ਅਕਾਲੀਆਂ ਵਲੋਂ ਦੱਸੇ ਗਏ 32 ਕਰੋੜ ਦੇ ਪ੍ਰਾਜੈਕਟ ਨੂੰ ਪਿੰਡ ਵਾਸੀਆਂ ਨੇ ਕੀਤਾ 4.50 ਕਰੋੜ ‘ਚ ਮੁਕੰਮਲ
25ਵੇਂ ਪੰਜਾਬ ਪਰਵਾਸੀ ਦਿਵਸ ਮੌਕੇ ਸਮਾਰੋਹ ‘ਚ ਸਪੋਕਸਮੈਨ ਟੀਮ ਵਲੋਂ ਦੌਰਾ ਕਰਨ ‘ਤੇ ਪਿੰਡ ਰੋਡੇ ਤੋਂ ਆਏ ਵਾਸੀਆਂ ਨਾਲ ਗੱਲਬਾਤ...
ਚੰਡੀਗੜ੍ਹ : 25ਵੇਂ ਪੰਜਾਬ ਪਰਵਾਸੀ ਦਿਵਸ ਮੌਕੇ ਸਮਾਰੋਹ ‘ਚ ਸਪੋਕਸਮੈਨ ਟੀਮ ਵਲੋਂ ਦੌਰਾ ਕਰਨ ‘ਤੇ ਪਿੰਡ ਰੋਡੇ ਤੋਂ ਆਏ ਵਾਸੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਪਣੇ ਪਿੰਡ ਦੇ ਐਨ.ਆਰ.ਆਈ. ਨੌਜਵਾਨਾਂ ਨਾਲ ਮਿਲ ਜੁਲ ਕੇ ਪਿੰਡ ਵਿਚ ਸੀਵਰੇਜ ਸਿਸਟਮ ਸਥਾਪਿਤ ਕਰਵਾਇਆ ਅਤੇ ਪਿੰਡ ਦੇ ਮਾਹੌਲ ਵਿਚ ਸੁਧਾਰ ਕਰਨ ਦੇ ਉਪਰਾਲੇ ਕੀਤੇ। ਉਨ੍ਹਾਂ ਦੱਸਿਆ ਕਿ ਪੂਰੇ ਪਿੰਡ ਵਿਚੋਂ ਪੈਸੇ ਇਕੱਠਾ ਕੀਤਾ,
ਇੱਥੋਂ ਤੱਕ ਕਿ ਅਮਰੀਕਾ, ਕੈਨੇਡਾ, ਇੰਗਲੈਂਡ ‘ਚ ਵੱਸਦੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ 5 ਕਰੋੜ ਰੁਪਇਆ ਇਕੱਠਾ ਕਰਕੇ ਲਗਭੱਗ 1 ਸਾਲ ਦੇ ਵਿਚ ਸੀਵਰੇਜ ਸਿਸਟਮ ਪ੍ਰਾਜੈਕਟ ਨੂੰ ਮੁਕੰਮਲ ਕਰਵਾਇਆ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਪਿੰਡ ਵਿਚ ਇਕ ਬਹੁਤ ਵਧੀਆ ਹਸਪਤਾਲ ਵੀ ਬਣਵਾਇਆ ਗਿਆ ਹੈ। ਪਿੰਡ ਦੇ ਪੁਰਾਣੇ ਛੱਪੜਾਂ ਨੂੰ ਵੀ ਭਰ ਦਿਤਾ ਗਿਆ ਹੈ ਅਤੇ ਉੱਥੇ ਪਾਰਕ ਬਣਵਾ ਦਿਤੇ ਗਏ ਹਨ ਅਤੇ ਪਿੰਡ ਵਿਚ ਲਾਈਟਾਂ ਤੇ ਪਾਰਕਾਂ ਨੂੰ ਲੈ ਕੇ ਹੋਰ ਕਈ ਪ੍ਰਾਜੈਕਟ ਵੀ ਸ਼ੁਰੂ ਕੀਤੇ ਹੋਏ ਹਨ।
ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸਾਲ 2017 ਵਿਚ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਪਿੰਡ ਦੀਆਂ ਗਲੀਆਂ ਨਾਲੀਆਂ ਦੇ ਵਿਕਾਸ ਲਈ 5 ਕਰੋੜ ਰੁਪਏ ਸਰਕਾਰੀ ਫੰਡ ਦੇ ਤੌਰ ‘ਤੇ ਐਲਾਨ ਕੀਤਾ ਗਿਆ ਸੀ ਪਰ ਚੋਣ ਜਾਪਤਾ ਲੱਗਣ ਕਰਕੇ ਉਹ ਫੰਡ ਵਾਪਸ ਚਲਾ ਗਿਆ ਸੀ। ਪਿੰਡ ਦੀਆਂ ਗਲੀਆਂ ਦੀ ਹਾਲਤ ਖ਼ਰਾਬ ਹੋਣ ਕਾਰਨ ਪਿੰਡ ਵਾਸੀਆਂ ਨੇ ਸਰਕਾਰ ਨੂੰ ਉਸ ਫੰਡ ਨੂੰ ਜਾਰੀ ਕਰਨ ਲਈ ਮੰਗ ਕੀਤੀ ਹੈ ਤਾਂ ਜੋ ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਵਾਈਆਂ ਜਾ ਸਕਣ।
ਗੱਲਬਾਤ ਦੌਰਾਨ ਅਕਾਲੀ ਸਰਕਾਰ ਦੀਆਂ ਨੀਤੀਆਂ ਦਾ ਖ਼ੁਲਾਸਾ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਸੀਵਰੇਜ ਸਿਸਟਮ ਲਗਵਾਉਣ ਦਾ ਸਰਕਾਰ ਵਲੋਂ ਸਰਕਾਰੀ ਰੇਟ ਦੇ ਤੌਰ ‘ਤੇ 32 ਕਰੋੜ ਦਾ ਪ੍ਰਾਜੈਕਟ ਦੱਸਿਆ ਗਿਆ ਸੀ ਜਿਸ ਵਿਚੋਂ 16 ਕਰੋੜ ਪਹਿਲਾਂ ਜਮ੍ਹਾਂ ਕਰਵਾਉਣ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਪਿੰਡ ਵਾਸੀਆਂ ਵਲੋਂ ਕਿਸੇ ਹੋਰ ਪਿੰਡ ਦੇ ਸੀਵਰੇਜ ਸਿਸਟਮ ਪ੍ਰਾਜੈਕਟ ਦਾ ਮੁਆਇਨਾ ਕਰਨ ‘ਤੇ ਲਗਭੱਗ 5 ਕਰੋੜ ਰੁਪਏ ‘ਚ ਪ੍ਰਾਜੈਕਟ ਮੁਕੰਮਲ ਹੋਣ ਦਾ ਪਤਾ ਲੱਗਿਆ।
ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਖ਼ੁਦ ਇਸ ਕੰਮ ਨੂੰ ਨੇਪਰੇ ਚਾੜ੍ਹਨ ਦਾ ਫ਼ੈਸਲਾ ਕੀਤਾ ਅਤੇ 4.50 ਕਰੋੜ ‘ਚ ਲਗਭੱਗ 1 ਸਾਲ ਦੇ ਸਮੇਂ ਵਿਚ ਪ੍ਰਾਜੈਕਟ ਨੂੰ ਚਾਲੂ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਵਿਚ ਵੱਸਦੇ ਸਮੂਹ ਪਰਵਾਸੀ ਪੰਜਾਬੀਆਂ ਨੂੰ ਇਹ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਕਿਸੇ ਦੇ ਹੱਥ ਜ਼ਿੰਮੇਵਾਰੀ ਨਾ ਦੇਣ ਸਗੋਂ ਖ਼ੁਦ ਅਪਣੇ-ਅਪਣੇ ਪਿੰਡ ਦੀ ਕਮਾਨ ਸੰਭਾਲਣ ਅਤੇ ਪਿੰਡ ਦੇ ਵਿਕਾਸ ਲਈ ਉਪਰਾਲੇ ਕਰਨ।