ਲੁਧਿਆਣਾ ਦੇ ਇਸ ਪਿੰਡ ਨੂੰ ਚਿੱਟੇ ਨੇ ਕੀਤਾ ਤਬਾਹ ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਵਾਂ ਨੇ ਕੈਮਰੇ ਸਾਹਮਣੇ ਦੱਸੀ ਅਸਲ ਸਚਾਈ !

25 boys of this village died due to drugs

ਦਾਖਾ: ਜ਼ਿਲ੍ਹਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦਾਖਾ ਦੀਆਂ ਚੋਣਾਂ ਵਿਚ ਨਸ਼ੇ ਦੀ ਦੁਹਾਈ ਫਿਰ ਤੋਂ ਉੱਠ ਕੇ ਆ ਰਹੀ ਹੈ। ਇਸ ਸਬੰਧੀ ਸਪੋਕਸਮੈਨ ਟੀਵੀ ਵੱਲੋਂ ਹਲਕਾ ਦਾਖਾ ਦੇ ਪਿੰਡ ਜੰਗਪੁਰਾ ਦੇ ਲੋਕਾਂ ਨਾਲ ਖਾਸ ਗੱਲਬਾਤ ਕੀਤੀ ਗਈ। ਸਪੋਕਸਮੈਨ ਟੀਵੀ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਕਰੀਬ 10 ਸਾਲ ਪਹਿਲਾਂ ਇਸ ਪਿੰਡ ਦੇ ਮੁੰਡੇ ਨਸ਼ਾ ਸਪਲਾਈ ਕਰਨ ਦਾ ਕੰਮ ਕਰਦੇ ਸੀ। ਨਸ਼ਾ ਵੇਚਣ ਦਾ ਕੰਮ ਕਰਦੇ ਕਰਦੇ ਉਹਨਾਂ ਨੇ ਖੁਦ ਵੀ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਨਸ਼ੇ ਕਾਰਨ ਇਸ ਪਿੰਡ ਦੇ ਕਰੀਬ 18 ਮੁੰਡਿਆਂ ਦੀ ਮੌਤ ਹੋ ਗਈ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਨਸ਼ੇ ਕਾਰਨ ਪਿੰਡ ਦੇ ਸਾਬਕਾ ਸਰਪੰਚ ਦੇ ਵੀ ਦੋ ਮੁੰਡਿਆਂ ਦੀ ਮੌਤ ਹੋ ਗਈ, ਉਹਨਾਂ ਮੁੰਡਿਆਂ ਦੀ ਉਮਰ ਕਰੀਬ 22-25 ਸਾਲ ਸੀ। ਉਹਨਾਂ ਦੱਸਿਆ ਕਿ ਨਸ਼ੇ ਕਾਰਨ ਮੌਤ ਦਾ ਸ਼ਿਕਾਰ ਹੋਏ ਮੁੰਡੇ ਚੰਗੇ ਘਰਾਂ ਨਾਲ ਸਬੰਧ ਰੱਖਦੇ ਸਨ।

ਪਿੰਡ ਦੇ ਇਕ ਵਿਅਕਤੀ ਨੇ ਦੱਸਿਆ ਕਿ 2007 ਵਿਚ ਕਿਸਾਨਾਂ ਦੀਆਂ ਜ਼ਮੀਨਾਂ ਬਹੁਤ ਮਹਿੰਗੀਆਂ ਹੋ ਗਈਆਂ ਸਨ। ਜ਼ਮੀਨਾਂ ਮਹਿੰਗੀਆਂ ਹੋਣ ਕਾਰਨ ਕਿਸਾਨਾਂ ਕੋਲ ਪੈਸਾ ਆਮ ਆਉਣ ਲੱਗਿਆ। ਜ਼ਿਆਦਾ ਪੈਸੇ ਆਉਣ ਕਾਰਨ ਕਈ ਮੁੰਡੇ ਨਸ਼ਿਆਂ ਦਾ ਵਪਾਰ ਕਰਨੇ ਲੱਗੇ ਅਤੇ ਉਹਨਾਂ ਨੇ ਪਿੰਡ ਦੇ ਹੋਰ ਕਈ ਮੁੰਡਿਆਂ ਨੂੰ ਅਪਣੇ ਨਾਲ ਨਸ਼ੇ ਦੇ ਵਪਾਰ ਵਿਚ ਲਗਾ ਲਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਪਿੰਡ ਵਿਚ ਸਭ ਤੋਂ ਜ਼ਿਆਦਾ ਚਿੱਟਾ ਵਿਕਦਾ ਹੈ ਪਰ ਜਦੋਂ ਦੀ ਕੈਪਟਨ ਸਰਕਾਰ ਆਈ ਹੈ ਤਾਂ ਨਸ਼ਿਆਂ ਨੂੰ ਠੱਲ ਪੈ ਗਈ ਹੈ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਅੱਜ ਕੱਲ ਨੌਜਵਾਨ ਚਿੱਟੇ ਦੀ ਥਾਂ ਨਸ਼ੇ ਦੀਆਂ ਗੋਲੀਆਂ ਦੀ ਵਰਤੋਂ ਕਰਦੇ ਹਨ।

ਗੱਲਬਾਤ ਦੌਰਾਨ ਪਿੰਡ ਦੇ ਇਕ ਵਿਅਕਤੀ ਨੇ ਦੱਸਿਆ ਕਿ ਪਿੰਡ ਵਿਚ ਹਰੇਕ ਤਰ੍ਹਾਂ ਦਾ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇ ਕੋਈ ਇਸ ਨੂੰ ਰੋਕਣ ਲਈ ਕਦਮ ਨਹੀਂ ਚੁੱਕ ਰਿਹਾ। ਉਹਨਾਂ ਕਿਹਾ ਕਿ ਨਸ਼ਾ ਨਾ ਕਦੀ ਹਟੇਗਾ ਅਤੇ ਨਾ ਹੀ ਕੋਈ ਨਸ਼ੇ ਨੂੰ ਹਟਾ ਸਕਦਾ। ਉਹਨਾਂ ਕਿਹਾ ਕਿ ਸ਼ਰਾਬ ਦੇ ਠੇਕੇ ਸ਼ਰੇਆਮ ਖੁੱਲ੍ਹ ਰਹੇ ਨੇ ਅਤੇ ਸਰਕਾਰ ਖੁਦ ਠੇਕਿਆਂ ਦੀਆਂ ਬੋਲੀਆਂ ਲਗਾ ਰਹੀ ਹੈ। ਉਹਨਾਂ ਦੱਸਿਆ ਕਿ ਉਹਨਾਂ ਦਾ ਅਪਣਾ ਭਰਾ (32 ਸਾਲ) ਵੀ ਚਿੱਟੇ ਦੀ ਲਪੇਟ ਵਿਚ ਆ ਕੇ ਮਰ ਗਿਆ ਸੀ। ਉਹਨਾਂ ਦੱਸਿਆ ਕਿ ਪਿੰਡ ਵਿਚ ਨਸ਼ਾ ਵੇਚਣ ਵਾਲੇ ਹੁਣ ਦੁਨੀਆਂ ਤੋਂ ਤੁਰ ਗਏ ਹਨ। ਉਹਨਾਂ ਦੱਸਿਆ ਕਿ ਉਹਨਾਂ ਨੇ ਅਪਣੇ ਭਰਾ ਦਾ ਕਈ ਥਾਵਾਂ ‘ਤੇ ਇਲਾਜ ਵੀ ਕਰਵਾਇਆ ਪਰ ਉਹ ਬਚ ਨਹੀਂ ਸਕਿਆ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਸ਼ਿਆਂ ਕਾਰਨ ਹੋ ਰਹੇ ਨੁਕਸਾਨ ਬਾਰੇ ਸਰਕਾਰਾਂ ਬਿਲਕੁਲ ਨਹੀਂ ਸੋਚ ਰਹੀਆਂ ਅਤੇ ਨਾ ਸੋਚਣਗੀਆਂ। ਇਸੇ ਦੌਰਾਨ  ਪਿੰਡ ਦੇ ਇਕ ਨੌਜਵਾਨ ਨੇ ਕਿਹਾ ਕਿ ਕੁਝ ਲੋਕ ਕਹਿੰਦੇ ਹਨ ਕਿ ਪੰਜਾਬ ਵਿਚ ਨਸ਼ਾ ਨਹੀਂ ਹੈ ਪਰ ਜੇਕਰ ਪੰਜਾਬ ਵਿਚ ਨਸ਼ਾ ਨਹੀਂ ਹੈ ਤਾਂ ਸੂਬੇ ‘ਚ ਨਸ਼ਾ ਛੁਡਾਊ ਕੇਂਦਰ ਕਿਉਂ ਖੁੱਲ੍ਹੇ ਹਨ। ਉਹਨਾਂ ਦੱਸਿਆ ਕਿ ਜਿਹੜੀਆਂ ਗੋਲੀਆਂ ਪਹਿਲਾਂ ਬਹੁਤ ਔਖੀਆਂ ਮਿਲਦੀਆਂ ਸਨ, ਹੁਣ ਉਹੀ ਗੋਲੀਆਂ ਬੜ੍ਹੇ ਹੀ ਅਰਾਮ ਨਾਲ ਨਸ਼ਾ ਛੁਡਾਊ ਕੇਂਦਰਾਂ ਤੋਂ ਆਮ ਮਿਲਦੀਆਂ ਹਨ। ਇਹ ਗੋਲੀਆਂ ਨਸ਼ਾ ਛਡਾਉਂਦੀਆਂ ਨਹੀਂ ਬਲਕਿ ਨਸ਼ੇ ਦੀ ਤੋੜ ਘਟਾਉਂਦੀਆਂ ਹਨ, ਇਸ ਨਾਲ ਇਨਸਾਨ ਨਸ਼ਾ ਛੱਡ ਕੇ ਇਹਨਾਂ ਗੋਲੀਆਂ ਦਾ ਆਦੀ ਹੋ ਜਾਂਦਾ ਹੈ। ਮੁੰਡੇ ਇਸ ਗੋਲੀ ਨੂੰ ਪਾਣੀ ਵਿਚ ਮਿਲਾ ਕੇ ਇਸ ਦਾ ਇੰਜੈਕਸ਼ਨ ਲਗਾਉਂਦੇ ਹਨ।

ਪਿੰਡ ਵਾਸੀਆਂ ਦਾ ਕਹਿਣਾ ਹੈ ਨਸ਼ੇ ਨੂੰ ਸਿਰਫ ਮੰਨ ਬਣਾ ਕੇ ਹੀ ਛੱਡਿਆ ਜਾ ਸਕਦਾ ਹੈ, ਜੇਕਰ ਤੁਸੀਂ ਮੰਨ ਬਣਾ ਲਓ ਕੇ ਮੈਂ ਨਸ਼ਾ ਕਰਨਾ ਹੀ ਨਹੀਂ ਤਾ ਅਸਾਨੀ ਨਾਲ ਨਸ਼ਾ ਛੱਡਿਆ ਜਾ ਸਕਦਾ ਹੈ। ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਜਦੋਂ ਨਸ਼ਿਆਂ ਕਾਰਨ ਪਿੰਡ ਦੇ ਨੌਜਵਾਨ ਮਰ ਰਹੇ ਸੀ ਤਾਂ ਉਹ ਬਹੁਤ ਛੋਟੇ ਸੀ। ਜਦੋਂ ਮੌਤਾਂ ਹੋਈਆਂ ਤਾਂ ਉਸੇ ਸਮੇਂ ਉਹਨਾਂ ਨੇ ਸਮਝ ਲਿਆ ਸੀ ਕਿ ਇਹ ਚੀਜ਼ ਬਹੁਤ ਮਾੜੀ ਹੈ। ਇਸੇ ਕਾਰਨ ਉਹਨਾਂ ਨੇ ਅਪਣਾ ਮੰਨ ਖੇਡਾਂ ਵਿਚ ਲਗਾਇਆ ਅਤੇ ਨਸ਼ਿਆਂ ਤੋਂ ਦੂਰ ਰਹੇ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪੁਰਾਣੇ ਬਜ਼ੁਰਗ ਅਫੀਮ ਜਾਂ ਡੋਡੇ ਖਾ ਕੇ ਹੀ ਕੰਮ ਕਰਦੇ ਸੀ ਪਰ ਚਿੱਟਾ ਖਾਣ ਵਾਲਾ ਕੋਈ ਬੰਦਾ ਕੰਮ ਨਹੀਂ ਕਰਦਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਚਿੱਟਾ ਬਹੁਤ ਹੀ ਖਤਰਨਾਕ ਨਸ਼ਾ ਹੈ ਅਤੇ ਇਸ ਨੂੰ ਖਾ ਕੇ ਕੰਮ ਨਹੀਂ ਕੀਤਾ ਜਾ ਸਕਦਾ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿਚ ਕੁੜੀਆਂ ਬਿਲਕੁਲ ਨਸ਼ਾ ਨਹੀਂ ਕਰਦੀਆਂ ਪਰ ਕੁਝ ਮੁੰਡੇ ਨਸ਼ਾ ਕਰਦੇ ਹਨ।

ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲਿਸ ਵੀ ਉਹਨਾਂ ਦਾ ਸਾਥ ਨਹੀਂ ਦਿੰਦੀ, ਜੇਕਰ ਪਿੰਡ ਵਾਸੀ ਕਿਸੇ ਵਿਅਕਤੀ ਦੀ ਸ਼ਿਕਾਇਤ ਕਰਨ ਤਾਂ ਪੁਲਿਸ ਉਹਨਾਂ ਨੂੰ ਰਿਸ਼ਵਤ ਲੈ ਕੇ ਛੱਡ ਦਿੰਦੀ ਹੈ। ਉਹਨਾਂ ਦੱਸਿਆ ਕਿ ਜਿੰਨਾ ਜ਼ਿਆਦਾ ਨਸ਼ਾ ਹੁੰਦਾ ਹੈ ਪੁਲਿਸ ਓਨੀ ਜ਼ਿਆਦਾ ਰਿਸ਼ਵਤ ਵਸੂਲਦੀ ਹੈ। ਉਹਨਾਂ ਕਿਹਾ ਕਿ ਜੇਕਰ ਚੰਗੇ ਪੁਲਿਸ ਅਫਸਰ ਆਉਣ ਤਾਂ ਉਹ ਨਸ਼ੇ ਨੂੰ ਠੱਲ ਪਾ ਸਕਦੇ ਹਨ ਕਿਉਂਕਿ ਸਰਕਾਰ ਦਾ ਕੰਮ ਸਿਰਫ ਆਦੇਸ਼ ਦੇਣਾ ਹੁੰਦਾ ਹੈ, ਬਾਕੀ ਕੰਮ ਪੁਲਿਸ ਦੇ ਹੱਥ ਹੁੰਦਾ ਹੈ। ਪਿੰਡ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਨਸ਼ੇ ਕਾਰਨ 18 ਨੌਜਵਾਨ ਨਹੀਂ ਮਰੇ ਸਿਰਫ਼ 4-5 ਨੌਜਵਾਨ ਮਰੇ ਹਨ, ਉਹ ਵੀ ਅਪਣੀਆਂ ਗਲਤੀਆਂ ਕਾਰਨ ਮਰੇ ਹਨ। ਉਹਨਾਂ ਦੱਸਿਆ ਕਿ ਹੁਣ ਵੀ ਪਿੰਡ ਵਿਚ ਭਾਰੀ ਮਾਤਰਾ ‘ਚ ਚਿੱਟਾ ਆਉਂਦਾ ਹੈ। ਉਹਨਾਂ ਕਿਹਾ ਕਿ ਸਰਕਾਰ, ਪੁਲਿਸ ਜਾਂ ਪੰਚਾਇਤ ਕੁਝ ਨਹੀਂ ਕਰ ਸਕਦੀ, ਲੋਕਾਂ ਨੂੰ ਅਪਣੇ ਮਸਲੇ ਆਪ ਹੀ ਹੱਲ ਕਰਨੇ ਚਾਹੀਦੇ ਹਨ।

ਨਸ਼ੇ ਨਾਲ ਮਰੇ ਇਕ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਵੀ ਨਸ਼ਾ ਕਰਦਾ ਸੀ ਪਰ ਉਸ ਨੇ 6 ਮਹੀਨੇ ਪਹਿਲਾਂ ਨਸ਼ਾ ਛੱਡ ਦਿੱਤਾ ਸੀ ਪਰ ਨਸ਼ੇ ਕਾਰਨ ਉਸ ਨੂੰ ਕਾਲਾ-ਪੀਲੀਆ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕ ਬਦਨਾਮੀ ਕਰਕੇ ਰੌਲਾ ਨਹੀਂ ਪਾਉਂਦੇ ਕਿ ਸਾਡਾ ਬੱਚਾ ਨਸ਼ਾ ਕਰ ਰਿਹਾ ਹੈ। ਪਿੰਡ ਦੇ ਇਕ ਬਜ਼ੁਰਗ ਨੇ ਦੱਸਿਆ ਕਿ ਉਸ ਨੇ 17 ਸਾਲ ਡੋਡੇ ਖਾ ਕੇ ਛੱਡੇ ਹਨ। ਉਹਨਾਂ ਦੱਸਿਆ ਕਿ ਉਹਨਾਂ ਨੇ ਰੱਜ ਕੇ ਡੋਡੇ ਖਾਧੇ ਹਨ। ਉਹਨਾਂ ਦੱਸਿਆ ਕਿ ਉਸ ਸਮੇਂ 250 ਰੁਪਏ ਕਿਲੋ ਡੋਡੇ ਮਿਲਦੇ ਸਨ। ਉਹਨਾਂ ਕਿਹਾ ਕਿ ਜੇਕਰ ਲੋਕ ਮੰਨ ਬਣਾ ਕੇ ਖੁਦਕੁਸ਼ੀ ਕਰਕੇ ਦੁਨੀਆਂ ਛੱਡ ਜਾਂਦੇ ਹਨ ਤਾਂ ਨਸ਼ਾ ਛੱਡਣਾ ਵੀ ਕੋਈ ਵੱਡੀ ਗੱਲ ਨਹੀਂ ਹੈ। ਨਸ਼ਾ ਛੱਡਣ ਲਈ ਸਿਰਫ਼ ਮੰਨ ਹੋਣਾ ਚਾਹੀਦਾ ਹੈ। ਪਿੰਡ ਦੇ ਇਕ ਵਿਅਕਤੀ ਨੇ ਦੱਸਿਆ ਕਿ ਜਿਹੜਾ ਜ਼ਿੰਮੀਦਾਰ ਅਪਣੀ ਫਸਲ ਤਿਆਰ ਕਰਦਾ ਹੈ, ਉਸ ਫਸਲ ਵਿਚ ਏਨੀ ਜ਼ਹਿਰ ਪੈਦਾ ਹੋ ਗਈ ਹੈ ਕਿ ਕਿਸੇ ਨੂੰ ਸ਼ੂਗਰ ਦੀ ਬਿਮਾਰੀ ਹੋ ਰਹੀ ਹੈ ਤਾਂ ਕਿਸੇ ਨੂੰ ਹੋਰ ਬਿਮਾਰੀਆਂ ਹੋ ਰਹੀਆਂ ਹਨ। ਉਹਨਾਂ ਦੱਸਿਆ ਕਿ ਉਹਨਾਂ ਦੇ ਘਰ ਦੇ ਦੁੱਧ ਨੂੰ ਜਦੋਂ ਲੈਬੋਰੇਟਰੀ ਵਿਚ ਟੈਸਟ ਕੀਤਾ ਜਾਂਦਾ ਹੈ ਤਾਂ ਉਸ ਵਿਚੋਂ ਵੀ ਜ਼ਹਿਰ ਨਿਕਲਦੀ ਹੈ।

ਪਿੰਡ ਦੀ ਪੰਚਾਇਤ ਦੇ ਮੈਂਬਰ ਦਾ ਕਹਿਣਾ ਹੈ ਕਿ ਨਸ਼ੇ ਦਾ ਖਾਤਮਾ ਕਰਨ ਲਈ ਸਰਕਾਰ ਨੂੰ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਧਿਕਾਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਪਿੰਡ ਦੀ ਪੰਚਾਇਤ ਨੂੰ ਅਧਿਕਾਰ ਦੇਣਾ ਚਾਹੀਦਾ ਹੈ ਕਿ ਉਹ ਪਿੰਡ ਦੇ ਹਰ ਨੌਜਵਾਨ ਦੀ ਜਾਣਕਾਰੀ ਲਵੇ ਤਾਂ ਜੋ ਉਹ ਨਸ਼ਿਆਂ ਤੋਂ ਦੂਰ ਰਹਿਣ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਵੇਗੀ ਤਾਂ ਵੀ ਇਸ ਦਾ ਖਾਤਮਾ ਕੀਤਾ ਜਾ ਸਕਦਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਨੌਜਵਾਨਾਂ ਲਈ ਸਮਾਰਟ ਫੋਨ ਬਹੁਤ ਹੀ ਗਲਤ ਚੀਜ਼ ਹੈ। ਬੱਚੇ ਸਾਰਾ ਦਿਨ ਫੋਨ ਵਿਚ ਵੀ ਰੁੱਝੇ ਰਹਿੰਦੇ ਹਨ, ਜਿਸ ਕਾਰਨ ਉਹ ਕੰਮ ਨਹੀਂ ਕਰਦੇ। ਉਹਨਾਂ ਕਿਹਾ ਕਿ 5-7 ਸਾਲ ਦਾ ਬੱਚਾ ਵੀ ਅੱਜ ਅਪਣਾ ਪਰਸਨਲ ਫੋਨ ਭਾਲ਼ਦਾ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਚੰਗੀ ਸੰਗਤ ਦਾ ਅਸਰ ਵੀ ਨਸ਼ਿਆਂ ਤੋਂ ਦੂਰ ਰੱਖਦਾ ਹੈ।

ਪਿੰਡ ਦੇ ਇਕ ਬਜ਼ੁਰਗ ਦਾ ਕਹਿਣਾ ਹੈ ਕਿ ਪਬਲਿਕ ਸਿਰਫ਼ ਸਾਥ ਹੀ ਦੇ ਸਕਦੀ ਹੈ। 1993 ਵਿਚ ਅਤਿਵਾਦ ਦਾ ਖਾਤਮਾ ਹੋਇਆ, ਪਬਲਿਕ ਨੇ ਪੁਲਿਸ ਦਾ ਸਾਥ ਦਿੱਤਾ, ਜੇਕਰ ਪਬਲਿਕ ਸਾਥ ਨਾ ਦਿੰਦੀ ਤਾਂ ਉਹ ਖਤਮ ਨਹੀਂ ਹੋਣਾ ਸੀ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਜੋ ਵੀ ਨੁਕਸਾਨ ਹੋਇਆ ਇਸ ਦਾ ਉਹਨਾਂ ਨੂੰ ਬਹੁਤ ਅਫਸੋਸ ਹੈ ਇਸ ਲਈ ਲੋੜ ਹੈ ਕਿ ਮਿਲ ਕੇ ਇਸ ਕੰਮ ਲਈ ਹੰਭਲਾ ਮਾਰੀਏ। ਇਸ ਸਾਰੀ ਗੱਲਬਾਤ ਤੋਂ ਪਤਾ ਚੱਲਦਾ ਹੈ ਕਿ ਨਸ਼ੇ ਦੀ ਸਮੱਸਿਆ ਹੁਣ ਵੀ ਹੈ ਭਾਵੇਂ ਕਈ ਲੋਕ ਮੰਨਦੇ ਹਨ ਕਿ ਨਸ਼ਾ ਘਟਿਆ ਹੈ। ਪਰ ਕਿਸੇ ਨਾ ਕਿਸੇ ਤਰੀਕੇ ਨਾਲ ਹਾਲੇ ਵੀ ਇਸ ਦੀ ਵਰਤੋਂ ਜਾਰੀ ਹੈ। ਇਸ ਲਈ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਮਿਲ ਕੇ ਦਿਲੋਂ ਕੋਸ਼ਿਸ਼ ਕਰਨੀ ਪਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।