ਸੀ.ਬੀ.ਆਈ. ਕਲੋਜ਼ਰ ਕੇਸ ਸਿੱਖ ਕੌਮ ਤੇ ਸਿਆਸੀ ਗਲਿਆਰਿਆਂ 'ਚ ਗਰਮਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਾਂ ਦੀਆਂ ਨਜ਼ਰਾਂ 23 ਜੁਲਾਈ ਨੂੰ ਹੋਣ ਵਾਲੀ ਸੁਣਵਾਈ 'ਤੇ ਕੇਦਰਤ ਹੋਈਆਂ

Bargari Morcha

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਨੂੰ ਸੀ.ਬੀ.ਆਈ ਵਲੋਂ ਬੰਦ ਕਰਨ ਸਬੰਧੀ ਮਸਲਾ ਸਿੱਖ ਹਲਕਿਆਂ ਤੇ ਸਿਆਸੀ ਗਲਿਆਰਿਆਂ ਵਿਚ ਗਰਮਾਉਣ ਦੇ ਨਾਲ-ਨਾਲ ਚਰਚਾ ਦਾ ਵਿਸ਼ਾ ਬਣ  ਗਿਆ ਹੈ। ਸਿੱਖ ਹਲਕੇ ਇਹ ਦੋਸ਼ ਲਾ ਰਹੇ ਹਨ ਕਿ ਭਾਜਪਾ ਕਮਾਂਡ ਦੇ ਇਸ਼ਾਰਿਆਂ 'ਤੇ ਕੇਸ ਸੀ.ਬੀ.ਆਈ ਬੰਦ ਕਰਨ ਜਾ ਰਹੀ ਹੈ ਤਾਂ ਜੋ ਹਰਿਆਣਾ ਵਿਧਾਨ ਸਭਾ ਦੀਆਂ ਆ ਰਹੀਆਂ ਚੋਣਾਂ ਵਿਚ ਸੌਦਾ ਸਾਧ ਨਾਲ ਸਬੰਧਤ ਵੋਟਾਂ ਪ੍ਰਾਪਤ  ਕੀਤੀਆਂ ਜਾ ਸਕਣ।

ਇਹ ਦੋਸ਼ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਕਮੇਟੀ ਨੇ ਵੀ ਲਾਏ ਹਨ ਤੇ ਸਿੱਖ ਜਥੇਬੰਦੀਆਂ ਜੱਥਾ ਹਿੰਮਤ-ਏ-ਖ਼ਾਲਸਾ ਤੋਂ ਹੋਰਨਾਂ ਬਕਾਇਦਾ ਯਾਦ ਪੱਤਰ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਰਾਹੀਂ, ਕੇਂਦਰੀ ਗ੍ਰਹਿ ਵਿਭਾਗ ਨੂੰ ਭੇਜਿਆ ਹੈ ਤੇ ਦੋਸ਼ ਲਾਏ  ਹਨ ਕਿ ਇਕ ਸਾਜ਼ਸ਼ ਹੇਠ ਸੌਦਾ ਸਾਧ ਨੂੰ ਕਲੀਨ ਚਿਟ ਦਿਤੀ ਜਾ ਰਹੀ ਹੈ ਜੋ ਸਿੱਖ ਕੌਮ ਲਈ ਅਸਹਿ ਹੈ। ਦੇਸ਼-ਵਿਦੇਸ਼ ਦੇ ਸਿੱਖਾਂ, ਸੀ.ਬੀ.ਆਈ. ਦੀ ਇਸ ਕਾਰਵਾਈ ਨੂੰ ਅਸਵੀਕਾਰ ਕੀਤਾ ਹੈ ਤੇ ਇਸ ਮਸਲੇ ਸਬੰਧੀ ਪੰਥਕ ਸਿਆਸਤ ਗਰਮਾ ਗਈ ਹੈ।

ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਵਿਰੁਧ ਆਵਾਜ਼ ਬੁਲੰਦ ਕੀਤੀ ਹੈ ਪਰ ਕੈਪਟਨ ਸਰਕਾਰ ਦੇ ਮੰਤਰੀ  ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਗੰਭੀਰ ਹੈ ਤਾਂ ਉਹ ਪਹਿਲਾਂ ਭਾਜਪਾ ਨਾਲੋਂ ਨਾਤਾ ਤੋੜੇ ਜਿਸ ਦੀ ਕੇਂਦਰ ਵਿਚ ਸਰਕਾਰ  ਹੈ ਤੇ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਹੈ। ਹੁਣ ਸਿੱਖ ਕੌਮ ਦੀਆਂ ਨਜ਼ਰਾਂ 23 ਜੁਲਾਈ 'ਤੇ ਟਿਕ ਗਈਆਂ ਹਨ,  ਇਸ ਦਿਨ ਅਦਾਲਤ ਸੀ.ਬੀ.ਆਈ. ਰੀਪੋਰਟ 'ਤੇ ਸੁਣਵਾਈ ਕਰੇਗੀ। ਸੀ.ਬੀ.ਆਈ. ਨੇ 4 ਜੁਲਾਈ ਨੂੰ ਕੇਸ ਬੰਦ ਕਰਨ ਦੀ ਰੀਪੋਰਟ ਪੇਸ਼ ਕੀਤੀ ਹੈ।
 

Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ