ਭਗਵੰਤ ਮਾਨ ਨੇ ਉਠਾਇਆ ਪੰਜਾਬ ਦੀਆਂ 'ਖ਼ੂਨੀ' ਸੜਕਾਂ ਦਾ ਮੁੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦਿਤਾ ਹੱਲ ਕਰਨ ਦਾ ਭਰੋਸਾ

Photo

ਚੰਡੀਗੜ: ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੀਆਂ 'ਖ਼ੂਨੀ ਸੜਕਾਂ' ਦਾ ਮੁੱਦਾ ਸੰਸਦ 'ਚ ਉਠਾਉਂਦਿਆਂ ਕਿਹਾ ਕਿ ਦੇਸ਼ ਭਰ 'ਚ ਪੰਜਾਬ ਇਕ ਅਜਿਹਾ ਸੂਬਾ ਹੈ, ਜਿਥੇ ਰੋਜ਼ਾਨਾ ਦਰਜਨਾਂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਮਾਲੀ ਨੁਕਸਾਨ ਦੇ ਨਾਲ-ਨਾਲ ਕੀਮਤੀ ਜਾਨਾਂ ਵੀ ਜਾਂਦੀਆਂ ਹਨ, ਕਿਉਂਕਿ ਪੰਜਾਬ ਵਿੱਚ ਬਹੁਤੀ ਸੜਕਾਂ ਦੀ ਸਥਿਤੀ ਤਕਨੀਕੀ ਤੌਰ 'ਤੇ ਠੀਕ ਨਹੀਂ ਹੈ।

ਭਗਵੰਤ ਮਾਨ ਨੇ ਸੰਸਦ 'ਚ ਬੋਲਦਿਆਂ ਕਿਹਾ ਕਿ ਜਦੋਂ ਪ੍ਰਸਿੱਧ ਕਲਾਕਾਰ ਜਸਪਾਲ ਭੱਟੀ ਦੀ ਸੜਕ ਹਾਦਸੇ 'ਚ ਮੌਤ ਹੋਈ ਸੀ ਤਾਂ ਸਰਕਾਰ ਨੇ ਪੰਜਾਬ ਵਿਚ 138 'ਬਲੈਕ ਸਪੋਟਾਂ' ਦੀ ਪਹਿਚਾਣ ਕੀਤੀ ਸੀ ਤਾਕਿ ਇਨ੍ਹਾਂ 'ਬਲੈਕ ਸਪੋਟਾਂ' ਨੂੰ ਦਰੁਸਤ ਕਰ ਕੇ ਰੋਜ਼ਾਨਾ ਹੁੰਦੇ ਸੜਕ ਹਾਦਸਿਆਂ ਵਿਚ ਕਮੀ ਲਿਆਂਦੀ ਜਾ ਸਕੇ, ਪਰੰਤੂ ਅਫ਼ਸੋਸ ਪੰਜਾਬ ਸਰਕਾਰ ਨੇ ਉਕਤ 'ਬਲੈਕ ਸਪੋਟਾਂ' ਦੀ ਪਹਿਚਾਣ ਕਰ ਕੇ ਉਨ੍ਹਾਂ ਨੂੰ ਦਰੁਸਤ ਕਰਨ ਦੀ ਬਜਾਏ ਗਿਣਤੀ ਕਰ ਕੇ ਹੀ ਛੱਡ ਦਿਤਾ ਗਿਆ।

ਮਾਨ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੂੰ ਸੜਕ ਹਾਦਸੇ ਵਿਚ ਜਾਨਾਂ ਗਵਾਉਣ ਵਾਲੇ ਪਰਵਾਰਾਂ ਦੀ ਬਿਲਕੁਲ ਵੀ ਚਿੰਤਾ ਨਹੀਂ ਹੈ। ਮਾਨ ਨੇ ਕਿਹਾ ਕਿ ਅਜਿਹਾ ਇਕ ਦਿਨ ਵੀ ਨਹੀਂ ਲੰਘਦਾ, ਜਿਸ ਦਿਨ ਸੜਕ ਹਾਦਸੇ ਵਿਚ ਕਿਸੇ ਦੀ ਜਾਨ ਨਾ ਗਈ ਹੋਵੇ। ਆਏ ਦਿਨ ਲੋਕ ਖਸਤਾ ਹਾਲ ਅਤੇ ਖਤਰਨਾਕ ਮੋੜਾਂ ਵਾਲੀਆਂ ਸੜਕਾਂ 'ਤੇ ਅਪਣੀ ਕੀਮਤੀ ਜਾਨਾਂ ਗੁਆ ਰਹੇ ਹਨ।

ਮਾਨ ਨੇ ਕਿਹਾ ਕਿ ਮੇਰੇ 4 ਕਰੀਬੀ ਦੋਸਤਾਂ ਨੇ ਵੀ ਸੜਕਾਂ 'ਤੇ ਘੁੰਮ ਰਹੇ ਆਵਾਰਾ ਪਸ਼ੂਆਂ ਕਾਰਨ ਅਪਣੀਆਂ ਕੀਮਤੀ ਜਾਨਾਂ ਗਵਾ ਦਿਤੀਆਂ ਹਨ। ਮਾਨ ਨੇ ਪੰਜਾਬ ਦੀਆਂ ਖ਼ੂਨੀ ਸੜਕਾਂ ਵਲ ਸੂਬਾ ਅਤੇ ਕੇਂਦਰ ਸਰਕਾਰ ਦਾ ਧਿਆਨ ਦਿਵਾਉਂਦਿਆਂ ਅਪੀਲ ਕੀਤੀ ਕਿ ਜਲਦ ਹੀ ਖ਼ੂਨੀ ਅਤੇ ਖ਼ਤਰਨਾਕ ਮੋੜ ਵਾਲੀਆਂ ਸੜਕਾਂ ਨੂੰ ਦਰੁਸਤ ਕੀਤਾ ਜਾਵੇ ਤਾਂ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।

ਇਸ ਦੌਰਾਨ ਸੰਸਦ 'ਚ ਮੌਜੂਦ ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਭਗਵੰਤ ਮਾਨ ਵਲੋਂ ਉਠਾਏ ਪੰਜਾਬ ਦੀਆਂ ਖ਼ੂਨੀ ਸੜਕਾਂ ਦੀ ਸਮੱਸਿਆ ਦਾ ਜਲਦ ਹੱਲ ਕਰਨ ਦਾ ਭਰੋਸਾ ਦਿਤਾ।