ਜਲੰਧਰ 'ਚ ਛੁੱਟੀ 'ਤੇ ਆਏ ਸੂਬੇਦਾਰ ਦੀ ਸੜਕ ਹਾਦਸੇ ਵਿਚ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਤਨੀ ਤੇ ਬੱਚਿਆਂ ਦੇ ਵਿਦੇਸ਼ ਤੋਂ ਵਾਪਸ ਆਉਣ ਕਰਕੇ ਸੂਬੇਦਾਰ ਲੈ ਕੇ ਆ ਰਿਹਾ ਸੀ ਛੁੱਟੀ

photo

 

ਜਲੰਧਰ:  ਜਲੰਧਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਛੁੱਟੀ ਆਏ ਸੂਬੇਦਾਰ ਨਾਲ ਮੰਦਭਾਗਾ ਹਾਦਸਾ ਵਾਪਰ ਗਿਆ। ਦਰਅਸਲ ਛੁੱਟੀ ਆ ਰਹੇ  ਫੌਜੀ ਦੀ ਕਾਰ ਟਿੱਪਰ ਨਾਲ ਟਕਰਾ ਗਈ ਹੈ। ਇਸ ਹਾਦਸੇ ਵਿਚ ਸੂਬੇਦਾਰ ਦੀ ਦਰਦਨਾਕ ਮੌਤ ਹੋ ਗਈ ਹੈ।  ਸੂਬੇਦਾਰ ਦੀ ਪਹਿਚਾਣ  ਪ੍ਰਗਟ ਸਿੰਘ ਵਜੋਂ ਹੋਈ ਹੈ। ਇਸ ਹਾਦਸੇ ਦੀ ਸੂਚਨਾ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਦਿਤੀ ਗਈ। ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਦੇ ਸਬ-ਇੰਸ. ਕੁਲਬੀਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। 

ਇਹ ਵੀ ਪੜ੍ਹੋ: PU 'ਚ ਯੂਨੀਵਰਸਿਟੀ ਦੇ ਅਲੱਗ-ਅਲੱਗ ਵਿਭਾਗਾਂ ਦੇ ਵਿਦਿਆਰਥੀਆਂ ਨੇ ਐਲਾਨੀ ਨਵੀਂ ਜਥੇਬੰਦੀ

ਇਸ ਸਬੰਧੀ ਸਬ-ਇੰਸ. ਕੁਲਬੀਰ ਸਿੰਘ ਨੇ ਦਸਿਆ ਕਿ 14-ਸਿੱਖਲਾਈ ਰੈਜ਼ੀਮੈਂਟ, ਪਠਾਨਕੋਟ ’ਚ ਸੂਬੇਦਾਰ ਦੇ ਅਹੁਦੇ ’ਤੇ ਤਾਇਨਾਤ ਪ੍ਰਗਟ ਸਿੰਘ (45) ਪੁੱਤਰ ਮੇਲਾ ਸਿੰਘ ਵਾਸੀ ਸਿਆੜ, ਥਾਣਾ ਮਲੋਡ, ਲੁਧਿਆਣਾ ਛੁੱਟੀ ਲੈ ਕੇ ਆਪਣੀ ਕਾਰ ’ਤੇ ਆਪਣੇ ਘਰ ਜਾ ਰਿਹਾ ਸੀ ਤਾਂ ਜਿਵੇਂ ਹੀ ਉਹ ਪਿੰਡ ਨੂਰਪੁਰ ਦੇ ਹਾਈਵੇਅ ਨੇੜੇ ਸਥਿਤ ਮਹਿੰਦਰਾ ਏਜੰਸੀ ਸਾਹਮਣੇ ਪਹੁੰਚਿਆ ਤਾਂ ਸੜਕ ’ਤੇ ਖੜ੍ਹੇ ਟਿੱਪਰ ਦੇ ਪਿੱਛੇ ਟਕਰਾ ਗਿਆ, ਜਿਸ ਕਾਰਨ ਚਾਲਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ: ਅੰਮ੍ਰਿਤਸਰ ਵਿਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਵਿਅਕਤੀ ਦਾ ਕਤਲ 

ਆਸ-ਪਾਸ ਦੇ ਲੋਕਾਂ ਵੱਲੋਂ ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ’ਚ ਨਜ਼ਦੀਕ ਸਥਿਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਆਪਣੀ ਪਤਨੀ ਤੇ ਬੱਚਿਆਂ ਦੇ ਵਿਦੇਸ਼ ਤੋਂ ਵਾਪਸ ਆਉਣ ਕਰਕੇ ਛੁੱਟੀ ਲੈ ਕੇ ਵਾਪਸ ਆ ਰਿਹਾ ਸੀ।