ਸੰਗਰੂਰ - 'ਵੈਨ ਦੁਰਘਟਨਾ ਦੇ ਅਸਲ 'ਹੀਰੋ' ਅਸੀ ਹਾਂ ਜਿਨ੍ਹਾਂ ਅੱਠ ਬੱਚਿਆਂ ਦੀ ਜਾਨ ਬਚਾਈ'
ਵੀਡੀਉ ਜਾਰੀ ਕਰ ਕੇ ਮੰਗ ਕੀਤਾ ਕਿ ਸਨਮਾਨ ਕੀਤੇ ਜਾਣ ਵਾਲੇ ਅਸਲ ਬੰਦਿਆਂ ਨੂੰ ਸਨਮਾਨਤ ਕਰੋ
ਲੌਂਗੋਵਾਲ (ਗੋਬਿੰਦ ਸਿੰਘ ਦੁੱਲਟ): ਲੰਘੇ ਸ਼ਨੀਵਾਰ ਨੂੰ ਲੌਂਗੋਵਾਲ ਦੇ ਇਕ ਨਿਜੀ ਸਕੂਲ ਦੀ ਇਕ ਵੈਨ ਨੂੰ ਲੱਗੀ ਅੱਗ ਵਿਚ ਅੱਗ ਨਾਲ ਸੜ ਕੇ ਮਰਨ ਵਾਲੇ ਚਾਰ ਬੱਚਿਆਂ ਤੋਂ ਇਲਾਵਾ ਬਾਕੀ ਸਵਾਰ 8 ਬੱਚਿਆਂ ਨੂੰ ਠੀਕ-ਠਾਕ ਕੱਢਣ ਵਿਚ ਬਣਾਈ ਗਈ ਕਹਾਣੀ, ਜਿਸ ਵਿਚ ਸਕੂਲ ਦੀ ਇਕ 9ਵੀਂ ਜਮਾਤ ਦੀ ਵਿਦਿਆਰਥਣ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਦਾ ਅਸਲ ਸੱਚ ਹੌਲੀ-ਹੌਲੀ ਆਮ ਲੋਕਾਂ ਵਿਚੋਂ ਬਾਹਰ ਆਉਣਾ ਸ਼ੁਰੂ ਹੋ ਗਿਆ ਹੈ।
ਇਸ ਸਬੰਧੀ ਪੂਰੀ ਜਾਣਕਾਰੀ ਇੱਥੋਂ ਨੇੜਲੇ ਪਿੰਡ ਕੇਹਰ ਸਿੰਘ ਵਾਲਾ ਦੇ ਨੌਜਵਾਨ ਗੁਰਮੁੱਖ ਸਿੰਘ ਔਜਲਾ ਨੇ ਇਕ ਵੀਡਿਓ ਜਾਰੀ ਕਰਦਿਆਂ ਦੱਸੀ ਕਿ ਕਿਵੇਂ ਅਤੇ ਕਿਸ ਨੇ ਵੈਨ ਵਿਚ ਸਵਾਰ 8 ਬੱਚਿਆਂ ਦੀ ਜਾਨ ਬਚਾਈ ਸੀ। ਉਸ ਅਨੁਸਾਰ ਅਸੀਂ ਕਸਬਾ ਲੌਂਗੋਵਾਲ ਤੋਂ ਖੇਤ ਹੋ ਰਹੇ ਬੋਰ ਦਾ ਸਮਾਨ ਲੈ ਕੇ ਆਪਣੇ ਪਿੰਡ ਵੱਲ ਨੂੰ ਆ ਰਹੇ ਸੀ, ਤਾਂ ਦੁਰਘਟਨਾ ਵਾਲੀ ਵੈਨ ਸਾਡੇ ਕੋਲ ਦੀ ਗੁਜਰੀ, ਜਿਸ ਦੇ ਪਿਛਲੇ ਪਾਸੇ ਅੱਗ ਲੱਗੀ ਹੋਈ ਸੀ, ਜਿਸ ਨੂੰ ਦੇਖਦਿਆਂ ਹੀ ਅਸੀਂ ਟਰੈਕਟਰ ਰੋਕ ਕੇ ਆਵਾਜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ,
ਇੰਨੇ ਸਮੇਂ ਨੂੰ ਭੂਰੇ ਕੂਬੇ ਪਿੰਡ ਦਾ ਇਕ ਨੌਜਵਾਨ ਹਰਦੀਪ ਸਿੰਘ ਜੋ ਕਿ ਮੋਟਰ ਸਾਇਕਲ 'ਤੇ ਸਵਾਰ ਸੀ, ਨੇ ਅੱਗੇ ਹੋ ਕੇ ਸਕੂਲ ਵੈਨ ਨੂੰ ਰੋਕਿਆ, ਇੰਨੇ ਸਮੇਂ ਵਿਚ ਵੈਨ ਪੂਰੀ ਤਰ੍ਹਾਂ ਅੱਗ ਦੀ ਗ੍ਰਿਫਤ ਵਿਚ ਆ ਚੁੱਕੀ ਸੀ, ਜਿਸ ਨੂੰ ਅਸੀਂ ਦੌੜ ਕੇ ਤਾਕੀਆਂ ਖੋਲੀਆਂ, ਇਕ ਤਾਕੀ ਨਾ ਖੁੱਲਣ ਕਰਕੇ ਟਰੈਕਟਰ 'ਤੇ ਰੱਖੇ ਅਸੀਂ ਇਕ ਰਾਡ ਨਾਲ ਉਸਦਾ ਸ਼ੀਸ਼ਾ ਵੀ ਭੰਨਿਆ, ਜਿਸ ਵਿਚੋਂ ਅਮਨਦੀਪ ਕੌਰ ਨਾਂਅ ਦੀ ਬੱਚੀ ਨਿਕਲੀ, ਜੋ ਕਿ ਪੂਰੀ ਤਰ੍ਹਾਂ ਬੋਖਲਾਈ ਹੋਈ ਸੀ
ਅਤੇ ਡਰ ਦੇ ਮਾਰ ਥਰ-ਥਰ ਕੰਬ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੇ ਚੱਲਦਿਆਂ ਮੇਰੇ ਸਾਥੀ ਸੁਰਜੀਤ ਸਿੰਘ ਔਜਲਾ, ਕੁਲਵਿੰਦਰ ਸਿੰਘ ਨਿੱਕਾ, ਗੁਰਦੀਪ ਸਿੰਘ ਅਤੇ ਉਕਤ ਨਿਜੀ ਸਕੂਲ ਦਾ ਇਕ ਅਧਿਆਪਕ ਰਣਧੀਰ ਸਿੰਘ, ਜੋ ਕਿ ਸਕੂਲ ਵਿਚੋਂ ਭੱਜ ਕੇ ਆਇਆ ਸੀ ਅਤੇ ਵੈਨ ਡਰਾਇਵਰ (ਦਲਵੀਰ ਸਿੰਘ) ਜਿਸ ਦਾ ਅਸੀਂ ਨਾਮ ਨਹੀਂ ਜਾਣਦੇ, ਨੇ ਕਾਹਲੀ ਨਾਲ ਬੱਚਿਆਂ ਨੂੰ ਬਾਹਰ ਕੱਢਿਆ, ਪਰੰਤੂ ਮ੍ਰਿਤਕ ਚਾਰ ਬੱਚਿਆਂ ਨੂੰ ਅੱਗ ਨੇ ਪੂਰੀ ਤਰ੍ਹਾਂ ਆਪਣੀ ਗ੍ਰਿਫਤ ਵਿਚ ਲੈ ਲਿਆ ਸੀ,
ਜਿਨ੍ਹਾਂ ਨੂੰ ਬਚਾਉਣ ਲਈ ਅਸੀਂ ਅਤੇ ਸਕੂਲ ਅਧਿਆਪਕ ਰਣਧੀਰ ਸਿੰਘ ਨੇ ਪੂਰੀ ਬਹਾਦਰੀ ਨਾਲ ਨਾਕਾਮ ਕੋਸ਼ਿਸ਼ਾਂ ਵੀ ਕੀਤੀਆਂ, ਜਿਸ ਕਰਕੇ ਉਹ ਆਪ ਵੀ ਬੁਰੀ ਤਰ੍ਹਾਂ ਝੁਲਸ ਗਿਆ ਸੀ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਸਾਡੀ ਅਮਨਦੀਪ ਕੌਰ ਬੱਚੀ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਰੰਜਿਸ਼ ਨਹੀਂ ਅਤੇ ਸਾਨੂੰ ਅਫਸੋਸ ਹੈ ਕਿ ਚਾਰ ਮਾਸੂਮ ਬੱਚੇ, ਜੋ ਕਿ ਪੂਰੀ ਤਰ੍ਹਾਂ ਹੱਸਣਾ-ਖੇਡਣਾ ਵੀ ਨਹੀਂ ਸਿੱਖੇ ਸਨ, ਨੂੰ ਅਸੀਂ ਬਚਾ ਨਾ ਸਕੇ, ਉਨ੍ਹਾਂ ਦੀ ਇਸ ਦੁੱਖਦਾਈ ਮੌਤ 'ਤੇ ਸਿਆਸਤ ਕਰਨ ਦੀ ਬਜਾਏ ਅਫਸੋਸ ਕੀਤਾ ਜਾਣਾ ਚਾਹੀਦਾ ਹੈ
ਅਤੇ ਜੇਕਰ ਅੱਠ ਬੱਚਿਆਂ ਨੂੰ ਬਚਾਉਣ ਵਿਚ ਕਿਸੇ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ, ਤਾਂ ਉਹ ਸਕੂਲ ਦੇ ਅਧਿਆਪਕ ਰਣਧੀਰ ਸਿੰਘ ਅਤੇ ਮੇਰੇ ਨਾਲ ਦੇ ਸਾਥੀ ਹਨ। ਇਸ ਮੌਕੇ ਕੇਸਰ ਸਿੰਘ ਔਜਲਾ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਅਸੀਂ ਹੀ ਜਿਲ੍ਹਾ ਪ੍ਰਸ਼ਾਸਨ ਅਤੇ ਉਚ ਅਧਿਕਾਰੀਆਂ ਤੱਕ ਫੋਨ ਕਰਕੇ ਇਸ ਅਤਿ ਦੁੱਖਦਾਈ ਘਟਨਾ ਦੀ ਜਾਣਕਾਰੀ ਦਿੱਤੀ ਸੀ।