ਸ਼ਹੀਦ ਕਰਮਜੀਤ ਸਿੰਘ ਦੇ ਪਰਿਵਾਰ ਨੂੰ ਮਿਲੇਗੀ 12 ਲੱਖ ਦੀ ਵਿੱਤੀ ਮਦਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਰਾਹਤ ਵਿਚ 7 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ 5 ਲੱਖ ਰੁਪਏ ਜ਼ਮੀਨ ਦੇ ਬਦਲੇ ਦਿੱਤੇ ਗਏ ਹਨ

Amarinder Singh

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ  ਜੰਮੂ-ਕਸ਼ਮੀਰ ਦੇ ਰਾਜ਼ੋਰੀ ਜ਼ਿਲ੍ਹੇ ਵਿਚ ਪਾਕਿਸਤਾਨੀ ਫ਼ੌਜ ਵੱਲੋਂ ਅਸਲ ਕਬਜ਼ੇ ਵਾਲੀ ਰੇਖਾ ਦੀ ਉਲੰਘਣਾ ਕਰਕੇ ਕੀਤੀ ਗੋਲੀਬਾਰੀ ਦੇ ਕਾਰਨ ਸ਼ਹੀਦ ਹੋਏ ਸਿਪਾਹੀ ਕਰਮਜੀਤ ਸਿੰਘ ਦੇ ਪਰਿਵਾਰ ਨੂੰ 12 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਲਈ ਰੱਖਿਆ ਸੇਵਾਵਾਂ ਭਲਾਈ ਵਿਭਾਗ ਨੂੰ ਹੁਕਮ ਜਾਰੀ ਕਰ ਦਿੱਤੇ ਹਨ।

ਜਾਣਕਾਰੀ ਮੁਤਾਬਕ ਇਸ ਰਾਹਤ ਵਿਚ 7 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ 5 ਲੱਖ ਰੁਪਏ ਜ਼ਮੀਨ ਦੇ ਬਦਲੇ ਦਿੱਤੇ ਗਏ ਹਨ ਜੋ ਕਿ ਸਰਕਾਰ ਦੀ ਮੌਜੂਦਾ ਨੀਤੀ ਦੇ ਅਨੁਸਾਰ ਸ਼ਹੀਦ ਦੇ ਵਾਰਸਾਂ ਨੂੰ ਦਿੱਤੇ ਜਾਂਦੇ ਹਨ। ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਕਾਰਨ ਮੋਗਾ ਦੇ ਕਰਮਜੀਤ ਸਿੰਘ ਦੀ ਹੋਈ ਮੌਤ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਟਵੀਟ ਕਰਕੇ ਦੁੱਖ ਅਤੇ ਗੁੱਸਾ ਪ੍ਰਗਟ ਕੀਤਾ।

ਉਨਾਂ ਲਿਖਿਆ, ‘‘ਪਾਕਿਸਤਾਨ ਵਾਰ-ਵਾਰ ਜੰਗਬੰਦੀ ਦੀ ਉਲੰਘਣਾ ਕਰਕੇ ਸਾਰੇ ਅੰਤਰਰਾਸ਼ਟਰੀ ਸਿਧਾਂਤਾਂ ਅਤੇ ਮਨੁੱਖੀ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ। ਪਾਕਿਸਤਾਨ ਦੀ ਗੋਲੀਬਾਰੀ ਕਾਰਨ ਪੰਜਾਬ ਨੇ ਮੋਗਾ ਦੇ ਇੱਕ ਹੋਰ ਨੌਜਵਾਨ ਫ਼ੌਜੀ ਨੂੰ ਗੁਆ ਦਿੱਤਾ ਹੈ। ਮੇਰੀ ਸੰਵੇਦਨਾ ਕਰਮਜੀਤ ਸਿੰਘ ਦੇ ਪਰਿਵਾਰ ਨਾਲ ਹੈ।’’