ਅਕਾਲੀ ਉਮੀਦਵਾਰ ਮਹੇਸ਼ਇੰਦਰ ਗਰੇਵਾਲ ਨੇ ਵਿਕਾਸ ਦੇ ਮੁੱਦੇ ‘ਤੇ ਵਿਰੋਧੀਆਂ ਨੂੰ ਘੇਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਗਠਜੋੜ ਨੇ ਆਪਣੀ ਸਰਕਾਰ ਵੇਲੇ ਸੂਬੇ 'ਚ ਫਿਰਕੂ ਸਦਭਾਵਨਾ ਯਕੀਨੀ ਬਣਾਈ ਹੈ।

Mahesh Inder Singh Grewal

ਲੁਧਿਆਣਾ: ਲੁਧਿਆਣਾ ਤੋਂ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਗਠਜੋੜ ਨੇ ਆਪਣੀ ਸਰਕਾਰ ਵੇਲੇ ਸੂਬੇ 'ਚ ਫਿਰਕੂ ਸਦਭਾਵਨਾ ਯਕੀਨੀ ਬਣਾਈ ਹੈ, ਜਦਕਿ ਕਾਂਗਰਸ ਨੇ ਹਮੇਸ਼ਾ ਵੰਡੀ ਹੋਈ ਰਾਜਨੀਤੀ ਕੀਤੀ ਹੈ ਅਤੇ ਹੁਣ ਵੀ ਪੰਜਾਬ ਦਾ ਬੁਰਾ ਹਾਲ ਕਰ ਦਿੱਤਾ ਹੈ।

ਉਨ੍ਹਾਂ ਨੇ ਕਿਹਾ, "ਅੱਜ ਵੀ ਜਦੋਂ ਕਾਂਗਰਸ ਸੂਬੇ ਦੀ ਸੱਤਾ 'ਚ ਹੈ ਤਾਂ ਉਹ ਉਨ੍ਹਾਂ ਮੁੱਦਿਆਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਸਿਰਫ ਲੋਕਾਂ ਨੂੰ ਵੰਡਣ ਵਾਲੇ ਹਨ ਅਤੇ ਕਾਂਗਰਸ ਲੋਕਾਂ ਨੂੰ ਕਦੇ ਇਕਜੁੱਟ ਨਹੀਂ ਕਰ ਸਕਦੀ। ਸ਼ਹਿਰ ਵਿਚ ਆਪਣੇ ਚੋਣ ਪ੍ਰਚਾਰ ਦੌਰਾਨ ਕਈ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਗਰੇਵਾਲ ਨੇ ਲੋਕਾਂ ਨੂੰ ਅਕਾਲੀ-ਭਾਜਪਾ ਨੂੰ ਵੋਟ ਦੇਣ ਦੀ ਅਪੀਲ ਕੀਤੀ, ਉਹਨਾਂ ਕਿਹਾ ਕਿ ਇਹ ਰਾਜ ਅਤੇ ਦੇਸ਼ ਦੇ ਸਰਵੋਤਮ ਹਿੱਤ ਲਈ ਹੋਵੇਗਾ।

 

ਅਕਾਲੀ ਨੇਤਾ ਨੇ ਕਿਹਾ ਕਿ ਕਾਂਗਰਸ ਨੇ ਕਰਜ਼ਾ ਮਾਫੀ ਦਾ ਮਹਿਜ ਡਰਾਮਾ ਕੀਤਾ ਜਦਕਿ ਬਹੁਤ ਸਾਰੇ ਕਿਸਾਨ ਹਾਲੇ ਵੀ ਕਰਜ਼ੇ ਦੇ ਬੋਝ ਹੇਠ ਦਬੇ ਹੋਏ ਹਨ ਅਤੇ ਖੁਦਕੁਸ਼ੀਆਂ ਕਰ ਰਹੇ ਹਨ। ਉਹਨਾਂ ਵਰਤਮਾਨ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਬਹਿਸ ਕਰਨ ਦੀ ਚੁਣੌਤੀ ਦਿੰਦਿਆ ਆਖਿਆ ਕਿ ਉਹ ਦੱਸਣ ਕਿ ਉਨ੍ਹਾਂ ਨੇ ਜਾਂ ਉਹਨਾਂ ਦੀ ਪਾਰਟੀ ਦੀ ਸਰਕਾਰ ਨੇ ਹਲਕੇ ਲਈ ਕੀ ਕੀਤਾ।

ਉਹਨਾਂ ਵੋਟਰਾਂ ਨੂੰ ਕਿਹਾ ਕਿ "ਜਦੋਂ 19 ਮਈ ਨੂੰ ਤੁਸੀਂ ਵੋਟ ਪਾਉਣ ਲਈ ਜਾਵੋ, ਤਾਂ ਇਸ ਗੱਲ ਨੂੰ ਧਿਆਨ ਵਿਚ ਰੱਖੋ ਕਿ ਤੁਸੀਂ ਦੇਸ਼ ਦੇ ਪ੍ਰਧਾਨਮੰਤਰੀ ਅਤੇ ਕੇਂਦਰ ਵਿਚ ਇਕ ਸਰਕਾਰ ਦੀ ਚੋਣ ਕਰਨ ਜਾ ਰਹੇ ਹੋ, ਜਿਸ ਦੇ ਹੱਥਾਂ ਵਿਚ ਦੇਸ਼ ਦੀ ਕਿਸਮਤ ਹੋਵੇਗੀ"। ਗਰੇਵਾਲ ਨੇ ਆਖਿਆ ਕਿ ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਨੇ ਤਾਂ ਹਾਲੇ ਤੱਕ ਇਹ ਵੀ ਸਪੱਸ਼ਟ ਨਹੀਂ ਕੀਤਾ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਕੌਣ ਹੋਣਗੇ ਅਤੇ ਉਨ੍ਹਾਂ ਦਾ ਵਿਕਾਸ ਏਜੰਡਾ ਕੀ ਹੈ।

ਉਹਨਾਂ ਕਾਂਗਰਸ ਦੇ ਉਮੀਦਵਾਰ ਬਿੱਟੂ 'ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਕਾਂਗਰਸੀ ਉਮੀਦਵਾਰ ਜਿੱਥੇ ਵੀ ਵੋਟ ਮੰਗਣ ਜਾਂਦੇ ਹਨ ਲੋਕ ਉਹਨਾਂ ਦਾ ਵਿਰੋਧ ਕਰਦੇ ਹਨ, ਕਿਉਂਕਿ ਪਿਛਲੇ ਪੰਜ ਸਾਲਾਂ ਦੌਰਾਨ ਉਹਨਾਂ ਨੇ ਆਪਣੇ ਹਲਕਿਆਂ ਦਾ ਕੋਈ ਵਿਕਾਸ ਨਹੀਂ ਕਰਵਾਇਆ। ਅਕਾਲੀ ਆਗੂ ਨੇ ਦੋਸ਼ ਲਾਇਆ ਕਿ ਬਿੱਟੂ ਨੂੰ ਇਹ ਜਵਾਬ ਦੇਣਾ ਮੁਸ਼ਕਿਲ ਲਗਦਾ ਹੈ ਕਿ ਉਸ ਨੇ ਕਿਸਾਨਾਂ ਦੀਆਂ ਟੈਲੀਫੋਨ ਕਾਲਾਂ ਕਿਉਂ ਨਹੀਂ ਸੁਣੀਆਂ?

ਇਸਤੋਂ ਇਲਾਵਾ ਅਕਾਲੀ ਉਮੀਦਵਾਰ ਮਹੇਸ਼ਇੰਦਰ ਗਰੇਵਾਲ ਨੇ ਪੰਜਾਬ ਡੈਮੋਕ੍ਰੇਟਿਕ ਗਠਜੋੜ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੂੰ ਵੀ ਚੁਣੌਤੀ ਦਿੱਤੀ। ਉਨ੍ਹਾਂ ਨੇ ਕਿਹਾ, "ਬੈਂਸ ਸਾਨੂੰ ਸਪੱਸ਼ਟ ਕਰਨ ਕਿ ਉਹ ਸੰਸਦ ਵਿਚ ਕੀ ਕਰਨ ਜਾ ਰਹੇ ਹਨ ਅਤੇ ਉਹ ਕਿਸ ਦੇ ਨਾਲ ਉਹ ਖੜ੍ਹੇ ਹੋਣਗੇ"।