ਜਲਾਲਾਬਾਦ 'ਚ ਦੋ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਕਰੰਟ ਲੱਗਣ ਨਾਲ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਿਹਨਤ ਮਜ਼ਦੂਰੀ ਕਰਕੇ ਪ੍ਰਵਾਰ ਦਾ ਕਰਦਾ ਸੀ ਗੁਜ਼ਾਰਾ

photo

 

ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਦੇ ਪਿੰਡ ਸੁਖੇਰਾ ਬੋਦਲਾ ਵਿਚ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ 2 ਮਾਸੂਮ ਬੱਚਿਆਂ ਦਾ ਪਿਤਾ ਸੀ। ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਮ੍ਰਿਤਕ ਦੀ ਪਤਨੀ ਸਮੇਤ ਪਰਿਵਾਰ ਦਾ ਬੁਰਾ ਹਾਲ ਹੈ।

ਇਹ ਵੀ ਪੜ੍ਹੋ: ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੇ ਗਿੱਦੜਬਾਹਾ ਵਿਖੇ ਨਵੇਂ ਕੋਰਟ ਕੰਪਲੈਕਸ ਦਾ ਆਨਲਾਈਨ ਕੀਤਾ ਉਦਘਾਟਨ

ਮ੍ਰਿਤਕ ਦੀ ਪਹਿਚਾਣ ਬੱਬੂ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਸੁਖੇਰਾ ਬੋਦਲਾ ਵਜੋਂ ਹੋਈ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦਸਿਆ ਕਿ ਬੱਬੂ ਇੱਟਾਂ ਦੇ ਭੱਠੇ ’ਤੇ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ। ਵੀਰਵਾਰ ਸ਼ਾਮ ਕਰੀਬ 6.30 ਵਜੇ ਉਹ ਸਖ਼ਤ ਮਿਹਨਤ ਕਰਕੇ ਘਰ ਪਹੁੰਚਿਆ। ਗਰਮੀ ਜ਼ਿਆਦਾ ਹੋਣ ਕਾਰਨ ਉਹ ਆਪਣੇ ਕਮਰੇ ਵਿਚ ਬਿਜਲੀ ਦਾ ਪੱਖਾ ਚਾਲੂ ਕਰ ਰਿਹਾ ਸੀ ਕਿ ਉਸ ਨੂੰ ਕਰੰਟ ਲੱਗ ਗਿਆ। ਕਰੰਟ ਉਸ ਦੇ ਸਰੀਰ 'ਚ ਫੈਲਣ ਲੱਗਾ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਲੁਧਿਆਣਾ 'ਚ ਲੱਕੀ ਡਰਾਅ ਕੱਢਣ ਵਾਲੇ 4 ਠੱਗਾਂ ਨੂੰ ਕੀਤਾ ਗ੍ਰਿਫ਼ਤਾਰ

ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਦਸਿਆ ਕਿ ਮ੍ਰਿਤਕ ਦੇ ਪਰਿਵਾਰ ਕੋਲ ਕੋਈ ਜ਼ਮੀਨ ਨਹੀਂ ਹੈ। ਮ੍ਰਿਤਕ ਮਿਹਨਤ ਮਜ਼ਦੂਰੀ ਕਰਦਾ ਸੀ ਅਤੇ ਆਪਣੀ ਪਤਨੀ ਅਤੇ 5 ਸਾਲ ਅਤੇ 2 ਸਾਲ ਦੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਸੀ। ਹੁਣ ਉਸ ਦੀ ਮੌਤ ਕਾਰਨ ਪਰਿਵਾਰ ਮੁਸੀਬਤ ਵਿਚ ਹੈ। ਪਿੰਡ ਵਾਸੀਆਂ ਅਤੇ ਮ੍ਰਿਤਕ ਦੇ ਵਾਰਸਾਂ ਨੇ ਪੰਜਾਬ ਸਰਕਾਰ ਤੋਂ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਇਸ ਘਟਨਾ ਕਾਰਨ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ।