ਸਹਿਕਾਰੀ ਖੰਡ ਮਿੱਲਾਂ ਵਲੋਂ ਗੰਨਾ ਕਾਸ਼ਤਕਾਰਾਂ ਨੂੰ 62 ਕਰੋੜ ਰੁਪਏ ਜਾਰੀ : ਸੁਖਜਿੰਦਰ ਸਿੰਘ ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ ਕੋਲੋਂ ਸਬਸਿਡੀ ਅਤੇ ਬਫਰ ਸਟਾਕ ਕਲੇਮ ਦੀ ਬਣਦੀ 60 ਕਰੋੜ ਰੁਪਏ ਦੀ ਰਾਸ਼ੀ ਲੈਣ ਲਈ ਚਾਰਾਜੋਈ ਜਾਰੀ

Sukhjinder Singh Randhawa

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਹਿਕਾਰੀ ਖੰਡ ਮਿੱਲਾਂ ਵਲੋਂ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਹਿੰਦੀ ਰਾਸ਼ੀ ਦੀ ਅਦਾਇਗੀ ਦੀ ਸ਼ੁਰੂਆਤ ਕਰਦਿਆਂ 62 ਕਰੋੜ ਰੁਪਏ ਦੀ ਰਾਸ਼ੀ ਗੰਨਾ ਕਾਸ਼ਤਕਾਰਾਂ ਨੂੰ ਜਾਰੀ ਕੀਤੀ ਗਈ।

ਇਹ ਖੁਲਾਸਾ ਵੀਰਵਾਰ ਨੂੰ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ। ਸ. ਰੰਧਾਵਾ ਨੇ ਦਸਿਆ ਕਿ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਅਦਾਇਗੀ ਲਈ ਸਰਕਾਰ ਵਲੋਂ 50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ

ਅਤੇ ਲਗਭਗ 12 ਕਰੋੜ ਰੁਪਏ ਦੀ ਅਦਾਇਗੀ ਮਿੱਲਾਂ ਵਲੋਂ ਅਪਣੇ ਪੱਧਰ 'ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਦੇ 2018-19 ਦੇ ਸਾਰੇ ਬਕਾਏ ਅਦਾ ਹੋ ਚੁੱਕੇ ਹਨ

ਅਤੇ ਸਾਲ 2019-20 ਲਈ ਬਾਕੀ ਰਹਿੰਦੇ ਬਕਾਏ ਦੀ ਅਦਾਇਗੀ ਲਈ ਮੁੱਖ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਜਲਦੀ ਹੀ ਸਰਕਾਰ ਵਲੋਂ 100 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ।

ਸਹਿਕਾਰਤਾ ਮੰਤਰੀ ਨੇ ਦਸਿਆ ਕਿ ਸਹਿਕਾਰੀ ਖੰਡ ਮਿੱਲਾਂ ਦੀ ਸ਼ੂਗਰ ਐਕਸਪੋਰਟ ਸਬਸਿਡੀ ਅਤੇ ਬਫਰ ਸਟਾਕ ਕਲੇਮ ਵਜੋਂ ਬਣਦੀ ਲਗਭਗ 60 ਕਰੋੜ ਰੁਪਏ ਦੀ ਜਲਦੀ ਅਦਾਇਗੀ ਲਈ ਭਾਰਤ ਸਰਕਾਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਗੰਨੇ ਦੀ ਬਕਾਇਆ ਅਦਾਇਗੀ ਛੇਤੀ ਤੋਂ ਛੇਤੀ ਕੀਤੀ ਜਾ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।