ਜਥੇਦਾਰ ਹਵਾਰਾ ਨੇ ਰਾਗੀਆਂ ਤੇ ਗ੍ਰੰਥੀਆਂ ਦੀ ਆਰਥਕ ਪੱਖੋਂ ਹਰ ਸੰਭਵ ਮਦਦ ਕਰਨ ਲਈ ਕਿਹਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਰੱਬਤ ਖ਼ਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਕੌਮੀ ਵਿਰਾਸਤ ਦੇ ਪ੍ਰਚਾਰਕ ਅਤੇ ਗੁਰਮਤਿ

Jagtar Singh Hawara

ਅੰਮ੍ਰਿਤਸਰ  : ਸਰੱਬਤ ਖ਼ਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਕੌਮੀ ਵਿਰਾਸਤ ਦੇ ਪ੍ਰਚਾਰਕ ਅਤੇ ਗੁਰਮਤਿ ਵਿਚਾਰਾਂ ਸੰਗਤਾਂ ਨੂੰ ਦ੍ਰਿੜ ਕਰਾਉਣ ਵਾਲੇ ਕਥਾਵਾਚਕਾਂ, ਰਾਗੀ ਸਿੰਘਾਂ, ਢਾਡੀਆਂ, ਕਵੀਸਰੀਆਂ, ਪ੍ਰਚਾਰਕਾਂ, ਪਾਠੀ ਸਿੰਘਾਂ, ਗ੍ਰੰਥੀ ਸਿੰਘਾਂ ਆਦਿ ਦੇ ਹੱਕ ਵਿਚ ਖ਼ਾਲਸਾ ਪੰਥ ਨੂੰ ਸੰਦੇਸ਼ ਜਾਰੀ ਕੀਤਾ ਹੈ।

ਜਥੇਦਾਰ ਨੇ ਜਾਰੀ ਬਿਆਨ 'ਚ ਕਿਹਾ ਕਿ ਗੁਰਬਾਣੀ, ਗੁਰ ਇਤਿਹਾਸ, ਗੁਰ ਸਿਧਾਂਤ, ਸਿੱਖ ਸੰਸਥਾਵਾਂ ਤੇ ਤਖ਼ਤਾਂ ਦੀ ਮਹਾਨਤਾ ਖ਼ਾਲਸਾ ਪੰਥ ਦਾ ਬ੍ਰਹਿਮੰਡੀ ਖ਼ਜ਼ਾਨਾ ਹੈ। ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਜਿਥੇ ਅਸੀ ਗੁਰਬਾਣੀ ਦਾ ਅਸੀਮ ਸਤਿਕਾਰ ਕਰਨਾ ਹੈ ਉਥੇ ਇਨ੍ਹਾਂ ਵਜ਼ੀਰਾਂ ਦਾ ਵੀ ਸਤਿਕਾਰ ਕਰਨ ਵਿਚ ਕੋਈ ਕਮੀ ਨਾ ਆਉਣ ਦਿਤੀ ਜਾਵੇ।

ਉਨ੍ਹਾਂ ਕਿਹਾ ਕਿ ਵੇਖਣ ਵਿਚ ਆਇਆ ਹੈ ਕਿ ਗੁਰੂ ਘਰ ਦੇ ਇਨ੍ਹਾਂ ਵਜ਼ੀਰਾਂ ਦੀਆਂ ਤਨਖ਼ਾਹਾਂ ਤੇ ਸਹੂਲਤਾਂ ਪਖੋਂ ਸਾਡੇ ਸਮਾਜ ਵਲੋਂ ਸ਼ੋਸ਼ਣ ਹੁੰਦਾ ਆਇਆ ਹੈ ਜੋ ਕਿ ਗੁਰੂ ਨਾਲ ਪਿਆਰ ਕਰਨ ਵਾਲਿਆਂ ਨੂੰ ਸੋਭਦਾ ਨਹੀਂ। ਕਈ ਵਾਰ ਤਾਂ ਇਨ੍ਹਾਂ ਦੇ ਪਰਵਾਰ ਇਲਾਜ ਪੱਖੋਂ ਵਾਂਝੇ ਰਹਿ ਜਾਂਦੇ ਹਨ ਅਤੇ ਇਨ੍ਹਾਂ ਦੇ ਬਚਿਆ ਦੀ ਪੜ੍ਹਾਈ ਆਰਥਕ ਮੰਦੀ ਕਾਰਨ ਅਧੂਰੀ ਰਹਿ ਜਾਂਦੀ ਹੈ ਜੋ ਸਿੱਖ ਕੌਮ ਲਈ ਚਿੰਤਾ ਦਾ ਵਿਸ਼ਾ ਹੈ।

ਗੁਰੂ ਨਾਨਕ ਪਾਤਸ਼ਾਹ ਦੀ ਕੌਮ ਜੋ ਸੰਸਾਰ ਦੇ ਲੋਕਾਂ ਦਾ ਲੰਗਰ ਲਗਾ ਕੇ ਢਿੱਡ ਭਰਦੀ ਹੋਵੇ ਉਸ ਦੇ ਅਪਣੇ ਪਾਠੀ ਸਿੰਘ, ਢਾਡੀ ਸਿੰਘ ਆਦਿ ਮੁਸ਼ਕਲਾਂ ਦਾ ਸੰਤਾਪ ਹੰਢਾਉਣ, ਇਹ ਗੁਰੂ ਨੂੰ ਨਹੀਂ ਭਾਉਦਾ। ਉਨ੍ਹਾਂ ਸੰਦੇਸ਼ ਵਿਚ ਕਿਹਾ ਕਿ ਗੁਰੂ ਪੰਥ ਦਾ ਨਿਮਾਣਾ ਕੂਕਰ ਹੋਣ ਦੇ ਨਾਤੇ ਮੈ ਵਿਸ਼ਵ ਦੀਆਂ ਸਮੂਹ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ, ਜਥੇਬੰਦੀਆਂ, ਦਾਨੀ ਸੱਜਣਾਂ ਨੂੰ ਇਸ ਸੰਦੇਸ਼ ਰਾਹੀਂ ਅਪੀਲ ਕਰਦਾਂ ਹਾਂ

ਕਿ ਗੁਰੂ ਘਰ ਦੇ ਇਨ੍ਹਾਂ ਵਜੀਰਾਂ ਦਾ ਸਤਿਕਾਰ ਕਰਨ ਵਿਚ ਕੋਈ ਕਮੀ ਨਾ ਆਉਣ ਦੇਈਏ। ਇਨ੍ਹਾਂ ਦੀ ਤਨਖ਼ਾਹਾਂ, ਭੇਟਾਂ ਅਤੇ ਸਹੂਲਤਾਂ ਪੱਖੋਂ ਖੁਲ੍ਹਦਿਲੀ ਨਾਲ ਇਨ੍ਹਾਂ ਦੇ ਹਕ ਵਿਚ ਵਧ ਚੜ੍ਹ ਕੇ ਅਗੇ ਆਈਏ। ਇਸ ਪਰਥਾਏ ਨੂੰ ਇਹ ਕਹਿਣਾ ਵੀ ਜ਼ਰੂਰੀ ਬਣਦਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਗੁਰੂ ਦੇ ਇਨ੍ਹਾਂ ਵਜ਼ੀਰਾਂ ਨੂੰ ਵੱਡੀ ਆਰਥਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਈ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸੰਸਥਾ ਇਨ੍ਹਾਂ ਵਜ਼ੀਰਾਂ ਨੂੰ ਤਨਖ਼ਾਹਾਂ ਤੋਂ ਵਾਂਝਾ ਨਾ ਕਰੇ।