ਪਾਕਿਸਤਾਨ ਨੇ ਦੋ ਪਿੰਡਾਂ ਦੇ ਵਾਸੀਆਂ ਨੂੰ ਘਰ ਤੇ ਜ਼ਮੀਨ ਖ਼ਾਲੀ ਕਰਨ ਦੇ ਹੁਕਮ ਦਿੱਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦਵਾਰਾ ਸਾਹਿਬ ਦੇ ਨੇੜੇ 30 ਏਕੜ ਜ਼ਮੀਨ 'ਤੇ ਕੋਈ ਉਸਾਰੀ ਨਹੀਂ ਹੋਵੇਗੀ

Kartarpur corridor

ਚੰਡੀਗੜ੍ਹ : ਕਰਤਾਰਪੁਰ ਲਾਂਘੇ ਦੀ ਉਸਾਰੀ ਸਿਲਸਿਲੇਵਾਰ ਅੱਗੇ ਵਧਣ ਲੱਗ ਪਈ ਹੈ ਤੇ ਇੰਜ ਲੱਗਣ ਲੱਗ ਪਿਆ ਹੈ ਕਿ ਛੇਤੀ ਹੀ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਸਥਾਨ ਦੇ ਦਰਸ਼ਨ ਹੋਣ ਲੱਗ ਪੈਣਗੇ। ਕਰਤਾਰਪੁਰ ਲਾਂਘੇ ਲਈ ਜ਼ੀਰੋ ਲਾਈਨ ਤਕ ਉਸਾਰੇ ਜਾਣ ਵਾਲੇ ਰਸਤੇ ਨੂੰ ਅੰਤਮ ਛੋਹਾਂ ਦੇਣ ਲਈ ਬੀਤੇ ਕਲ ਭਾਰਤ-ਪਾਕਿ ਅਧਿਕਾਰੀਆਂ ਦੀ ਇਕ ਉੱਚ ਪੱਧਰੀ ਮੀਟਿੰਗ ਹੋ ਚੁੱਕੀ ਹੈ ਜਿਸ ਦੌਰਾਨ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਵਲੋਂ ਰਸਤੇ ਦਰਮਿਆਨ ਆ ਰਹੀਆਂ ਕੁੱਝ ਤਕਨੀਕੀ ਰੁਕਾਵਟਾਂ ਸਬੰਧੀ ਵਿਸਥਾਰ 'ਚ ਚਰਚਾ ਕੀਤੀ ਗਈ। ਮੀਟਿੰਗ 'ਚ ਹਿੱਸਾ ਲੈਣ ਲਈ ਪਾਕਿਸਤਾਨ ਵਲੋਂ 12 ਅਧਿਕਾਰੀਆਂ ਦੀ ਟੀਮ ਜ਼ੀਰੋ ਪੁਆਇੰਟ 'ਤੇ ਪਹੁੰਚੀ, ਜਦਕਿ ਭਾਰਤ ਵਲੋਂ 17 ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਮੀਟਿੰਗ ਦੌਰਾਨ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਆਪਸੀ ਸਹਿਮਤੀ ਨਾਲ ਸਰਵੇ ਵਿਭਾਗ ਵਲੋਂ ਲਾਂਘੇ ਦੇ ਰਸਤੇ ਦੀ ਪੈਮਾਇਸ਼ ਕੀਤੀ ਗਈ ਤੇ ਕਰੀਬ 200 ਫ਼ੁੱਟ ਚੌੜੀ ਸੜਕ ਦਾ ਸੈਂਟਰ ਪੁਆਇੰਟ ਕੱਢ ਕੇ ਇਸ ਦੀ ਨਿਸ਼ਾਨਦੇਹੀ ਕੀਤੀ ਗਈ ਤੇ ਇਸ ਦੇ ਆਲੇ ਦੁਆਲੇ ਝੰਡੀਆਂ ਲਗਾਈਆਂ ਗਈਆਂ।  

ਭਾਵੇਂ ਕਿ ਦੋਹਾਂ ਦੇਸ਼ਾਂ ਵਿਚਾਲੇ ਕਰਤਾਰਪੁਰ ਲਾਂਘੇ ਸਬੰਧੀ ਕਾਫ਼ੀ ਨੁਕਤਿਆਂ 'ਤੇ ਸਹਿਮਤੀ ਬਣ ਗਈ ਹੈ, ਪਰ ਕੁੱਝ ਮੁੱਦਿਆਂ 'ਤੇ ਦੋਹਾਂ ਮੁਲਕਾਂ ਵਿਚਕਾਰ ਅਜੇ ਵੀ ਸਮਝੌਤਾ ਨਹੀਂ ਹੋ ਸਕਿਆ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਦੇ ਸੱਭ ਨਾਗਰਿਕ ਨਹੀਂ ਸਗੋਂ ਸਿਰਫ਼ ਸਿੱਖ ਭਾਈਚਾਰੇ ਦੇ ਲੋਕ ਹੀ ਇਸ ਲਾਂਘੇ ਦੀ ਮਾਰਫ਼ਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ, ਜਦਕਿ ਭਾਰਤ ਦਾ ਕਹਿਣਾ ਹੈ ਕਿ ਹਰ ਧਰਮ ਦੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੀ ਖੁਲ੍ਹ ਹੋਵੇ।  ਹਰ ਇਕ ਸਿੱਖ ਦਾ ਸੋਚਣਾ ਹੈ ਕਿ ਬਾਬਾ ਨਾਨਕ ਤਾਂ ਸੱਭ ਦੇ ਸਾਂਝੇ ਹਨ ਇਸ ਲਈ ਉਨ੍ਹਾਂ ਦੀ ਚਰਨ ਛੋਹ ਧਰਤੀ ਦੇ ਦਰਸ਼ਨਾਂ ਲਈ ਹਰ ਇਕ ਨੂੰ ਖੁਲ੍ਹ ਹੋਣੀ ਚਾਹੀਦੀ ਹੈ।  

ਮੀਟਿੰਗ 'ਚ ਇਕ ਅਹਿਮ ਫ਼ੈਸਲਾ ਇਹ ਹੋਇਆ ਕਿ 9868 ਵਰਗ ਫੁੱਟ 'ਚ ਬਣੇਗਾ ਕਰਤਾਰਪੁਰ ਸਾਹਿਬ ਪਾਕਿਸਤਾਨ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦੇ ਚਲਦਿਆਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਸ੍ਰੀ ਕਰਤਾਰਪੁਰ ਸਾਹਿਬ) ਤੋਂ ਥੋੜ੍ਹੀ ਦੂਰੀ 'ਤੇ ਬਣਾਏ ਜਾ ਰਹੇ ਸਰੋਵਰ ਦੇ ਨਿਰਮਾਣ ਦੀ ਜ਼ਿੰਮੇਵਾਰੀ ਲਾਹੌਰ ਦੀ ਵੇਵਜ਼ ਐਸੋਸੀਏਟ ਕੰਪਨੀ ਨੂੰ ਸੌਂਪੀ ਗਈ ਹੈ। ਇਸ ਕੰਪਨੀ ਦੇ ਪ੍ਰਬੰਧਕਾਂ ਅਨੁਸਾਰ 9868 ਵਰਗ ਫੁੱਟ 'ਚ ਉਸਾਰੇ ਜਾਣ ਵਾਲੇ ਸਰੋਵਰ ਦੇ ਅੱਧੇ ਹਿੱਸੇ 'ਚ ਪੁਰਸ਼ਾਂ ਅਤੇ ਬਾਕੀ ਰਹਿੰਦੇ ਹਿੱਸੇ 'ਚ ਮਹਿਲਾਵਾਂ ਦੇ ਇਸ਼ਨਾਨ ਦਾ ਪ੍ਰਬੰਧ ਕੀਤਾ ਜਾਵੇਗਾ। ਸਰੋਵਰ 'ਚ ਬਕਾਇਦਾ ਜਲ ਸਾਫ਼ ਰੱਖਣ ਵਾਲਾ ਪਲਾਂਟ ਵੀ ਲਗਾਇਆ ਜਾ ਰਿਹਾ ਹੈ।  

ਉਧਰ ਪਤਾ ਲੱਗਾ ਹੈ ਕਿ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਕੋਠੇ ਖ਼ੁਰਦ ਤੇ ਡੋਡੇ ਦੇ ਵਸਨੀਕਾਂ ਨੂੰ ਪਾਕਿ ਸਰਕਾਰ ਨੇ ਜ਼ਮੀਨਾਂ ਖ਼ਾਲੀ ਕਰਨ ਦੇ ਹੁਕਮ ਦਿਤੇ ਹਨ ਤਾਕਿ ਲਾਂਘੇ ਵਿਚ ਕੋਈ ਅੜਚਨ ਨਾ ਆਵੇ। ਦੋਹਾਂ ਪਿੰਡਾਂ ਦੇ ਵਾਸੀਆਂ ਨੇ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ ਵੀ ਕੀਤਾ। ਇਨ੍ਹਾਂ ਲੋਕਾਂ ਨੇ ਦੋਸ਼ ਲਾਇਆ ਹੈ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸਹੂਲਤ ਦੇਣ ਹਿਤ ਲਗਭਗ 600 ਪਿੰਡ ਵਾਸੀਆਂ ਨੂੰ ਜ਼ਬਰਦਸਤੀ ਉਨ੍ਹਾਂ ਦੇ ਘਰਾਂ ਜ਼ਮੀਨਾਂ ਤੋਂ ਹਟਾਇਆ ਜਾ ਰਿਹਾ ਹੈ। ਪਿੰਡ ਕੋਠੇ ਖ਼ੁਰਦ ਦੇ ਕਿਸਾਨ ਮੁਹੰਮਦ ਅਫ਼ਜ਼ਲ, ਹਾਜੀ ਅਰਸ਼ਦ, ਕਰਾਮਤ ਉੱਲਾ ਅਤੇ ਡੋਡੇ ਪਿੰਡ ਦੇ ਨਿਵਾਸੀ ਖ਼ਾਲਕ ਅਹਿਮਦ ਅਨੁਸਾਰ ਉਨ੍ਹਾਂ ਦੇ ਵਡੇਰੇ ਸੰਨ 1947 ਦੀ ਵੰਡ ਤੋਂ ਪਹਿਲਾਂ ਦੇ ਪਿੰਡ 'ਚ ਆਬਾਦ ਹਨ ਅਤੇ ਹਾਲ ਹੀ 'ਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਪਹਿਲਾਂ ਉਨ੍ਹਾਂ ਪਾਸੋਂ ਉਨ੍ਹਾਂ ਦੀ ਖੇਤੀਬਾੜੀ ਵਾਲੀ ਜ਼ਮੀਨ ਖ਼ਾਲੀ ਕਰਵਾਈ ਹੈ ਅਤੇ ਹੁਣ ਘਰ ਖ਼ਾਲੀ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ।

ਦੂਜੇ ਪਾਸੇ ਪਾਕਿਸਤਾਨ 'ਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਆਲੇ-ਦੁਆਲੇ ਦੀ 30 ਏਕੜ ਜ਼ਮੀਨ 'ਤੇ ਕੋਈ ਨਿਰਮਾਣ ਨਹੀਂ ਹੋਵੇਗਾ। ਨਵਜੋਤ ਸਿੱਧੂ ਦੀ ਅਪੀਲ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਹ ਰੋਕ ਲਾਈ ਹੈ। ਇਮਰਾਨ ਖ਼ਾਨ ਨੇ ਕਰਤਾਰਪੁਰ ਲਾਂਘੇ ਦੇ ਪ੍ਰੋਜੈਕਟ ਲਈ ਵਿਸ਼ੇਸ਼ ਮੀਟਿੰਗ ਸੱਦੀ ਹੈ। ਇਮਰਾਨ ਦੀ ਇਸ ਪਹਿਲ ਦੀ ਦੁਨੀਆਂ ਭਰ ਦੇ ਲੋਕ ਤਾਰੀਫ਼ ਕਰ ਰਹੇ ਹਨ।