"ਕੱਚੇ ਕੋਠੇ ਹੇਠ ਬੈਠੀ ਰੋਂਦੀ ਮਾਂ ਦੀ ਫਰਿਆਦ ਸੁਣ ਪਹੁੰਚੇ ਇਹ ਸਿੱਖ ਤੇ ਕਰ ਰਹੇ ਮਦਦ"
ਕਮਰੇ ਦੀ ਛੱਤ ਮੀਂਹ ਆਉਣ ਕਾਰਨ ਡਿੱਗ ਗਈ ਸੀ ਪਰ ਇਸ ਨਾਲ...
ਅੰਮ੍ਰਿਤਸਰ: ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਬਿਨਾਂ ਛੱਤ ਤੋਂ ਕਮਰੇ ਦੀ ਵੀਡੀਓ ਵਾਇਰਲ ਹੋ ਰਹੀ ਸੀ। ਇਸ ਵੀਡੀਓ ਵਿਚ ਇਕ ਬਜ਼ੁਰਗ ਔਰਤ ਵੱਲੋਂ ਰੋ-ਰੋ ਕੇ ਗੁਹਾਰ ਲਗਾਈ ਜਾ ਰਹੀ ਸੀ ਕਿ ਉਸ ਦੀ ਮਦਦ ਕੀਤੀ ਜਾਵੇ। ਉਸ ਵੀਡੀਓ ਤੋਂ ਬਾਅਦ ਹੁਣ ਕੁੱਝ ਜੱਥੇਬੰਦੀਆਂ ਨੇ ਇਸ ਬਜ਼ੁਰਗ ਔਰਤ ਦੀ ਬਾਂਹ ਫੜੀ ਹੈ ਤੇ ਉਹਨਾਂ ਨੇ ਘਰ ਤਿਆਰ ਕਰਨ ਦਾ ਬੀੜਾ ਚੁੱਕ ਲਿਆ ਹੈ।
ਕਮਰੇ ਦੀ ਛੱਤ ਮੀਂਹ ਆਉਣ ਕਾਰਨ ਡਿੱਗ ਗਈ ਸੀ ਪਰ ਇਸ ਨਾਲ ਜਾਨੀ ਨੁਕਸਾਨ ਨਹੀਂ ਹੋਇਆ। ਸੰਤ ਬਾਬਾ ਗੁਰਬਖਸ਼ ਸੰਗੀਤ ਐਂਡ ਗਤਕਾ ਕਲੱਬ ਸੰਸਥਾ ਵੱਲੋਂ ਇਹ ਕਾਰਜ ਸੰਭਾਲਿਆ ਜਾ ਰਿਹਾ ਹੈ। ਬਾਬਾ ਤੇਜਵੀਰ ਸਿੰਘ ਨੇ ਦਸਿਆ ਕਿ ਜਦੋਂ ਉਹਨਾਂ ਨੇ ਇਹ ਵੀਡੀਓ ਦੇਖੀ ਤਾਂ ਉਹਨਾਂ ਨੇ ਤੁਰੰਤ ਘਰ ਬਣਾਉਣ ਦਾ ਫ਼ੈਸਲਾ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਇਸ ਸੇਵਾ ਵਿਚ ਅਪਣਾ ਯੋਗਦਾਨ ਜ਼ਰੂਰ ਪਾਉਣ।
ਉਹਨਾਂ ਅੱਗੇ ਦਸਿਆ ਕਿ ਉਹ ਨਹੀਂ ਚਾਹੁੰਦੇ ਕਿ ਉਹ ਸੋਸ਼ਲ ਮੀਡੀਆ ਤੇ ਆਉਣ, ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਈ ਲੋਕਾਂ ਦੀ ਮਦਦ ਕੀਤੀ ਹੈ ਤੇ ਉਹ ਵੀ ਬਿਨਾਂ ਕਿਸੇ ਵੀਡੀਓ ਜਾਂ ਫੋਟੋ ਤੋਂ। ਉਹਨਾਂ ਨੇ ਲੋਕਾਂ ਨੂੰ ਇਹੀ ਸਲਾਹ ਦਿੱਤੀ ਹੈ ਕਿ ਜੇ ਕਿਸੇ ਗਰੀਬ ਜਾਂ ਮਜ਼ਬੂਰ ਦੀ ਮਦਦ ਕਰਨੀ ਹੈ ਤਾਂ ਉਸ ਨੂੰ ਗੁਪਤ ਰੂਪ ਵਿਚ ਕੀਤਾ ਜਾਵੇ। ਉੱਥੇ ਹੀ ਬਜ਼ੁਰਗ ਔਰਤ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿਉਂ ਕਿ ਉਹਨਾਂ ਦੇ ਕਮਰੇ ਦੀ ਛੱਤ ਪੈਣ ਜਾ ਰਹੀ ਹੈ।
ਉੱਥੇ ਹੀ ਜੱਥੇਬੰਦੀ ਦੇ ਮੈਂਬਰ ਨੇ ਕਿਹਾ ਕਿ ਉਹਨਾਂ ਨੇ ਜਦੋਂ ਇਸ ਘਰ ਦੀ ਹਾਲਤ ਦੇਖੀ ਤਾਂ ਉਹਨਾਂ ਨੂੰ ਵੀ ਇਸ ਪਰਿਵਾਰ ਤੇ ਬਹੁਤ ਤਰਸ ਆਇਆ। ਫਿਰ ਉਹਨਾਂ ਨੇ ਇਸ ਪਰਿਵਾਰ ਦੇ ਘਰ ਦੀ ਤਿਆਰੀ ਕਰਵਾਉਣ ਬਾਰੇ ਹੋਰਨਾਂ ਮੈਂਬਰਾਂ ਨਾਲ ਗੱਲਬਾਤ ਕੀਤੀ ਤੇ ਇਸ ਪਰਿਵਾਰ ਤਕ ਪਹੁੰਚ ਕੀਤੀ।
ਇਸ ਦੇ ਨਾਲ ਹੀ ਉਹਨਾਂ ਨੇ ਹੋਰਨਾਂ ਗ੍ਰੰਥੀਆਂ ਦੇ ਘਰ ਅਤੇ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕਰਨ ਬਾਰੇ ਵੀ ਦਸਿਆ ਹੈ ਕਿਉਂ ਕਿ ਲਾਕਡਾਊਨ ਹੋਣ ਕਾਰਨ ਸਾਰੇ ਸਮਾਗਮ, ਕੀਰਤਨ ਬੰਦ ਹਨ ਤੇ ਉਹਨਾਂ ਦੇ ਘਰ ਦਾ ਗੁਜ਼ਾਰਾ ਵੀ ਨਹੀਂ ਹੋ ਰਿਹਾ। ਉਹ ਸੰਗਤਾਂ ਦੇ ਸਹਿਯੋਗ ਦੀ ਆਸ ਨਾਲ ਉਹਨਾਂ ਗ੍ਰੰਥੀਆਂ ਦੀਆਂ ਪਰੇਸ਼ਾਨੀਆਂ ਨੂੰ ਵੀ ਦੂਰ ਕਰਨ ਲਈ ਜ਼ਰੂਰ ਯਤਨ ਕਰਨਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।