ਸਕੂਲ ਖੁੱਲ੍ਹਣ ਤੋਂ ਬਾਅਦ ਬੱਚਿਆਂ ਦੇ ਚਿਹਰਿਆਂ 'ਤੇ ਆਈ ਰੌਣਕ, ਸਟਾਫ ਨੇ ਫੁੱਲਾਂ ਨਾਲ ਕੀਤਾ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਫ਼ੀ ਸਮੇਂ ਬਾਅਦ ਸਕੂਲ ਖੁੱਲ਼੍ਹਣ 'ਤੇ ਖੁਸ਼ ਹੋਏ ਬੱਚੇ 

Schools Reopen

ਫਾਜ਼ਿਲਕਾ: ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਦੇਸ਼ ਭਰ ਵਿਚ ਸਕੂਲ ਅਤੇ ਵਿਦਿਅਕ ਅਦਾਰੇ ਬੰਦ ਸਨ। ਇਸ ਤੋਂ ਬਾਅਦ ਅੱਜ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ ਸੂਬੇ ਵਿਚ ਸਕੂਲ ਖੋਲ੍ਹ ਦਿੱਤੇ ਗਏ। ਇਸ ਦੌਰਾਨ ਕਈ ਥਾਵਾਂ 'ਤੇ ਸਕੂਲਾਂ 'ਚ ਪਹਿਲੇ ਦਿਨ ਬੱਚਿਆਂ ਦੀ ਗਿਣਤੀ ਘੱਟ ਦੇਖਣ ਨੂੰ ਮਿਲੀ।

ਕਈ ਸਕੂਲਾਂ ਵਿਚ ਤਾਂ ਨਾ ਮਾਤਰ ਵਿਦਿਆਰਥੀ ਸ਼ਾਮਲ ਹੋਏ। ਇਸ ਦੇ ਚਲਦਿਆਂ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਵਿਚ ਵੀ ਘੱਟ ਗਿਣਤੀ 'ਚ ਵਿਦਿਆਰਥੀ ਹਾਜ਼ਰ ਹੋਏ। ਸਕੂਲ ਵੱਲੋਂ ਵਿਦਿਆਰਥੀਆਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਸਟਾਫ ਮੈਂਬਰਾਂ ਨੇ ਸਕੂਲ ਵਿਚ ਦਾਖਲ ਹੋਣ 'ਤੇ ਬੱਚਿਆਂ ਦੇ ਗਲਾਂ ਵਿਚ ਹਾਰ ਪਾਏ। 

ਸਕੂਲਾਂ ਵੱਲੋਂ ਕੋਰੋਨਾ ਵਾਇਰਸ ਨਿਯਮਾਂ ਦੀ ਪਾਲਣਾ ਦੇ ਤਹਿਤ ਹੀ ਬੱਚਿਆਂ ਨੂੰ ਕਲਾਸਾਂ ਵਿਚ ਬਿਠਾਇਆ ਗਿਆ। ਬੱਚੇ ਅਪਣੇ ਨਾਲ ਅਪਣੇ ਮਾਤਾ-ਪਿਤਾ ਵੱਲੋਂ ਦਿੱਤਾ ਗਿਆ ਸਵੈ-ਘੋਸ਼ਣਾ ਪੱਤਰ ਵੀ ਲੈ ਕੇ ਆਏ। ਲੰਬੇ ਸਮੇਂ ਬਾਅਦ ਸਕੂਲ ਖੁੱਲ਼੍ਹਣ 'ਤੇ ਬੱਚਿਆਂ ਵਿਚ ਕਾਫ਼ੀ ਖੁਸ਼ੀ ਪਾਈ ਗਈ। 

ਜ਼ਿਲ੍ਹਾ ਤਰਨਤਾਰਨ ਦੇ ਸਕੂਲਾਂ ਵਿਚ ਵੀ ਅਧਿਆਪਕ ਸਾਰੇ ਹਾਜ਼ਰ ਸਨ ਪਰ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਸੀ। ਤਰਨਤਾਰਨ ਦੇ ਸਕੂਲਾਂ ਵੱਲੋਂ ਵੀ ਕੋਰੋਨਾ ਵਾਇਰਸ ਨਿਯਮਾਂ ਦੀ ਚੰਗੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ। ਸਕੂਲਾਂ ਵਿਚ ਬੱਚਿਆਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਵਾਈ ਜਾ ਰਹੀ ਹੈ। ਸਟਾਫ ਦਾ ਕਹਿਣਾ ਹੈ ਕਿ ਸਕੂਲ ਖੁੱਲ੍ਹਣ ਤੋਂ ਬਾਅਦ ਵੀ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਜਾਰੀ ਹੈ।

ਇਸ ਤੋਂ ਇਲਾਵਾ ਖਰੜ, ਅਜਨਾਲਾ, ਬਰਨਾਲਾ, ਮਲੋਟ ਆਦਿ ਇਲਾਕਿਆਂ ਵਿਚ ਵੀ ਸਕੂਲ ਖੋਲ੍ਹੇ ਗਏ। ਇਸ ਦੌਰਾਨ ਵਿਦਿਆਰਥੀਆਂ ਦੀ ਆਮਦ 'ਤੇ ਮਿਲਿਆ ਜੁਲਿਆ ਅਸਰ ਰਿਹਾ। ਦੱਸ ਦਈਏ ਕਿ ਸਕੂਲ ਖੋਲ੍ਹਣ ਸਬੰਧੀ ਨਿਯਮਾਂ ਅਨੁਸਾਰ ਸਕੂਲ ਵਿਚ ਆਉਣ ਵਾਲੇ ਵਿਦਿਆਰਥੀਆਂ ਲਈ  ਮਾਸਕ ਪਾਉਣਾ ਅਤੇ ਮਾਪਿਆਂ ਦੀ ਸਹਿਮਤੀ ਵਜੋਂ ਘੋਸ਼ਣਾ ਪੱਤਰ ਨਾਲ ਲੈ ਕੇ ਆਉਣਾ ਲਾਜ਼ਮੀ ਹੈ।