''ਐਸਜੀਪੀਸੀ ਦੇ ਗੁਰੂ ਰਾਮਦਾਸ ਮੈਡੀਕਲ ਕਾਲਜ 'ਚ ਕੀਤੀ ਜਾ ਰਹੀ ਫ਼ੀਸਾਂ ਦੀ ਲੁੱਟ''

ਏਜੰਸੀ

ਖ਼ਬਰਾਂ, ਪੰਜਾਬ

ਪੰਥਕ ਅਕਾਲੀ ਲਹਿਰ ਦੇ ਆਗੂ ਪ੍ਰੋ: ਧਰਮਜੀਤ ਸਿੰਘ ਮਾਨ ਵੱਲੋਂ ਵੱਡੇ ਖ਼ੁਲਾਸੇ

Fatehgarh Sahib Prof Dharamjit Singh Mann SGPC Sikh Community

ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਲੀਆਂ ਖ਼ਾਮੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪੰਥਕ ਅਕਾਲੀ ਲਹਿਰ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਸੀਨੀਅਰ ਆਗੂ ਪ੍ਰੋਫੈਸਰ ਧਰਮਜੀਤ ਸਿੰਘ ਮਾਨ ਨੇ ਸ਼੍ਰੋਮਣੀ ਕਮੇਟੀ ਨੂੰ ਮੈਡੀਕਲ ਕਾਲਜ ਗੁਰੂ ਰਾਮਦਾਸ ਸਾਹਿਬ ਵੱਲੋਂ ਕੀਤੀ ਜਾ ਰਹੀ ਫ਼ੀਸਾਂ ਦੀ ਲੁੱਟ, 267 ਪਾਵਨ ਸਰੂਪਾਂ ਦੇ ਗ਼ਾਇਬ ਹੋਣ ਦੀ ਜਾਂਚ ਅਤੇ ਐਸਜੀਪੀਸੀ ਵੱਲੋਂ ਵੇਰਕਾ ਤੋਂ ਦੁੱਧ ਲੈਣਾ ਬੰਦ ਕਰਨ ਵਰਗੇ ਮੁੱਦਿਆਂ 'ਤੇ ਵੱਡੇ ਸਵਾਲ ਉਠਾਉਂਦਿਆਂ ਐਸਜੀਪੀਸੀ ਪਾਸੋਂ ਜਵਾਬ ਮੰਗੇ ਨੇ।

ਪ੍ਰੋਫੈਸਰ ਧਰਮਜੀਤ ਸਿੰਘ ਮਾਨ ਨੇ ਕਿਹਾ ਕਿ ਬਰਗਾੜੀ ਕਾਂਡ ਦਾ ਦੁਖਾਂਤ ਅਜੇ ਸਿੱਖਾਂ ਦੇ ਮਨਾਂ ਵਿਚੋਂ ਅਜੇ ਉਤਰਿਆ ਨਹੀਂ ਸੀ ਤੇ ਇਕ ਹੋਰ ਨਵਾਂ ਮੁੱਦਾ ਸਾਹਮਣੇ ਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ 267 ਪਾਵਨ ਸਰੂਪ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਵਿਚੋਂ ਗਾਇਬ ਹੋ ਗਏ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਉਸ ਸਮੇਂ ਦੇਸ਼ ਛੱਡ ਕੇ ਵਿਦੇਸ਼ ਚਲੇ ਗਏ ਸਨ। ਉਹਨਾਂ ਨੂੰ ਇਸ ਜਾਂਚ ਵਿਚ ਕਿਸੇ ਵੀ ਹਾਲਤ ਵਿਚ ਸ਼ਾਮਲ ਹੋਣਾ ਪੈਣਾ ਹੈ ਕਿਉਂ ਕਿ ਇਹ ਲੋਕਾਂ ਦਾ ਦਰਦ ਹੈ।

ਉਹ ਗੁਰੂ ਦੀ ਗੋਲਕ ਵਿਚੋਂ ਮੋਟੀ ਤਨਖ਼ਾਹ ਲੈ ਰਹੇ ਹਨ ਪਰ ਅਜਿਹੇ ਸਮੇਂ ਵਿਚ ਦੇਸ਼ ਛੱਡ ਕੇ ਵਿਦੇਸ਼ ਚਲੇ ਜਾਣਾ ਬਹੁਤ ਵੱਡੀ ਗਲਤੀ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਦੇ 14 ਪਾਵਨ ਸਰੂਪ ਅਗਨੀ ਭੇਂਟ ਹੋ ਗਏ ਉਸ ਦੀ ਵੀ ਕੋਈ ਜਾਂਚ ਨਹੀਂ ਹੋਈ ਤੇ ਨਾ ਹੀ ਸੰਗਤ ਤਕ ਇਸ ਬਾਰੇ ਕੋਈ ਜਾਣਕਾਰੀ ਪਹੁੰਚੀ ਹੈ। ਸਿੱਖ ਧਰਮ ਵਿਚ ਬਹੁਤ ਵੱਡੇ-ਵੱਡੇ ਜੱਜ ਹਨ ਉਹਨਾਂ ਨੂੰ ਜਾਂਚ ਦਾ ਜ਼ਿੰਮਾ ਕਿਉਂ ਨਹੀਂ ਸੌਂਪਿਆ ਗਿਆ?

ਡੀਐਮਸੀ ਹਸਪਤਾਲ ਨੂੰ ਹਿੰਦੂ ਮਤ ਦੇ ਲੋਕ ਚਲਾਉਂਦੇ ਹਨ, ਸੀਐਮਸੀ ਹਸਪਤਾਲ ਨੂੰ ਇਸਾਈ ਲੋਕ ਚਲਾਉਂਦੇ ਹਨ। ਦੋਵਾਂ ਦੀਆਂ ਫ਼ੀਸਾਂ ਗੁਰੂ ਘਰ ਦੇ ਹਸਪਤਾਲ ਨਾਲੋਂ ਤਕਰੀਬਨ ਅੱਧ ’ਚ ਹਨ। ਮੈਡੀਕਲ ਕਾਲਜ ਗੁਰੂ ਰਾਮਦਾਸ ਸਾਹਿਬ ਵਿਚ ਜੇ ਕਿਸੇ ਨੇ ਡਾਕਟਰੀ ਕਰਨੀ ਹੈ ਤਾਂ ਐਮਡੀ ਦੀ ਇਕ ਸਾਲ ਦੀ ਫ਼ੀਸ ਲਗਭਗ 9 ਲੱਖ ਰੁਪਏ ਹੈ। ਡੀਐਮਸੀ ਅਤੇ ਸੀਐਮਸੀ ਵਿਚ 6 ਲੱਖ ਹੈ।

ਉੱਥੇ ਰਹਿਣ ਲਈ ਸਵਾ 2 ਲੱਖ ਰੁਪਏ ਦੇਣੇ ਪੈਣਗੇ ਤੇ ਲੁਧਿਆਣਾ ਵਿਚ 1 ਲੱਖ ਰੁਪਏ ਖਰਚਾ ਹੈ। ਉੱਥੇ ਰਜਿਸਟ੍ਰੇਸ਼ਨ ਫ਼ੀਸ ਵੀ ਦੇਣੀ ਪਵੇਗੀ ਪਰ ਲੁਧਿਆਣਾ ਵਿਚ ਨਹੀਂ। ਉਹਨਾਂ ਨੇ ਜੱਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਲੁੱਟ ਤੇ ਗੌਰ ਕਰਨ ਤੇ ਨੋਟਿਸ ਲੈਣ।

ਇਸ ਦੇ ਨਾਲ ਹੀ ਉਹਨਾਂ ਨੇ ਵੇਰਕਾ ਦੁੱਧ ਦੀ ਗੱਲ ਕਰਦਿਆਂ ਕਿਹਾ ਕਿ ਪਹਿਲਾਂ ਕਿਸਾਨ ਅਪਣੀਆਂ ਗਾਵਾਂ ਤੇ ਮੱਝਾਂ ਦਾ ਦੁੱਧ ਵੇਰਕਾ ਪਲਾਂਟ ਨੂੰ ਵੇਚ ਦਿੰਦੇ ਸਨ ਪਰ ਹੁਣ ਸ਼੍ਰੋਮਣੀ ਕਮੇਟੀ ਨੇ ਕਿਸਾਨਾਂ ਨਾਲੋਂ ਸਬੰਧ ਤੋੜ ਕੇ ਪੂਨੇ ਦੀ ਇਕ ਕੰਪਨੀ ਨਾਲ ਜੋੜ ਦਿੱਤਾ ਹੈ। ਇਸ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਕਿਸਾਨਾਂ ਨੂੰ ਹੋਇਆ ਹੈ।    

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।