ਲੋਕਾਂ ਦਾ ਹਾਲ ਜਾਨਣ ਲਈ ਆਖਰ ਤੀਜੇ ਦਿਨ ਆਪਣੇ ਘਰਾਂ ਤੋਂ ਬਾਹਰ ਨਿਕਲੇ ਆਗੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰੀਆ, ਧਰਮਸੋਤ, ਮਨੀਸ਼ ਤਿਵਾੜੀ, ਚਰਨਜੀਤ ਚੰਨੀ ਸਮੇਤ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੜ੍ਹ ਪ੍ਰਭਾਵਤ ਖੇਤਰਾਂ ਦਾ ਦੌਰਾ

Punjab leaders visit flood affected villages

ਚੰਡੀਗੜ੍ਹ : ਪੰਜਾਬ 'ਚ ਬੀਤੇ ਦੋ ਦਿਨ ਤੋਂ ਪੈ ਰਹੀ ਭਾਰੀ ਬਾਰਿਸ਼ ਅਤੇ ਭਾਖੜਾ ਤੋਂ ਲਗਾਤਾਰ ਛੱਡੇ ਜਾ ਰਹੇ ਵਾਧੂ ਪਾਣੀ ਕਾਰਨ 200 ਤੋਂ ਵੱਧ ਪਿੰਡ ਪਾਣੀ ਦੀ ਲਪੇਟ 'ਚ ਆ ਗਏ ਹਨ। ਪੰਜਾਬ 'ਚ ਪਾਣੀ-ਪਾਣੀ ਹੋਣ ਕਰ ਕੇ ਹੜ੍ਹ ਦੇ ਹਾਲਾਤ ਪੈਦਾ ਹੋ ਚੁੱਕੇ ਹਨ ਅਤੇ ਕਈ ਲੋਕ ਘਰਾਂ ਤੋਂ ਬੇਘਰ ਹੋ ਗਏ ਹਨ। ਰੂਪਨਗਰ ਹੈੱਡਵਰਕਸ ਤੋਂ 2.40 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ।

ਜ਼ੋਰਦਾਰ ਬਾਰਿਸ਼ ਦੇ ਕਾਰਨ ਐਤਵਾਰ ਨੂੰ 6 ਲੋਕਾਂ ਦੀ ਮੌਤ ਹੋ ਗਈ। ਹੜ੍ਹ ਦੇ ਹਾਲਾਤ ਦਾ ਜਾਇਜ਼ਾ ਲੈਣ ਅੱਜ ਤੀਜੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਆਦਿ ਨੇ ਰੋਪੜ ਜ਼ਿਲ੍ਹੇ ਦਾ ਦੌਰਾ ਕੀਤਾ।

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਨਾਭਾ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ। ਧਰਮਸੋਤ ਵਲੋਂ ਪਿੰਡ ਮਾਂਗੇਵਾਲ, ਲੋਪੇ ਭੋੜੇ, ਘਣੀਵਾਲ, ਅਭੇਪੁਰ ਅਤੇ ਗਲਵੱਟੀ ਆਦਿ ਪਿੰਡਾਂ ਚ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਧਰਮਸੋਤ ਵਲੋਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਗਈ ਕਿ ਉਹ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਛੇਤੀ ਤੋਂ ਛੇਤੀ ਕਰਨ ਤਾਂ ਜੋ ਕਿਸਾਨਾਂ ਦੀਆਂ ਫ਼ਸਲਾਂ ਨੂੰ ਬਚਾਇਆ ਜਾ ਸਕੇ।

ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਰੋਪੜ ਦੇ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਘੱਟ ਰਿਹਾ ਹੈ ਅਤੇ ਸਥਿਤੀ ਨੂੰ ਪੂਰੀ ਤਰ੍ਹਾਂ ਕੰਟਰੋਲ 'ਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਦੇ ਅੰਦਰ ਜਿੰਨੀ ਪਾਣੀ ਸਟੋਰ ਕਰਨ ਦੀ ਸਮਰਥਾ ਸੀ, ਉਸ ਤੋਂ ਵੱਧ ਪਾਣੀ ਆਉਣ ਕਰ ਕੇ ਹੜ੍ਹ ਦੇ ਹਾਲਾਤ ਬਣੇ ਹੋਏ ਹਨ ਅਤੇ ਕਈ ਨਦੀਆਂ ਤੇ ਨਾਲੇ ਉਫਾਨ 'ਤੇ ਹਨ। ਉਨ੍ਹਾਂ ਕਿਹਾ ਕਿ ਹੜ੍ਹ ਕਾਰਨ ਪ੍ਰਭਾਵਤ ਹੋਏ ਲੋਕਾਂ ਦੀ ਜ਼ਿੰਦਗੀ ਨੂੰ ਲੀਹਾਂ 'ਤੇ ਲਿਆਉਣ ਲਈ ਸਰਕਾਰ ਵਲੋਂ ਉੱਚਿਤ ਕਦਮ ਚੁੱਕੇ ਜਾਣਗੇ ਅਤੇ ਜੋ ਵੀ ਨੁਕਸਾਨ ਹੋਇਆ ਹੈ, ਉਸ ਦਾ ਸਰਕਾਰ ਵਲੋਂ ਮੁਆਵਜ਼ਾ ਦਿੱਤਾ ਜਾਵੇਗਾ।