ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ 21 ਅੰਕ ਤਿਆਰ ਕਰੇਗੀ ਪੰਜਾਬ ਯੂਨੀਵਰਸਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵੀ.ਸੀ. ਨੇ ਮੀਡੀਆ ਸਾਹਮਣੇ ਰਖਿਆ 1 ਸਾਲ ਦਾ ਲੇਖਾ ਜੋਖਾ

Panjab University Chandigarh

ਚੰਡੀਗੜ੍ਹ (ਬਠਲਾਣਾ) : ਮੈਂ ਅਪਣੇ ਸਾਲ ਭਰ ਦੇ ਕੰਮ ਕਾਜ ਤੋਂ 100 ਫ਼ੀ ਸਦੀ ਸੰਤੁਸ਼ਟ ਹਾਂ ਅਤੇ ਇਸ ਦੌਰਾਨ ਸਾਰੇ ਵਰਗਾਂ ਦਾ ਸਮਰਥਨ ਵੀ ਮਿਲਿਆ ਪਰ ਸਾਰੀਆਂ ਚੀਜ਼ਾਂ ਸਮਝਣ ਲਈ ਹੋਰ ਵਕਤ ਲਗੇਗਾ। ਇਹ ਵਿਚਾਰ ਵੀ.ਸੀ. ਪ੍ਰੋ. ਰਾਜ ਕੁਮਾਰ ਨੇ ਅਪਣੇ ਕਾਰਜ ਕਾਲ ਦੇ ਇਕ ਸਾਲ ਦੇ ਮੁਕੰਮਲ ਹੋਣ ਮਗਰੋਂ ਅੱਜ ਮੀਡੀਆ ਨਾਲ ਸਾਂਝੇ ਕੀਤੇ। ਉੁਨ੍ਹਾਂ ਨੇ ਇਹ ਵੀ ਸਪਸ਼ਟ ਕੀਤੀ ਕਿ ਪੀ.ਯੂ. ਦੀ ਵਿੱਤੀ ਸਥਿਤੀ ਉ.ਕੇ. ਹੈ ਅਤੇ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰਨ ਦਾ ਅਮਲ ਚਲ ਰਿਹਾ ਹੈ। ਪ੍ਰੋ. ਕੁਮਾਰ ਨੇ ਦਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਧਿਆਨ ਵਿਚ ਰਖਦਿਆਂ ਪੀ.ਯੂ. ਉੁਨ੍ਹਾਂ ਬਾਰੇ ਪੂਰੇ ਵੇਰਵੇ 21 ਅੰਕਾਂ ਵਿਚ ਤਿਆਰ ਕਰੇਗੀ।

ਅਜਿਹਾ ਕਰਨ ਵਾਲੀ ਪੀ.ਯੂ. ਪਹਿਲੀ ਯੂਨੀਵਰਸਿਟੀ ਹੋਵੇਗੀ। ਇਸ ਤੋਂ ਇਲਾਵਾ ਪੀ.ਯੂ. ਦਾ ਸਥਾਪਨਾ ਦਿਵਸ ਅਤੇ ਆਨਰਜ਼ ਸਕੂਲ ਦੀ 100ਵੀਂ ਵਰ੍ਹੇਗੰਢ ਵੀ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਈ ਜਾਵੇਗੀ।  ਪੀ.ਯੂ. ਲਈ ਆਮਦਨ ਦੇ ਸਾਧਨ ਜੁਟਾਉਣ ਲਈ ਐਨ.ਆਰ.ਆਈ. ਅਲੂਮਨੀਆ ਨਾਲ ਗੱਲਬਾਤ ਜਾਰੀ ਹੈ ਅਤੇ ਕੌਮਾਂਤਰੀ ਪੱਧਰ ਦੀ ਅਲੂਮਨੀ ਮੀਟ ਵੀ ਕਰਵਾਈ ਜਾ ਰਹੀ ਹੈ। ਇਸੇ ਲੜੀ ਵਿਚ ਕੁਝ ਨਵੇਂ ਕੋਰਸ ਚਲਾਏ ਜਾ ਰਹੇ ਹਨ। ਵਾਧੂ ਸੀਟਾਂ ਵੀ ਦਿਤੀਆਂ ਗਈਆਂ ਹਨ। ਖਰਚੇ ਵਿਚ 15 ਫ਼ੀ ਸਦੀ ਤੋਂ ਲੈ ਕੇ 40 ਫ਼ੀ ਸਦੀ ਤਕ ਦੀ ਕਟੌਤੀ ਕੀਤੀ ਗਈ ਹੈ। ਵੀ.ਸੀ. ਨੇ ਦਸਿਆ ਕਿ 2.5 ਕਰੋੜ ਰੁਪਏ ਦੀ ਲਾਗਤ ਨਾਲ ਵਾਤਾਵਰਣ ਜਾਂਚ ਕੇਂਦਰ ਬਣਾਇਆ ਜਾ ਗਿਆ ਹੈ। ਵੀ.ਸੀ. ਨੇ ਇਸ਼ਾਰਾ ਕੀਤਾ ਕਿ ਪੀ.ਯੂ., ਇਸਰੋ ਨਾਲ ਵੀ ਤਾਲਮੇਲ ਜੋੜਨ ਲਈ ਕੰਮ ਕਰ ਰਹੀ ਹੈ।

ਇਕ ਸਵਾਲ ਦੇ ਜਵਾਬ ਵਿਚ ਵੀ.ਸੀ. ਨੇ ਦਸਿਆ ਕਿ ਅਧਿਆਪਕਾਂ ਲਈ 7ਵੇਂ ਤਨਖ਼ਾਹ ਸਕੇਲ, ਪੰਜਾਬ ਲਾਲ ਜੁੜੇ ਹੋਏ ਹਨ। ਪੰਜਾਬ ਦੀ ਹਾਮੀ ਮਗਰੋਂ ਹੀ ਸੰਭਵ ਹਨ। ਇਸ ਤੋਂ ਇਲਾਵਾ ਪੀ.ਯੂ. ਕੈਂਪਸ ਸਥਿਤ ਸਾਰੇ ਦੇ ਸਾਰੇ ਅਜਾਇਬ ਘਰ ਇਕ ਛੱਤ ਹੇਠ ਲਿਆਂਦੇ ਜਾਣਗੇ। ਵੀ.ਸੀ.ਨੂੰ ਜਦੋਂ ਪੀ.ਯੂ. ਲਈ ਕੇਂਦਰੀ ਯੂਨੀਵਰਸਿਟੀ ਵਾਲੇ ਦਰਜੇ ਬਾਰੇ ਪੁਛਿਆ ਗਿਆ ਤਾਂ ਉੁਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿਤਾ। ਵੀ.ਸੀ. ਨੇ ਅਪਣੇ ਕਾਰਜਕਾਲ ਵਿਚ ਪ੍ਰੀਖਿਆ ਸੁਧਾਰਾਂ ਵਿਚ ਦਾਅਵੇ ਦੀ ਗੱਲ ਵੀ ਕਹੀ। ਵੀ.ਸੀ. ਨੇ ਦਸਿਆ ਕਿ ਕੈਂਪਸ ਵਿਚ 25 ਹਜ਼ਾਰ ਨਵੇਂ ਪੌਦੇ ਲਾਏ ਜਾਣਗੇ। ਵੀ.ਸੀ. ਪ੍ਰੋ. ਰਾਜ ਕੁਮਾਰ ਨੇ ਦਸਿਆ ਕਿ ਉਹ ਆਉਣ ਵਾਲੇ ਦਿਨਾਂ ਵਿਚ ਵਿਦਿਆਰਥੀ ਹਿਤਾਂ ਵਾਲੇ ਵੱਡੇ ਐਲਾਨ ਕਰਨਗੇ ਜੋ ਹੈਰਾਨੀਜਨਕ ਹੋਣਗੇ।  

Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ