ਅੰਮ੍ਰਿਤਸਰ ਏਅਰਪੋਰਟ 'ਤੇ ਮਿਲੇ ਉੱਲੀ ਲੱਗੇ ਲੱਡੂ: NRI ਨੇ ਤਸਵੀਰਾਂ ਖਿੱਚ ਕੇ ਅਧਿਕਾਰੀਆਂ ਨੂੰ ਭੇਜੀ ਸ਼ਿਕਾਇਤ

ਏਜੰਸੀ

ਖ਼ਬਰਾਂ, ਪੰਜਾਬ

ਅਮਰੀਕਾ ਪਰਤਦੇ ਸਮੇਂ ਦੁਕਾਨ ਤੋਂ ਖਰੀਦੇ ਸਨ ਲੱਡੂ,  ਦੁਕਾਨਦਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ 

Punjab News

ਅੰਮ੍ਰਿਤਸਰ : ਅੰਮ੍ਰਿਤਸਰ ਹਵਾਈ ਅੱਡੇ 'ਤੇ ਵਿਦੇਸ਼ ਤੋਂ ਆਏ ਇੱਕ ਐਨਆਰਆਈ ਨੂੰ ਉੱਲੀ ਲੱਗੇ ਲੱਡੂ ਹੀ ਪੈਕ ਕਰ ਕੇ ਦੇ ਦਿੱਤੇ ਗਏ। ਫਲਾਈਟ ਦੇ ਦਿੱਲੀ ਲੈਂਡ ਹੋਣ ਤੋਂ ਬਾਅਦ ਜਦੋਂ ਉਸ ਨੇ ਡੱਬਾ ਖੋਲ੍ਹਿਆ ਤਾਂ ਉਸ ਲੱਡੂਆਂ ਦੇ ਡੱਬੇ 'ਚ ਉੱਲੀ ਲੱਗੀ ਹੋਈ ਸੀ। ਜਿਸ ਤੋਂ ਬਾਅਦ ਹੁਣ NRI ਨੇ ਅੰਮ੍ਰਿਤਸਰ ਏਅਰਪੋਰਟ ਅਥਾਰਟੀ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੂੰ ਸ਼ਿਕਾਇਤ ਭੇਜੀ ਹੈ।

ਦਰਅਸਲ ਬੀਤੇ ਦਿਨੀਂ ਅਮਰੀਕਾ ਦੇ ਸੈਨ ਜੋਸ ਦੇ ਰਹਿਣ ਵਾਲੇ ਐੱਨ.ਆਰ.ਆਈ.ਵਿਜੀ ਅੰਮ੍ਰਿਤਸਰ ਦੌਰੇ 'ਤੇ ਆਏ ਸਨ। ਅੰਮ੍ਰਿਤਸਰ ਤੋਂ ਵਾਪਸ ਆਉਂਦੇ ਸਮੇਂ ਵਿੱਜੀ ਨੇ ਅੰਮ੍ਰਿਤਸਰ ਏਅਰਪੋਰਟ 'ਤੇ ਮਸ਼ਹੂਰ ਮਿਠਾਈ ਦੀ ਦੁਕਾਨ ਬਾਬਾ ਟੀ ਸਟਾਲ ਤੋਂ ਲੱਡੂਆਂ ਦਾ ਡੱਬਾ ਖਰੀਦਿਆ। ਇਸ ਤੋਂ ਬਾਅਦ ਉਹ ਦਿੱਲੀ ਆ ਗਈ। ਜਿੱਥੇ ਉਹ ਕੁਝ ਸਮਾਂ ਰੁਕੇ। ਇੱਥੇ ਵਿਜੀ ਨੇ ਖਾਣ ਲਈ ਮਠਿਆਈ ਦਾ ਡੱਬਾ ਖੋਲ੍ਹਿਆ, ਪਰ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਦੇਖਿਆ ਕਿ ਮਠਿਆਈ ਦਾ ਡੱਬਾ ਉੱਲੀ ਨਾਲ ਭਰਿਆ ਹੋਇਆ ਹੈ।

ਉਸੇ ਸਮੇਂ, ਉਸ ਨੇ ਉਕਤ ਲੱਡੂਆਂ ਦੇ ਡੱਬੇ ਦੀ ਤਸਵੀਰ ਖਿੱਚ ਲਈ ਅਤੇ ਆਪਣੀ ਸ਼ਿਕਾਇਤ ਅੰਮ੍ਰਿਤਸਰ ਏਅਰਪੋਰਟ ਅਤੇ FSSAI ਨੂੰ ਭੇਜ ਦਿੱਤੀ ਹੈ। ਵਿਜੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਰੀਬ 6 ਘੰਟੇ ਪਹਿਲਾਂ ਹੀ ਇਹ ਡੱਬਾ ਖਰੀਦਿਆ ਸੀ।

ਵਿਜੀ ਦੀ ਸ਼ਿਕਾਇਤ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਕੋਲ ਵੀ ਪਹੁੰਚੀ। ਔਜਲਾ ਨੇ ਵੀ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਐਨਆਰਆਈ ਨਾਲ ਅਜਿਹਾ ਹੋ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ। ਇਸ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਅਜਿਹੀ ਗਲਤੀ ਦੁਬਾਰਾ ਨਾ ਹੋਵੇ। ਇਸ ਨਾਲ ਦੇਸ਼ ਦਾ ਨਾਂ ਵਿਦੇਸ਼ਾਂ ਵਿਚ ਖਰਾਬ ਹੋਵੇਗਾ।

ਏਅਰਪੋਰਟ ਡਾਇਰੈਕਟਰ ਵੀਕੇ ਸੇਠ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਵੀ ਆਇਆ ਹੈ। ਇਹ ਨਿੱਜੀ ਸਟਾਲ ਹਨ। ਸ਼ਿਕਾਇਤ ਮਿਲਦੇ ਹੀ ਬਾਬਾ ਟੀ ਸਟਾਲ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੈ। ਉਸ ਦਾ ਜਵਾਬ ਆਉਣਾ ਅਜੇ ਬਾਕੀ ਹੈ। ਜਾਂਚ 'ਚ ਜੋ ਵੀ ਗਲਤ ਪਾਇਆ ਗਿਆ, ਉਸ 'ਤੇ ਕਾਰਵਾਈ ਕੀਤੀ ਜਾਵੇਗੀ।