 ਰੁਪਏ ਹਰ ਸਾਲ ਦੇ ਹਿਸਾਬ ਨਾਲ ਮਿਲਣਗੇ। ਸਮਾਗਮ ਵਿਚ ਉੁਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਸੁਭਾਸ਼ ਖਟਕ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਸੂਬੇ 'ਚ ਹਰਿਆਲੀ ਵਧਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਪ੍ਰੰਤੂ ਇਹ ਉਪਰਾਲੇ ਉਦੋਂ ਤਕ ਅਮਲੀ ਜਾਮਾ ਨਹੀਂ ਪਾ ਸਕਦੇ ਜਦੋਂ ਤਕ ਕਿ ਇਸ ਮੁਹਿੰਮ 'ਚ ਲੋਕਾਂ ਦਾ ਹਿੱਸਾ ਨਾ ਹੋਵੇ।

ਇਸ ਮੌਕੇ ਪ੍ਰਧਾਨ ਕਰਮਜੀਤ ਸਿੰਘ ਖਾਲਸਾ ਪ੍ਰਧਾਨ ਟਰੱਕ ਯੂਨੀਅਨ ਰਾਮਪੁਰਾ, ਸੁਰਿੰਦਰ ਸਿੰਘ ਮਹਿਰਾਜ ਸੀਨੀਅਰ ਕਾਂਗਰਸ ਆਗੂ, ਸੁਖਚੈਨ ਸਿੰਘ, ਬੇਅੰਤ ਸਿੰਘ ਮਹਿਰਾਜ, ਮਨਪ੍ਰੀਤ ਬਰਾੜ, ਗੱਗੀ ਮਹਿਰਾਜ, ਜਸਵੰਤ ਸਿੰਘ ਮਹਿਰਾਜ, ਕਾਬੁਲ ਸਿੰਘ ਮਹਿਰਾਜ, ਸੁਖਜੀਤ ਸਿੰਘ ਲਾਲੀ ਸਣੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।